ਗੁਰਦੁਆਰਾ, 'ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ' ਨਡਾਲਾ (ਕਪੂਰਥਲਾ)


ਗੁਰਦੁਆਰਾ, 'ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ' ਨਡਾਲਾ (ਕਪੂਰਥਲਾ) ਪੰਜਾਬ ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਧਰਤ 'ਤੇ ਸ਼ੁਭਾਇਮਾਨ ਹੈ, ਗੁਰਦੁਆਰਾ 'ਬਾਉਲੀ ਸਾਹਿਬ ਪਾਤਸ਼ਾਹੀ ਛੇਵੀਂ' ਨਡਾਲਾ।

ਲੋਕਲ ਰਵਾਇਤ ਅਨੁਸਾਰ, ਗੁਰੂ ਹਰਿਗੋਬਿੰਦ ਸਾਹਿਬ ਇਕ ਤੋਂ ਵੱਧ ਵਾਰ ਇਸ ਅਸਥਾਨ 'ਤੇ ਆਏ ਅਤੇ ਸੰਗਤਾਂ ਨੂੰ ਨਾਮ-ਬਾਣੀ ਨਾਲ ਜੋੜਿਆ।

ਗੁਰੂ ਜੀ ਦੀ ਆਮਦ ਦੀ ਯਾਦ ਵਿਚ, ਪ੍ਰੇਮੀ ਗੁਰਸਿੱਖਾਂ ਨੇ 'ਬਾਉਲੀ' ਦਾ ਨਿਰਮਾਣ ਕਰਵਾਇਆ, ਜਿਸ 'ਤੇ ਇਹ ਅਸਥਾਨ 'ਬਾਉਲੀ ਸਾਹਿਬ' ਦੇ ਨਾਮ 'ਤੇ ਪ੍ਰਸਿੱਧ ਹੋਇਆ।

ਗੁਰਦੁਆਰਾ ਸਾਹਿਬ ਦੀ ਬਹੁ-ਮੰਜ਼ਲੀ ਸ਼ਾਨਦਾਰ ਇਮਾਰਤ ਅਤੇ ਝੂਲਦੇ ਦੋ ਕੇਸਰੀ ਪਰਚਮ ਦੂਰ ਤੋਂ ਦਿਖਾਈ ਦਿੰਦੇ ਹਨ।

ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਸ ਅਸਥਾਨ 'ਤੇ ਪਹਿਲੀ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ੀ ਕੁਝ ਕਮਰੇ ਵੀ ਬਣੇ ਹੋਏ ਹਨ।

ਇਹ ਇਤਿਹਾਸਕ ਅਸਥਾਨ ਪਿੰਡ ਨਡਾਲਾ, ਤਹਿਸੀਲ ਭੁਲੱਥ, ਜ਼ਿਲ੍ਹਾ ਕਪੂਰਥਲਾ ਵਿਚ ਸੁਭਾਨਪੁਰ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸੁਭਾਨਪੁਰ-ਟਾਂਡਾ ਰੋਡ 'ਤੇ ਸਥਿਤ ਹੈ।

Disclaimer Privacy Policy Contact us About us