ਗੁਰਦੁਆਰਾ ਪਰਿਵਾਰ ਵਿਛੋੜਾ


ਗੁਰਦੁਆਰਾ ਪਰਿਵਾਰ ਵਿਛੋੜਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿਛੜਨ ਦੀ ਯਾਦ ਵਿੱਚ ਸ਼ੁਭਾਇਮਾਨ ਹੈ।

ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ 5/6 ਦਸੰਬਰ, 1705 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰਕ ਮੈਂਬਰਾਂ ਤੇ ਪਿਆਰੇ ਗੁਰਸਿੱਖਾਂ ਸਮੇਤ ਸਰਸਾ ਨਦੀ ਦੇ ਕਿਨਾਰੇ ਪੜ੍ਹਾ ਕਰਕੇ ਨਿਤਨੇਮ ਕਰ ਰਹੇ ਸਨ ਕਿ ਵੈਰੀ ਦਲਾਂ ਨੇ ਸਭ ਕਸਮਾਂ ਭੁਲਾ ਕੇ ਹਮਲਾ ਕਰ ਦਿਤਾ।

ਇਕ ਪਾਸੇ ਵੈਰੀ ਦਾ ਟਿੱਡੀ ਦਲ 'ਤੇ ਦੂਸਰੇ ਪਾਸੇ ਸੂਕਦੀ ਬਰਸਾਤੀ ਸਰਸਾ ਨਦੀ ਤੇ ਵਿਚਕਾਰ ਗਿਣਤੀ ਦੇ ਕੁੱਝ ਸਿੰਘ।

ਗੁਰੂ ਜੀ ਨੇ ਖਾਲਸਾ ਫ਼ੌਜ ਨੂੰ ਦੋ ਹਿੱਸਿਆ ਵਿੱਚ ਵੰਡਿਆ, ਇਕ ਦੁਸ਼ਮਣ ਦਲਾਂ ਨੂੰ ਰੋਕਣ ਵਾਸਤੇ ਤੇ ਦੂਸਰੀ ਸਰਸਾ ਨਦੀ ਪਾਰ ਕਰਨ ਲਈ।

ਇਸ ਅਸਥਾਨ 'ਤੇ ਦੁਸ਼ਮਣ ਦਲਾਂ ਦਾ ਮੁਕਾਬਲਾ ਕਰਦੇ ਹੋਏ ਕੁੱਝ ਸਿੰਘ ਸ਼ਹੀਦ ਹੋ ਗਏ।

ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਤੇ ਕੁੱਝ ਸਿੰਘ ਚਮਕੌਰ ਸਾਹਿਬ ਵੱਲ ਅਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਗੁਰੂ-ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਮਰਿੰਡੇ ਨੂੰ ਚਲੇ ਗਏ। ਸਰਸਾ ਨਦੀ 'ਤੇ ਗੁਰੂ-ਘਰ ਦਾ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ।

ਪਰਿਵਾਰ ਵਿਛੋੜੇ ਦੇ ਸਥਾਨ 'ਤੇ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ਗੁਰਦੁਆਰੇ ਦੀ ਸਥਾਪਨਾ ਕਰਵਾਈ।

ਗੁਰਦੁਆਰਾ ਸਾਹਿਬ ਦੀ ਚਾਰ ਮੰਜਲਾਂ ਸੁੰਦਰ ਇਮਾਰਤ 'ਤੇ ਝੂਲਦਾ ਕੇਸਰੀ ਪਰਚਮ ਦੂਰ ਤੋਂ ਦਿਖਾਈ ਦਿੰਦਾ ਹੈ।

ਗੁਰਦੁਆਰਾ ਸਾਹਿਬ ਦੀ ਆਧੁਨਿਕ ਆਲੀਸ਼ਾਨ ਇਮਾਰਤ 1970 ਈ: ਵਿਚ ਸੰਪੂਰਨ ਹੋਈ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਪਹਿਲਾਂ ਬਾਬਾ ਅਜੀਤ ਸਿੰਘ ਪਰਿਵਾਰ ਵਿਛੋੜਾ ਵਾਲੇ ਕਰਦੇ ਸਨ। 14 ਮਈ, 1988 ਈ: ਉਨ੍ਹਾਂ ਨੇ ਪ੍ਰਬੰਧ, ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਸੌਂਪ ਦਿਤਾ। ਹੁਣ ਪ੍ਰਬੰਧ, ਸ਼੍ਰੋਮਣੀ ਗੁ:ਪ੍ਰ:ਕਮੇਟੀ, ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰਾਹੀਂ ਕਰਦੀ ਹੈ।

ਇਸ ਇਤਿਹਾਸਕ ਅਸਥਾਨ 'ਤੇ ਹਰ ਸਾਲ ਦਸੰਬਰ ਦੇ ਮਹੀਨੇ ਜੋੜ-ਮੇਲਾ ਮਨਾਇਆ ਜਾਂਦਾ ਹੈ।

ਇਹ ਪਾਵਨ ਇਤਿਹਾਸਕ ਅਸਥਾਨ ਪਿੰਡ ਸਰਸਾ ਨੰਗਲ, ਤਹਿਸੀਲ ਅਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ ਵਿਚ, ਰੋਪੜ ਸ਼ਹਿਰ ਤੋਂ 12 ਕਿਲੋਮੀਟਰ ਦੂਰ, ਸਰਸਾ ਨਦੀ ਤੋਂ ਕੇਵਲ 300 ਮੀਟਰ ਦੀ ਵਿੱਥ 'ਤੇ ਰੋਪੜ-ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਹੈ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਯਾਤਰੂਆਂ ਦੀ ਰਹਾਇਸ਼ ਵਾਸਤੇ 15 ਕਮਰੇ ਬਣੇ ਹੋਏ ਹਨ।

Disclaimer Privacy Policy Contact us About us