ਸ੍ਰੀ ਹਰਿਮੰਦਰ ਸਾਹਿਬ


ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਸਿੱਖ ਕੌਮ ਦਾ ਪ੍ਰਮੁੱਖ ਕੇਂਦਰੀ ਧਾਰਮਿਕ ਅਸਥਾਨ ਹੈ। ਅੰਮ੍ਰਿਤ ਸਰੋਵਰ ਦੇ ਦਰਮਿਆਨ ਸੁਸ਼ੋਭਿਤ ਹਰਿਮੰਦਰ ਸਾਹਿਬ ਤੋਂ ਇਲਾਹੀ ਬਾਣੀ ਦੀਆਂ ਉਠਦੀਆਂ ਧੁਨਾਂ ਅੰਮ੍ਰਿਤ ਸਰੋਵਰ ਦੀਆਂ ਲਹਿਰਾਂ ਨਾਲ ਮਿਲ ਕੇ ਚੌਗਿਰਦੇ ਦੇ ਵਾਤਾਵਰਨ ਨੂੰ ਅਧਿਆਤਮਕ ਸੁਗੰਧੀ ਨਾਲ ਸਰਸ਼ਾਰ ਕਰਦੀਆਂ ਹਨ।

ਪ੍ਰਵੇਸ਼ ਦੁਆਰ ਤੋਂ ਪ੍ਰਕਰਕਮਾਂ ਵਿਚ ਪੈਰ ਧਰਦਿਆਂ ਹੀ ਹਰ ਯਾਤਰੂ ਆਪਣੇ ਆਪ ਨੂੰ ਪ੍ਰੀਤਮ ਕੇ ਦੇਸ ਦਾ ਵਾਸੀ ਅਨੁਭਵ ਕਰਦਾ ਹੈ।

ਯਾਤਰੂ ਭਾਵੇ ਕਿਸੇ ਦੇਸ਼, ਧਰਮ, ਜਾਤੀ, ਨਸਲ ਜਾਂ ਖਿੱਤੇ ਦਾ ਹੋਵੇ ਹਰਿਮੰਦਰ ਸਾਹਿਬ ਦੇ ਚੌਗਿਰਦੇ ਵਿਚ ਆਪਣੇ ਆਪ ਨੂੰ ਅਧਿਆਤਮਕ ਰੰਗਤ ਵਿਚ ਰੰਗਿਆ ਮਹਿਸੂਸ ਕਰਦਾ ਹੈ।

ਹਰਿਮੰਦਰ ਸਾਹਿਬ ਸਮਸਤ ਮਾਨਵਤਾ ਲਈ ਸਰਬ ਸਾਂਝਾ ਧਾਰਮਿਕ ਅਸਥਾਨ ਹੈ, ਜਿੱਥੇ ਹਰ ਧਰਮ, ਜਾਤੀ, ਨਸਲ, ਦੇਸ਼ ਦਾ ਮਾਨਵ ਆਪਣੀ ਅਧਿਆਤਮਕ ਖੁਰਾਕ, ਮਾਨਸਿਕ ਸ਼ਕਤੀ ਤੇ ਆਤਮਕ ਤ੍ਰਿਪਤੀ ਬਿਨਾਂ ਰੋਕ ਟੋਕ, ਵਿਤਕਰੇ ਦੇ ਪ੍ਰਾਪਤ ਕਰ ਸਕਦਾ ਹੈ।

ਹਰਿਮੰਦਰ ਸਾਹਿਬ ਮਾਨਵੀ ਪਿਆਰ, ਇਤਿਫਾਕ, ਰੱਬੀ ਏਕਤਾ, ਬਰਾਬਰਤਾ, ਸਰਬ ਸਾਂਝੀਵਾਲਤਾ ਦਾ ਸਦੀਵੀ ਅਸਲੀ ਪ੍ਰਗਟਾਅ ਹੈ ।

ਸਿੱਖਾਂ ਵਾਸਤੇ ਹਰਿਮੰਦਰ ਸਾਹਿਬ ਇੱਕ ਧਾਰਮਿਕ ਕੇਂਦਰ ਹੀ ਨਹੀਂ, ਸਗੋਂ ਸਿੱਖ ਕੌਮ ਦੀ ਵਿਲੱਖਣ ਹੋਂਦ-ਹਸਤੀ, ਸਵੈਮਾਣ, ਇਤਿਹਾਸ ਤੇ ਵਿਰਾਸਤ ਦੀ ਜਗਦੀ ਜੋਤ ਹੈ। ਸਿੱਖ ਕੌਮ ਦੀ ਹੋਂਦ-ਹਸਤੀ, ਧਰਮ, ਸਮਾਜ ਤੇ ਰਾਜਨੀਤੀ, ਹਰਿਮੰਦਰ ਸਾਹਿਬ ਦੇ ਸੰਕਲਪ, ਸਿਧਾਂਤ ਤੇ ਇਤਿਹਾਸ ਨਾਲ ਜੁੜੀ ਹੋਈ ਹੈ।

ਹਰਿਮੰਦਰ ਸਾਹਿਬ ਦਾ ਸੰਕਲਪ ਸਿਧਾਂਤ ਤੇ ਸਰੂਪ ਪਾਵਨ ਬਾਣੀ ਵਿਚ ਅੰਕਿਤ ਹੈ, ਜਿਸ ਨੂੰ ਸਰਗੁਣ ਸਰੂਪ ਵਿਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕਰ, ਮਾਨਵਤਾ ਨੂੰ ਆਦਰਸ਼ਿਕ ਧਰਮ ਮੰਦਿਰ ਦਾ ਸਾਖਸ਼ਾਤ ਸਰੂਪ ਭੇਟ ਕੀਤਾ।

ਹਰਿਮੰਦਰ ਸਾਹਿਬ ਦੇ ਸੰਕਲਪ-ਸਿਧਾਂਤ, ਅੰਦਰੂਨੀ ਤੇ ਬਾਹਰੀ ਸੁੰਦਰਤਾ ਤੇ ਗੌਰਵਮਈ ਇਤਿਹਾਸਿਕ ਵਿਰਸੇ ਨੂੰ ਕਲਮਬੱਧ ਕਰਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਹਰਿਮੰਦਰ ਸਾਹਿਬ ਤਾਂ ਅਨੁਭਵ ਦਾ ਵਿਸ਼ਾ ਹੈ।

ਸ੍ਰੀ ਗੁਰੂ ਅਮਰਦਾਸ ਜੀ ਪ੍ਰੇਰਨਾਂ ਨਾਲ (ਗੁਰੂ) ਰਾਮਦਾਸ ਜੀ ਨੇ 1577 ਈ: ਵਿਚ "ਅੰਮ੍ਰਿਤ ਸਰੋਵਰ" ਦੀ ਖੁਦਵਾਈ ਆਰੰਭ ਕਰਵਾਈ ਅਤੇ 1588 ਈ: ਵਿਚ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਵਾਇਆ।

ਪਹਿਲੀ ਮਾਘ, ਸੰਮਤ 1645 (15 ਦਸੰਬਰ, 1588 ਈ:) ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ, ਆਰੰਭਤਾ ਕਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਸਰੂਪ ਸੰਪੂਰਨ ਹੋਣ ਤੇ ਭਾਦਰੋਂ ਸੁਦੀ ਏਕਮ, ਸੰਮਤ 1661 (16 ਅਗਸਤ, 1604) ਨੂੰ ਪਹਿਲੀ ਵਾਰ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕਰ, ਹਰਿਮੰਦਰ ਸਾਹਿਬ ਦੇ ਆਦਰਸ਼ ਨੂੰ ਸੰਪੂਰਨਤਾ ਪ੍ਰਦਾਨ ਕਰ ਸਰਬ ਸਾਂਝੀ ਗੁਰਬਾਣੀ ਦੇ ਨਿਰੰਤਰ ਜਾਪ ਦੀ ਮਰਿਆਦਾ ਨਿਰਧਾਰਿਤ ਕੀਤੀ।

ਗੁਰੂ ਘਰ ਦੇ ਅਨਿੰਨ ਸੇਵਕ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਮਾਣ ਸਤਿਕਾਰ ਹਾਸਿਲ ਹੋਇਆ।

ਹਰਿਮੰਦਰ ਸਾਹਿਬ ਦੀ ਨਿਰਮਾਣ ਕਲਾ ਅਦਭੁੱਤ ਤੇ ਅਲ਼ੋਕਿਕ ਹੈ। ਧਰਤੀ ਦੇ ਬਾਹਰੀ ਤਲ ਤੋਂ ਕਾਫੀ ਨੀਵਾਣ ਵਿਚ ਬਣੇ ਅੰਮ੍ਰਿਤ ਸਰੋਵਰ ਦਰਮਿਆਨ ਸਿਰਜਤ, ਹਰਿਮੰਦਰ ਸਾਹਿਬ ਮਾਨਵਤਾ ਨੂੰ ਨਿਮਰਤਾ, ਨਿਰਮਾਣਤਾ ਤੇ ਨਿਰਵੈਤਾ ਦਾ ਪਹਿਲਾ ਪਾਠ ਪੜਾਉਂਦਾ ਹੈ।

ਹਰਿਮੰਦਰ ਸਾਹਿਬ ਦੇ ਚਾਰ ਦਿਸ਼ਾਵਾਂ ਵਿਚ ਬਣੇ ਚਾਰ ਦਰਵਾਜ਼ੇ ਚੌਂਹ ਵਰਨਾਂ ਦੀ ਲੋਕਾਈ ਨੂੰ ਬਰਾਬਰਤਾ, ਸਾਂਝੀਵਾਲਤਾ ਦਾ ਅਹਿਸਾਸ ਕਰਵਾਊਂਦੇ ਹਨ।

ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਸਨਮੁੱਖ 1606 ਈ: ਵਿਚ ਅਕਾਲ ਬੁੰਗੇ ਦਾ ਨਿਰਮਾਣ ਕਾਰਜ ਕਰਵਾਇਆ ਜੋ ਪਿੱਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨਾਲ ਵਿਸ਼ਵ ਪ੍ਰਸਿੱਧ ਹੋਇਆ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਤੋਂ ਕੀਰਤਪੁਰ ਜਾਣ ਉਪਰੰਤ, ਹਰਿਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ, ਮਿਹਰਬਾਨ, ਤੇ ਹਰਿ ਜੀ ਪਾਸ ਰਿਹਾ। ਖਾਲਸੇ ਦੀ ਸਿਰਜਣਾਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਜੀ ਦੀ ਸੇਵਾ-ਸੰਭਾਲ ਤੇ ਪ੍ਰਬੰਧ ਲਈ ਉਚੇਚੇ ਤੌਰ 'ਤੇ ਅੰਮ੍ਰਿਤਸਰ ਭੇਜਿਆ।

ਸਿੱਖ ਸੰਘਰਸ਼ ਕਾਲ ਦੌਰਾਨ ਹਰਿਮੰਦਰ ਸਾਹਿਬ ਹਮੇਸ਼ਾਂ ਦੁਸ਼ਮਣ ਸ਼ਕਤੀਆਂ ਨੂੰ ਰੜਕਦਾ ਰਿਹਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੌਰਾਨ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਨਿਰਮਾਣ ਤੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ।

ਸਰਕਾਰ ਖਾਲਸਾ ਨੇ ਹਰਿਮੰਦਰ ਸਾਹਿਬ 'ਤੇ ਸੋਨੇ, ਅਤੇ ਪ੍ਰਕਰਮਾ ਵਿਚ ਸੰਗਮਰਮਰ ਦੀ ਵਿਸ਼ੇਸ਼ ਤੌਰ 'ਤੇ ਸੇਵਾ ਕਰਵਾਈ।

ਹਰਿਮੰਦਰ ਸਾਹਿਬ 'ਤੇ ਸੋਨੇ ਦੇ ਸੁਨਹਿਰੀ ਪੱਤਰਿਆਂ ਦੀ ਚਮਕ ਕਰਕੇ ਨਾਂਅ ਵੀ ਗੋਲਡਨ ਟੈਂਪਲ ਪ੍ਰਸਿਧ ਹੋਇਆ।

ਹਰਿਮੰਦਰ ਸਾਹਿਬ ਤੇ ਬਹੁਤ ਸਮਾਂ ਪਿਤਾ ਪੁਰਖੀ ਮਹੰਤ ਕਾਬਜ਼ ਰਹੇ, 1920 ਈ: ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ-ਪੰਥ ਦੀ ਪ੍ਰਤੀਨਿਧ ਸੰਸਥਾ ਵਜੋਂ ਸੇਵਾ ਸੰਭਾਲੀ ਅਤੇ ਯਾਤਰੂਆਂ ਦੀ ਸਹੂਲਤ ਵਾਸਤੇ ਬਹੁਤ ਸਾਰੀਆਂ ਹੋਰ ਇਮਾਰਤਾਂ ਦੀ ਉਸਾਰੀ ਕਰਵਾਈ।

1995 ਈ: ਵਿਚ ਸੋਨੇ ਦੀ ਚਮਕ ਵਿਚ ਫਰਕ ਆ ਜਾਣ ਕਾਰਣ ਸੋਨੇ ਦੀ ਨਵੇਂ ਸਿਰਿਉਂ ਸੇਵਾ ਕਰਨ ਦਾ ਕਾਰਜ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਬਰਮਿੰਘਮ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਰੰਭਿਆ, ਜੋੋ 1999 ਦੀ ਵਿਸਾਖੀ ਨੂੰ ਬਾਹਰੀ ਰੂਪ ਵਿਚ ਸੰਪੂਰਨ ਹੋਇਆ।

ਅੰਮ੍ਰਿਤ ਸਰੋਵਰ ਦਾ ਜਲ ਇੱਕ ਵਿਸ਼ੇਸ਼ ਹੰਸਲੀ ਰਾਹੀਂ ਆਉਂਦਾ ਹੈ। ਜਲ ਦੀ ਸਵੱਛਤਾ ਵਾਸਤੇ ਹੁਣ ਤੱਕ ਕਈ ਵਾਰ ਕਾਰ ਸੇਵਾ ਹੋ ਚੁੱਕੀ ਹੈ।

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਯਾਤਰੂ ਆਮ ਕਰਕੇ ਅੰਮ੍ਰਿਤ ਸਰੋਵਰ ਦੀ ਪ੍ਰਕਰਮਾਂ ਕਰਦੇ ਹੋਏ ਦਰਸ਼ਨੀ ਡਿਉਢੀ ਤੋਂ ਪੁਲ ਦੇ ਰਸਤੇ ਹਰਿਮੰਦਰ ਸਾਹਿਬ ਦੇ ਪੱਛਮੀਂ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸਨਮੁੱਖ ਸ਼ਰਧਾ ਸਤਿਕਾਰ ਭੇਟ ਕਰਦੇ ਹਨ।

ਹਰਿਮੰਦਰ ਸਾਹਿਬ ਦੀ ਚਰਨ ਧੂੜ ਪਰਸ, ਸਾਹ-ਸਤਹੀਣ ਹੋਇਆ ਮਨੁੱਖ ਵੀ ਸਾਹਸ ਅਤੇ ਸੁਦਤੀ ਭਰਪੂਰ ਮਹਿਸੂਸ ਕਰਦਾ ਹੈ ਅਤੇ ਦੱਖਣੀਂ ਦਰਵਾਜ਼ੇ ਰਾਹੀਂ ਬਾਹਰ ਨਿਕਲ, ਹਰਿ ਕੀ ਪਉੜੀ ਤੋਂ ਚੂਲ਼ਾ ਲੈ ਕੇ ਜਾਤੀ ਹਉਮੈ-ਅਹੰਕਾਰ ਦੀ ਉੱਚਤਾ ਤੋਂ ਨਿਜ੍ਹਾਤ ਪਾਉਂਦਾ ਹੈ।

ਵਾਪਸੀ ਤੇ ਕੜਾਹ ਪ੍ਰਸਾਦਿ ਲੈ ਕੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰ, ਮੀਰੀ-ਪੀਰੀ ਦੇ ਪ੍ਰਤੀਕ ਨਿਸ਼ਾਨ ਸਾਹਿਬਾਂ ਦੇ ਨਜ਼ਦੀਕ ਲਿਖੇ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਤੋਂ ਆਏ ਮਹਾਂਵਾਕ (ਹੁਕਮਨਾਮਾ) ਨੂੰ ਪੜ੍ਹ ਕੇ ਗੁਰੂ ਦੇ ਹੁਕਮ ਤੇ ਚੱਲਣ ਦਾ ਨਿਸ਼ਠਾ ਕਰਦੇ ਹਨ।

ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨਾਂ ਨੂੰ ਆਏ ਯਾਤਰੂ ਗੁਰਦੁਆਰਾ ਦੁੱਖ ਭੰਜਣੀਂ ਬੇਰੀ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿਂੰਘ, ਗੁ: ਲਾਚੀ ਬੇਰ, ਗੁ: ਸ਼ਹੀਦ ਬਾਬਾ ਗੁਰਬਖਸ਼ ਸਿੰਘ, ਗੁ: ਥੜ੍ਹਾ ਸਾਹਿਬ ਆਦਿ ਅਸਥਾਨਾਂ 'ਤੇ ਵੀ ਸ਼ਰਧਾ ਸਤਿਕਾਰ ਭੇਟ ਕਰ, ਕੇਂਦਰੀ ਸਿੱਖ ਅਜਾਇਬ ਘਰ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਗੌਰਵਮਈ ਸਿੱਖ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰਦੇ ਹਨ।

ਹਰਿਮੰਦਰ ਸਾਹਿਬ ਸਿੱਖ ਜੀਵਨ ਜਾਚ ਤੇ ਵਿਸ਼ਵਾਸ ਦਾ ਸੋਮਾਂ ਹੋਣ ਕਰਕੇ ਹਮੇਸ਼ਾਂ ਦੁਸ਼ਮਣ ਤਾਕਤਾਂ ਨੂੰ ਰੜ੍ਹਕਦਾ ਵੀ ਰਿਹਾ।

ਇਹੀ ਕਾਰਣ ਹੈ ਕਿ ਕਦੇ ਮੁਗਲ, ਕਦੇ ਅਫਗਾਨ, ਕਦੇ ਦੁਰ੍ਹਾਨੀ, ਤੇ ਕਦੇ ਆਪਣੇ ਅਖਵਾਉਣ ਵਾਲੇ ਅੰਮ੍ਰਿਤ ਦੇ ਇਸ ਅਮੁੱਕ ਸੋਮੇ ਨੂੰ ਸਮਾਪਤ ਕਰਨ ਲਈ ਯਤਨਸ਼ੀਲ ਹੋਏ ਪਰ ਵਿਚਾਰੇ ਆਪਣੀ ਹੀ ਹੋਂਦ-ਹਸਤੀ ਗੁਆ ਬੈਠੇ।

ਭਾਵੇਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਸਮੇਂ-ਸਮੇਂ ਅਨੇਕਾਂ ਸੂਰਬੀਰ-ਬਹਾਦਰ, ਗੁਰਸਿੱਖ-ਸਿਰਲੱਥ ਯੋਧਿਆਂ ਨੂੰ ਸ਼ਹਾਦਤ ਦਾ ਜਾਮ ਪੀਣਾਂ ਪਿਆ। ਹਰਿਮੰਦਰ ਸਾਹਿਬ ਹਮੇਸ਼ਾਂ ਦੀ ਤਰ੍ਹਾਂ ਪਿਆਰ-ਮੁਹੱਬਤ ਦਾ ਸੰਦੇਸ਼ ਮਾਨਵਤਾ ਨੂੰ ਨਿਰੰਤਰ ਵੰਡ ਰਿਹਾ ਹੈ।

ਹਰਿਮੰਦਰ ਸਾਹਿਬ ਪ੍ਰਮੁੱਖ, ਪਵਿੱਤਰ, ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ। ਜੋ ਦਿੱਲੀ ਤੋਂ 440 ਕਿ:ਮੀ:, ਲਾਹੌਰ ਤੋਂ 48, ਜਲੰਧਰ ਤੋਂ 80, ਬਟਾਲਾ ਤੋਂ 38, ਤਰਨਤਾਰਨ ਤੋਂ 24 ਕਿ:ਮੀ: ਦੀ ਦੂਰੀ 'ਤੇ ਸਥਿਤ ਹੈ।

ਇਹ ਅੰਤਰ-ਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਤੋਂ 20 ਕਿਲੋਮੀਟਰ, ਉੱਤਰੀ ਭਾਰਤ ਦੇ ਪ੍ਰਸਿੱਧ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋ 3 ਕਿ:ਮੀ: ਤੇ ਅੰਤਰਰਾਜੀ ਬਸ ਸਟੈਂਡ ਤੋਂ ਕੇਵਲ 1.5 ਕਿ:ਮੀ: ਦੀ ਵਿਥ 'ਤੇ ਹੈ।

ਯਾਤਰੂਆਂ ਦੀ ਸਹੂਲਤ ਵਾਸਤੇ ਰੇਲਵੇ ਸਟੇਸ਼ਨ ਤੇ ਬਸ ਸਟੈਡ ਤੋਂ ਹਰਿਮੰਦਰ ਸਾਹਿਬ ਤੱਕ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਫ੍ਰੀ ਬਸ ਸੇਵਾ ਦੀ ਸਹੂਲ਼ਤ ਦਿੱਤੀ ਜਾ ਰਹੀ ਹੈ। ਦੇਸ਼ ਵਿਦੇਸ਼ ਤੋਂ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਸ਼ਰਧਾ ਸਤਿਕਾਰ ਭੇਂਟ ਕਰਨ ਵਾਸਤੇ ਹਰਿਮੰਦਰ ਸਾਹਿਬ ਆਉਂਦੇ ਹਨ।

ਹਰਿਮੰਦਰ ਸਾਹਿਬ ਆਉਣ ਵਾਲੇ ਯਾਤਰੂਆਂ ਦੀ ਰਿਹਾਇਸ਼ ਅਤੇ ਲੰਗਰ ਪ੍ਰਸਾਦਿ ਦਾ ਬਹੁਤ ਹੀ ਉਚਿੱਤ ਪ੍ਰਬੰਧ ਹੈ। ਗੁਰੂ ਰਾਮਦਾਸ ਲੰਗਰ ਵਿਚ ਰੋਜ਼ਾਨਾਂ 50 ਹਜ਼ਾਰ ਦੇ ਕਰੀਬ ਸ਼ਰਧਾਲੂ ਪ੍ਰਸ਼ਾਦਾ ਛਕਦੇ ਹਨ।

ਹਰਿਮੰਦਰ ਸਾਹਿਬ ਜਿਸ ਨੂੰ ਕਿ ਸ੍ਰੀ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ, ਦਾ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਮੈਨੇਜਰ, ਸ੍ਰੀ ਦਰਬਾਰ ਸਾਹਿਬ ਰਾਹੀਂ ਕਰਦੀ ਹੈ।

ਹਰਿਮੰਦਰ ਸਾਹਿਬ ਜੀ ਦੇ ਕਿਵਾੜ ਖੁਲ੍ਹਣ ਤੋਂ ਲੈ ਕੇ ਸਮਾਪਤੀ ਤੱਕ ਅਖੰਡ ਕੀਰਤਨ ਹੁੰਦਾ ਰਹਿੰਦਾ ਹੈ।

ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਾਣ ਉਪਰੰਤ ਇਕ ਘੰਟਾ ਸੇਵਾ ਤੇ ਸਫਾਈ ਆਦਿ ਉਪਰੰਤ ਇਸ਼ਨਾਨ ਕਰਾਉਣ ਦੀ ਸੇਵਾ ਸ਼ਰਧਾਲੂ, ਸੇਵਾਦਾਰਾਂ ਦੇ ਸਹਿਯੋਗ ਨਾਲ ਕਰਦੇ ਹਨ।

ਇਸ਼ਨਾਨ ਸਮੇਂ ਮਿਲ ਕੇ ਪ੍ਰੇਮੀ ਇਸ਼ਨਾਨ ਕਰਾਉਂਦੇ ਹਨ ਅਤੇ ਨਾਲ ਬੜੇ ਹੀ ਪ੍ਰੇਮ ਸਹਿਤ ਰਸ-ਭਿੰਨੀ ਸੁਰ ਵਿਚ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਹਨ।

ਇਸ਼ਨਾਨ ਆਦਿ ਦੀ ਸੇਵਾ ਕਰਾਉਣ ਉਪਰੰਤ ਵਿਛਾਈਆਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਸਜਾ ਕੇ ਅਰਦਾਸ ਹੁੰਦੀ ਹੈ ਤੇ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਦੀ ਹੈ।

ਫਿਰ ਤਿੰਨ-ਪਹਿਰੇ ਦੀ ਚੌਂਕੀ ਦਾ ਕੀਰਤਨ ਆਰੰਭ ਹੁੰਦਾ ਹੈ। ਹਰਿਮੰਦਰ ਸਾਹਿਬ ਜੀ ਦੀ ਵਿਚਾਲੇ ਦੀ ਛੱਤ ਅਤੇ ਗੁੰਬਦ ਵਿਚ ਹਰ ਵਕਤ ਅਖੰਡ ਪਾਠ ਚਲਦੇ ਹਨ, ਜਿਨ੍ਹਾਂ ਦਾ ਵਾਰੀ ਨਾਲ ਰੋਜ਼ਾਨਾ ਇਕ ਅਖੰਡ ਪਾਠ ਦਾ ਭੋਗ ਪੈਂਦਾ ਹੈ।

Disclaimer Privacy Policy Contact us About us