ਗੁਰਦੁਆਰਾ ਪਾਤਸ਼ਾਹੀ ਦਸਵੀਂ, ਨਾਦੌਣ


ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਸਾਮਰਾਜ ਦੇ ਜ਼ੁਲਮੀ ਰਾਜ ਵਿਰੁੱਧ ਲੜੇ ਗਏ ਯੁੱਧ ਦੀ ਯਾਦਗਾਰ ਵਜੋਂ ਸੁਭਾਇਮਾਨ ਹੈ।

ਬਾਦਸ਼ਾਹ ਔਰੰਗਜ਼ੇਬ ਨੂੰ ਕੁਝ ਸਮੇਂ ਤੋਂ ਪਹਾੜੀ ਰਾਜੇ ਸਰਕਾਰੀ ਕਰ ਨਹੀਂ ਸਨ ਭਰ ਰਹੇ। ਸ਼ਾਹੀ ਕਰ ਦੀ ਉਗਰਾਹੀ ਵਾਸਤੇ ਔਰੰਗਜ਼ੇਬ ਨੇ ਜੰਮੂ ਦੇ ਗਵਰਨਰ ਮੀਆਂ ਖਾਂ ਨੂੰ ਹੁਕਮ ਕੀਤਾ।

ਮੀਆਂ ਖਾਂ ਨੇ ਅਲਫ਼ ਖਾਂ ਨੂੰ ਕਰ ਦੀ ਉਗਰਾਹੀ ਵਾਸਤੇ ਫੌਜਾਂ ਦੇ ਕੇ ਭੇਜਿਆ।

ਰਾਜਾ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਫੈਸਲਾ ਕੀਤਾ ਕਿ ਸ਼ਾਹੀ ਕਰ ਨਹੀਂ ਤਾਰਿਆ ਜਾਵੇਗਾ ਭਾਵੇਂ ਕਿ ਇਸ ਦਾ ਸਪਸ਼ਟ ਅਰਥ ਬਾਦਸ਼ਾਹੀ ਨਾਲ ਸਿੱਧੀ ਟੱਕਰ ਸੀ।

ਰਾਜਾ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਸ਼ਾਹੀ ਫੌਜਾਂ ਨਾਲ ਟੱਕਰ ਲੈਣ ਲਈ ਸਹਾਇਤਾ ਦੀ ਮੰਗ ਕੀਤੀ।

ਗੁਰੂ ਜੀ ਨੇ ਭੀਮ ਚੰਦ ਦੀ ਪਿਛਲੀ ਕਰਤੂਤ ਨੂੰ ਭੁਲਾ ਕੇ ਮੁਗਲ ਸੈਨਾ ਵਿਰੁੱਧ ਪਹਾੜੀ ਸਵਦੇਸ਼ੀ ਰਾਜਿਆਂ ਦੀ ਸਹਾਇਤਾ ਲਈ, ਆਪਣੇ ਬੀਰ ਬਹਾਦਰ ਯੋਧਿਆਂ ਨਾਲ ਨਾਦੌਣ ਵੱਲ ਕੂਚ ਕੀਤਾ।

22 ਚੇਤਰ ਸੰਮਤ 1747 ਮੁਤਾਬਕ 18 ਫਰਵਰੀ, 1690 ਈ: ਨੂੰ ਨਾਦੌਣ ਦੇ ਨਜ਼ਦੀਕ ਦਰਿਆ ਬਿਆਸ ਦੇ ਕਿਨਾਰੇ ਭਿਆਨਕ ਯੁੱਧ ਹੋਇਆ। ਅਲਫ਼ ਖਾਂ ਹਾਰ ਕੇ ਭੱਜ ਗਿਆ।

ਗੁਰੂ ਗੋਬਿੰਦ ਸਿੰਘ ਕੁਝ ਦਿਨ ਨਾਦੌਣ ਨਿਵਾਸ ਕਰ, ਅਨੰਦਪੁਰ ਸਾਹਿਬ ਵਾਪਸ ਆ ਗਏ।

ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦੀ ਅਮਰ ਯਾਦਗਾਰ ਵਜੋਂ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ।

ਰਾਇ ਬਹਾਦਰ ਬਸਾਖਾ ਸਿੰਘ ਨੇ 1929 ਈ: ਵਿਚ ਗੁਰਦੁਆਰੇ ਦੀ ਨਵੀਂ ਇਮਾਰਤ ਉਸਾਰੀ। ਇਸ ਅਸਥਾਨ ਦਾ ਪ੍ਰਬੰਧ ਪਹਿਲਾਂ ਲੋਕਲ ਕਮੇਟੀ ਹੀ ਕਰਦੀ ਸੀ।

1935 ਈ: ਵਿਚ ਇਹ ਇਤਿਹਾਸਕ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਆਇਆ।

ਹੁਣ ਪ੍ਰਬੰਧ ਸ਼੍ਰੋਮਣੀ ਗੁ:ਪ੍ਰ:ਕਮੇਟੀ, ਮੈਨੇਜਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰਾਹੀਂ ਕਰਦੀ ਹੈ।

ਇਸ ਅਸਥਾਨ 'ਤੇ ਪਹਿਲੀ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਸਾਲਾਨਾ ਜੋੜ ਮੇਲਾ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਹੈ।

ਇਹ ਅਸਥਾਨ ਸ਼ਹਿਰ ਨਾਦੌਣ ਜ਼ਿਲ੍ਹਾ ਹਮੀਰਪੁਰ (ਹਿਮਾਚਲ) ਵਿਖੇ, ਹੁਸ਼ਿਆਰਪੁਰ-ਨਾਦੌਣ-ਹਮੀਰਪੁਰ ਰੋਡ 'ਤੇ ਨਾਦੌਣ ਤੋਂ 1 ਕਿਲੋਮੀਟਰ ਅਤੇ ਜਵਾਲਾਮੁਖੀ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

Disclaimer Privacy Policy Contact us About us