ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ


ਇਹ ਪਵਿਤ੍ਰ ਸਥਾਨ ਗੁਰੂ ਤੇਗ ਬਹਾਦੁਰ ਜੀ ਦੇ ਮਹਾਨ ਬਲਿਦਾਨ ਦੀ ਯਾਦਗਾਰ ਹੈ, ਜਿਨ੍ਹਾਂ ਨੇ ਹਿੰਦੂ ਧਰਮ ਦੀ ਰਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦੇ ਦਿਤੀ।

ਮੁਗਲ ਬਾਦਸ਼ਾਹ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਉਨ੍ਹਾਂ ਤੇ ਜ਼ੁਲਮ ਕਰ ਰਿਹਾ ਸੀ।

ਕਸ਼ਮੀਰੀ ਪੰਡਤਾਂ ਦੇ ਨੇਤਾ ਕ੍ਰਿਪਾ ਰਾਮ ਦੀ ਅਗਵਾਈ ਹੇਠ ਪੰਜ ਸੌ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦੁਰ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਮਿਲੇ ਉਨ੍ਹਾਂ ਕੋਲੋਂ ਮਦਦ ਮੰਗੀ, ਕਿਉਂਕਿ ਸ਼ਿਵਾਜੀ ਅਤੇ ਰਾਜਪੂਤਾਂ ਨੇ ਇਸ ਮਾਮਲੇ ਵਿਚ ਮਦਦ ਕਰਨ ਤੋਂ ਆਪਣੀ ਅਸਮਰਥਤਾ ਜਾਹਿਰ ਕਰ ਦਿੱਤੀ ਸੀ।

ਉਨ੍ਹਾਂ ਦੀ ਦੁਖਭਰੀ ਫਰਿਆਦ ਸੁਣਕੇ ਗੁਰੂ ਜੀ ਨੇ ਕਿਹਾ, “ਜਾ ਕੇ ਔਰੰਗਜੇਬ ਨੂੰ ਕਹਿ ਦਿਉ, ਜੇਕਰ ਉਹ ਗੁਰੂ ਤੇਗ ਬਹਾਦੁਰ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਰਾਜੀ ਕਰ ਲੈਣ ਤਾਂ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਨ ਜਾਣਗੇ।

ਜੇ ਉਹ ਇਸ ਕੰਮ ਵਿੱਚ ਸਫਲ ਨਾ ਹੋਇਆ ਤਾਂ ਹਿੰਦੂਆਂ ਤੇ ਜ਼ੂਲਮ ਕਰਨੇ ਬੰਦ ਕਰ ਦੇਵੇ”।

ਗੁਰੂ ਜੀ ਨੇ ਸਿੰਘਾਂ ਸਮੇਤ ਆਗਰੇ ਵਿੱਚ ਗ੍ਰਿਫਤਾਰੀ ਦਿੱਤੀ ਤੇ ਉਨ੍ਹਾਂ ਨੂੰ ਬਾਅਦ ਵਿੱਚ ਦਿੱਲੀ ਲਿਆਂਦਾ ਗਿਆ।

ਜਦੋਂ ਔਰੰਗਜੇਬ ਗੁਰੂ ਜੀ ਨੂੰ ਇਸਲਾਮ ਨੀਤੀ ਬਾਰੇ ਪ੍ਰਭਾਵਿਤ ਨਾ ਕਰ ਸਕਿਆ ਤਾਂ ਉਸਨੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਨੂੰ ਗੁਰੂ ਜੀ ਸਾਹਮਣੇ ਸ਼ਹੀਦ ਕਰ ਦਿਤਾ।

ਫਿਰ ਵੀ ਗੁਰੂ ਜੀ ਤੇ ਕੋਈ ਪ੍ਰਭਾਵ ਨਹੀ ਪਿਆ ਤਾਂ ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।

Disclaimer Privacy Policy Contact us About us