ਸ੍ਰੀ ਦਰਬਾਰ ਸਾਹਿਬ, ਮੁਕਤਸਰ


ਸ੍ਰੀ ਦਰਬਾਰ ਸਾਹਿਬ, ਮੁਕਤਸਰ ਸਾਹਿਬ ਉਹ ਪਵਿੱਤਰ ਧਰਤੀ ਹੈ, ਜਿਸ ਸਥਾਨ 'ਤੇ ਸਾਹਿਬੇ-ਕਮਾਲ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮੋ-ਸਿਤਮ ਦੇ ਵਿਰੁੱਧ ਆਖਰੀ ਧਰਮ ਯੁੱਧ 'ਤੇ ਫਤਹਿ ਪ੍ਰਾਪਤ ਕੀਤੀ।

ਇਸ ਸਥਾਨ ਦਾ ਪਹਿਲਾ ਨਾਂ ਖਿਦਰਾਣੇ ਦੀ ਢਾਬ ਸੀ।

ਗੁਰਦੇਵ ਪਿਤਾ ਚਮਕੌਰ ਦੀ ਜੰਗ ਤੋਂ ਮਾਛੀਵਾੜੇ, ਆਲਮਗੀਰ, ਰਾਏਕੋਟ, ਦੀਨੇ ਕਾਂਗੜ, ਕੋਟ ਕਪੂਰੇ ਹੁੰਦੇ ਹੋਏ ਇਥੇ ਪਹੁੰਚੇ।

ਦੁਸ਼ਮਣ ਦਲ ਵੀ ਗੁਰਦੇਵ ਦਾ ਪਿੱਛਾ ਕਰਦੇ ਇਥੇ ਪਹੁੰਚ ਗਏ। ਇਸ ਸਥਾਨ 'ਤੇ 21 ਵੈਸਾਖ, 1762 ਬਿ: (1705 ਈ:) ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀ ਸ਼ਾਹੀ ਫੌਜ ਨਾਲ ਯੁੱਧ ਹੋਇਆ।

ਇਸ ਯੁੱਧ ਸਮੇਂ ਉਹ ਸਿੰਘ ਵੀ ਸ਼ਹਾਦਤਾਂ ਦਾ ਜਾਮ ਪੀ ਗਏ, ਜੋ ਗੁਰੂ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਬੇਦਾਵਾ ਦੇ ਆਏ ਸਨ। ਅਤੇ ਉਨ੍ਹਾਂ ਨੂੰ 'ਮਨਮੁਖ' ਤੋਂ 'ਗੁਰਮੁਖ' ਹੋਣ ਲਈ ਸ਼ਹਾਦਤਾਂ ਪ੍ਰਾਪਤ ਕਰਨੀਆਂ ਪਈਆਂ।

ਮਾਈ ਭਾਗੋ ਵੀ ਇਸ ਯੁੱਧ ਸਮੇਂ ਗੰਭੀਰ ਜ਼ਖਮੀ ਹੋ ਗਏ ਜੋ ਸਿਹਤਯਾਬ ਹੋਣ ਉਪਰੰਤ ਆਖ਼ਰੀ ਦਮ ਤਕ ਗੁਰੂ ਚਰਨਾਂ ਵਿਚ ਰਹੀ।

ਯੁੱਧ ਸਮਾਪਤੀ 'ਤੇ ਗੁਰੂ ਜੀ ਖੁਦ ਸ਼ਹੀਦ ਸਿੰਘਾਂ ਪਾਸ ਗਏ ਤੇ ਉਨ੍ਹਾਂ ਨੂੰ ਵਰਦਾਨ ਤੇ ਸਨਮਾਨ ਬਖ਼ਸ਼ਿਸ਼ ਕਰਦਿਆਂ ਨਿਵਾਜਿਆ।

ਗੁਰੂ ਜੀ ਨੇ ਸਨਮੁਖ ਹੋਇਆਂ ਨੂੰ ਜਨਮ-ਮਰਨ ਤੋਂ ਮੁਕਤ ਕਰਦਿਆਂ, ਗੁਰਸਿੱਖੀ ਮਾਰਗ ਦੇ ਮਾਰਗ ਦਰਸ਼ਕ ਬਣਾਇਆ।

ਗੁਰਸਿੱਖਾਂ ਦੇ ਬੰਧਨ ਮੁਕਤ ਹੋਣ ਕਰਕੇ ਹੀ ਇਹ ਜਗ੍ਹਾ 'ਮੁਕਤਸਰ' ਦੇ ਨਾਮ ਨਾਲ ਪ੍ਰਸਿੱਧ ਹੋਈ। ਗੁਰੂ ਜੀ ਨੇ ਇਸ ਯੁੱਧ ਪਿੱਛੋਂ ਗੁਰੂ ਕਾਸ਼ੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਨੂੰ ਚਰਨ-ਛੋਹ ਬਖ਼ਸ਼ਿਸ਼ ਕੀਤੀ।

ਸਤਿਗੁਰਾਂ ਦੀ ਆਮਦ ਤੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਗੁਰਦੁਆਰਾ 'ਸ੍ਰੀ ਦਰਬਾਰ ਸਾਹਿਬ ਮੁਕਤਸਰ' ਦੀ ਬਹੁਤ ਸੁੰਦਰ-ਸੁਹਾਵਣੀ ਦੋ ਮੰਜ਼ਲੀ ਇਮਾਰਤ ਸੁਭਾਇਮਾਨ ਹੈ।

ਇਸ ਸਥਾਨ ਦੀ ਸਭ ਤੋਂ ਪਹਿਲਾਂ ਭਾਈ ਦੇਸਾ ਸਿੰਘ ਤੇ ਭਾਈ ਲਾਲ ਸਿੰਘ ਕੈਂਥਲ ਵਾਲਿਆਂ ਸੇਵਾ ਕਰਵਾਈ। ਪਿੱਛੋਂ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜਰਨੈਲ ਹਰੀ ਸਿੰਘ ਨਲਵੇ ਨੇ ਕਾਰ ਸੇਵਾ ਕਰ ਗੁਰੂ-ਘਰ ਦੀ ਖੁਸ਼ੀ ਪ੍ਰਾਪਤ ਕੀਤੀ।

ਹੁਣ ਬਹੁਤ ਸੁੰਦਰ ਵੱਡਾ ਸਰੋਵਰ ਬਣਿਆ ਹੋਇਆ ਹੈ।

ਇਸ ਸਥਾਨ 'ਤੇ ਸਾਰੇ ਗੁਰਪੁਰਬ ਮਨਾਏ ਜਾਂਦੇ ਹਨ। ਵਿਸ਼ੇਸ਼ ਕਰ ਕੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਜੋੜ-ਮੇਲਾ ਮਾਘੀ ਨੂੰ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ। ਚਰਨ-ਧੂੜ ਪਰਸਣ ਲਈ ਹਜ਼ਾਰਾਂ ਯਾਤਰੂ ਆਉਂਦੇ ਹਨ।

ਗੁਰਦੁਆਰਾ ਤੰਬੂ ਸਾਹਿਬ, ਗੁ: ਸ਼ਹੀਦ ਗੰਜ, ਗੁ: ਟਿੱਬੀ ਸਾਹਿਬ, ਗੁ: ਰਕਾਬਸਰ ਆਦਿ ਇਤਿਹਾਸਕ ਸਥਾਨ ਦੇਖਣ ਯੋਗ ਹਨ।

ਆਈਆਂ ਸੰਗਤਾਂ ਲਈ ਹਰ ਸਮੇਂ ਰਿਹਾਇਸ਼, ਲੰਗਰ ਪ੍ਰਸ਼ਾਦਿ ਦੀ ਸਹੂਲਤ ਹੈ। ਰਿਹਾਇਸ਼ ਵਾਸਤੇ 30 ਕਮਰੇ, ਹਾਲ ਤੇ ਚਾਰ ਰੈਸਟ ਹਾਊਸ ਬਣੇ ਹਨ। ਗੁਰਮਤਿ ਪ੍ਰਚਾਰ ਲਈ ਲਾਇਬ੍ਰੇਰੀ ਵੀ ਹੈ।

ਇਹ ਪਾਵਨ ਇਤਿਹਾਸਕ ਸਥਾਨ ਹੁਣ ਪੰਜਾਬ ਦੇ ਜ਼ਿਲ੍ਹਾ ਹੈੱਡ ਕੁਆਰਟਰ ਮੁਕਤਸਰ ਵਿਚ ਸਥਿਤ ਹੈ, ਜੋ ਬਠਿੰਡਾ, ਕੋਟ ਕਪੂਰਾ, ਮਲੋਟ, ਜਲਾਲਾਬਾਦ, ਅਬੋਹਰ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਤੇ ਬਠਿੰਡਾ-ਫਾਜ਼ਿਲਕਾ ਰੇਲਵੇ ਮਾਰਗ ਨਾਲ ਜੁੜਿਆ ਹੈ। ਗੁ: ਸਾਹਿਬ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਇਕ ਕਿਲੋਮੀਟਰ ਦੂਰੀ 'ਤੇ ਹੈ।

Disclaimer Privacy Policy Contact us About us