ਗੁਰਦੁਆਰਾ ਮੰਜੀ ਸਾਹਿਬ, ਦੀਵਾਨ ਅਸਥਾਨ


ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਇਕ ਬਾਗ ਲਗਵਾਇਆ ਜਿਸ ਨੂੰ 'ਗੁਰੂ ਕਾ ਬਾਗ' ਕਿਹਾ ਜਾਂਦਾ ਸੀ।

ਗੁਰੂ ਕੇ ਬਾਗ ਵਿਚ ਜਿਸ ਅਸਥਾਨ 'ਤੇ ਬੈਠ ਕੇ, ਗੁਰੂ ਅਰਜਨ ਦੇਵ ਜੀ ਸਰੋਵਰ ਦੀ ਕਾਰ ਸੇਵਾ ਸਮੇਂ ਦੀਵਾਨ ਸਜਾਉਂਦੇ ਸਨ ਉਸ ਨੂੰ 'ਗੁਰਦੁਆਰਾ ਮੰਜੀ ਸਾਹਿਬ' ਕਿਹਾ ਜਾਂਦਾ ਹੈ।

ਥੜੇ ਉਪਰ ਸੰਗਮਰਮਰ ਦੀ ਸੁੰਦਰ ਮੰਜੀ ਬਣੀ ਹੋਈ ਹੈ। ਸਵੇਰੇ-ਸ਼ਾਮ ਦੀਵਾਨ ਅਸਥਾਨ 'ਤੇ ਦੀਵਾਨ ਸਜਾਉਣ ਦੀ ਪਰੰਪਰਾ ਬਾਖੂਬੀ ਜਾਰੀ ਹੈ।

ਗੁਰਦੁਆਰਾ ਮੰਜੀ ਸਾਹਿਬ 'ਤੇ ਸਵੇਰੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਮਹਾਂਵਾਕ ਤੇ ਸ਼ਾਮ ਨੂੰ ਕੀਰਤਨ ਉਪਰੰਤ ਇਤਿਹਾਸ ਦੀ ਕਥਾ ਹੁੰਦੀ ਹੈ।

ਗੁਰਪੁਰਬਾਂ, ਸਾਲਾਨਾ ਜੋੜਮੇਲਿਆਂ, ਪੰਥਕ ਸੰਮੇਲਨਾਂ ਸਮੇਂ ਇਥੇ ਵਿਸ਼ੇਸ਼ ਦੀਵਾਨ ਸਜਦੇ ਹਨ।

ਲੋੜ ਨੂੰ ਸਨਮੁਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1970 ਈ: ਵਿਚ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਹੁਤ ਵੱਡਾ ਦੀਵਾਨ ਹਾਲ ਉਸਾਰਿਆ ਗਿਆ, ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਗੁਰਸਿੱਖ ਮਿਲ-ਬੈਠ ਕੇ ਸੰਗਤ ਦਾ ਅਨੰਦ ਮਾਣ ਸਕਦੇ ਹਨ।

Disclaimer Privacy Policy Contact us About us