ਭਾਈ ਦਾਤੂ ਜੀ ਨੇ ਗੁਰੂ ਜੀ ਨੂੰ ਲੱਤ ਮਾਰਨੀ


ਦਾਸੂ ਜੀ ਦੇ ਛੋਟੇ ਭਾਈ ਦਾਤੂ ਜੀ ਦੀ ਗੱਦੀ ਪ੍ਰਾਪਤੀ ਦੀ ਅਭਿਲਾਸ਼ਾ ਸ਼ਾਂਤ ਨਾ ਹੋਈ। ਉਨ੍ਹਾਂ ਨੇ ਹੱਠ ਯੋਗ ਦੁਆਰਾ ਸਿਧੀਆਂ ਨੂੰ ਵਸ ਕਰਨ ਦਾ ਯਤਨ ਕੀਤਾ ਜਿਸ ਨਾਲ ਉਹ ਕਰਾਮਾਤਾਂ ਵਿਖਾ ਕੇ ਲੋਕਾਂ ਨੂੰ ਆਪਣੇ ਮਗਰ ਲਾ ਸਕਣ।

ਕੁਝ ਖ਼ੁਸ਼ਾਮਦੀ ਕਿਸਮ ਦੇ ਲੋਕ ਉਹਨਾਂ ਦੇ ਦੁਆਲੇ ਜੁੜੇ ਹੋਏ ਸਨ, ਉਹ ਉਨ੍ਹਾਂ ਨੂੰ ਭੜਕਾਉਂਦੇ ਰਹਿੰਦੇ ਸਨ ਕਿ ਗੁਰ ਗੱਦੀ ਤੇ ਹੱਕ ਆਪ ਦਾ ਬਣਦਾ ਹੈ ਤੇ ਇਕ ਮਾਮੂਲੀ ਸੇਵਕ ਉਹਦੇ ਤੇ ਅਧਿਕਾਰ ਜਮਾਈ ਬੈਠਾ ਹੈ। ਇਸ ਚੁੱਕ ਦੇ ਕਾਰਨ ਦਾਤੂ ਜੀ ਦਾ ਗੁੱਸਾ ਤੇ ਸਾੜਾ ਹੋਰ ਵਧਦਾ ਜਾਂਦਾ। ਆਖ਼ਰ ਇਕ ਦਿਨ ਉਹ ਗੁਸੇ ਵਿੱਚ ਗੋਇੰਦਵਾਲ ਜਾ ਪਹੁੰਚੇ।

ਸੰਧਿਆ ਸਮੇਂ ਦਾ ਦੀਵਾਨ ਸੱਜਿਆ ਹੋਇਆ ਸੀ। ਸੰਗਤਾਂ ਕੀਰਤਨ ਦਾ ਰਸ ਮਾਣ ਰਹੀਆਂ ਸਨ। ਸਤਿਗੁਰੂ ਅਮਰਦਾਸ ਜੀ ਆਪਣੇ ਆਸਣ ਤੇ ਸਮਾਧੀ ਵਿੱਚ ਬਿਰਾਜ ਰਹੇ ਸਨ। ਦਾਤੂ ਜੀ ਰੋਹ ਦੇ ਭਰੇ ਹੋਏ ਅਗਾਂਹ ਵਧੇ ਤੇ ਜ਼ੋਰ ਨਾਲ ਸਤਿਗੁਰਾਂ ਦੇ ਲੱਤ ਕੱਢ ਮਾਰੀ।

ਸਤਿਗੁਰੂ ਜੀ ਦੀ ਮਗਨਤਾ ਟੁਟ ਗਈ। ਨੈਣ ਖੋਲ੍ਹੇ ਤਾਂ ਗੁਰੂ ਪੁੱਤਰ ਦਾਤੂ ਜੀ ਨੂੰ ਸਾਹਮਣੇ ਖੜੇ ਤਕਿਆ। ਆਪ ਆਸਣ ਤੋਂ ਹੇਠਾਂ ਆ ਗਏ। ਸਤਿਗੁਰੂ ਉਹਨਾਂ ਦੇ ਪੈਰ ਫੜ ਕੇ ਘੁਟਣ ਲੱਗੇ ਤੇ ਆਖਿਆ, 'ਮੇਰੇ ਹੱਡ ਕਰੜੇ ਹਨ, ਆਪ ਦੇ ਸੁਹਲ ਚਰਨ ਨੂੰ ਕਸ਼ਟ ਪੁਜਾ ਹੋਵੇਗਾ। ਮੈਨੂੰ ਖ਼ਿਮਾ ਕਰ ਦੇਣਾ। ਆਗਿਆ ਕਰੋ, ਕੀ ਸੇਵਾ ਕਰਾਂ?'

ਪਰ ਦਾਤੂ ਜੀ ਤੇ ਸਤਿਗੁਰਾਂ ਦੀ ਨਿਮ੍ਰਤਾ ਦਾ ਕੋਈ ਅਸਰ ਨਾ ਹੋਇਆ। ਉਸੇ ਤਰ੍ਹਾਂ ਕ੍ਰੋਧ ਵਿੱਚ ਭਰੇ ਹੋਏ ਕੜਕ ਕੇ ਬੋਲੇ: 'ਇਹ ਗੱਦੀ ਸਾਡੇ ਪਿਤਾ ਜੀ ਦੀ ਹੈ, ਇਸ ਦਾ ਅਧਿਕਾਰੀ ਮੈਂ ਹਾਂ। ਤੂੰ ਕੌਣ ਹੁੰਦਾ ਏਂ ਗੁਰੂ ਬਨਣ ਵਾਲਾ। ਤੂੰ ਤਾਂ ਸਾਡੇ ਘਰ ਦਾ ਪਾਣੀ ਢੋਣ ਵਾਲਾ ਚਾਕਰ ਏਂ। ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ। ਤੇਰੇ ਲਈ ਇਹੋ ਹੁਕਮ ਹੈ ਕਿ ਇਥੋਂ ਚਲਾ ਜਾ। ਗੱਦੀ ਦਾ ਅਸਲੀ ਸੁਆਮੀ ਆ ਗਿਆ ਹੈ। ਆਪੇ ਸਾਰੇ ਕੰਮ ਸੰਭਾਲ ਲਵੇਗਾ'।

ਨਿਮ੍ਰਤਾ ਤੇ ਨਿਰਮਾਨਤਾ ਦੇ ਸਰੂਪ ਸਤਿਗੁਰਾਂ ਨੇ ਉੱਤਰ ਵਿੱਚ ‘ਸਤਿ ਬਚਨ' ਕਿਹਾ ਤੇ ਦਰਬਾਰ ਵਿਚੋਂ ਚਲੇ ਗਏ। ਦਾਤੂ ਜੀ ਅੱਗੇ ਵਧ ਕੇ ਗੁਰੂ ਆਸਣ ਤੇ ਬੈਠ ਗਏ। ਦੀਵਾਨ ਵਿੱਚ ਬੈਠੇ ਸਿੱਖ ਇਹ ਸਭ ਕੁਝ ਵੇਖ ਰਹੇ ਸਨ। ਦਾਤੂ ਜੀ ਦਾ ਹੰਕਾਰ ਭਰਿਆ ਬਤੀਰਾ ਵੇਖ ਕੇ ਉਹਨਾਂ ਦੇ ਮਨ ਵਿੱਚ ਭਾਰੀ ਰੋਸ ਜਾਗ ਪਿਆ। ਉਹ ਇਕ ਇਕ ਕਰਕੇ ਦੀਵਾਨ ਵਿਚੋਂ ਉੱਠ ਕੇ ਚਲੇ ਗਏ।

ਦਰਬਾਰ ਵਿੱਚ ਗੱਦੀ ਤੇ ਬੈਠੇ ਦਾਤੂ ਜੀ ਤੇ ਗਿਣਤੀ ਦੇ ਕੁਝ ਉਹਨਾਂ ਦੇ ਤਨਖ਼ਾਹਦਾਰ ਚੇਲੇ ਹੀ ਰਹਿ ਗਏ। ਅਗਲੇ ਇਨ ਦਾਤੂ ਜੀ ਆਪਣੇ ਚੇਲਿਆਂ ਨਾਲ ਦੀਵਾਨ ਲਾ ਕੇ ਬਹਿ ਗਏ ਪਰ ਕੋਈ ਸਿੱਖ ਦੀਵਾਨ ਵਿੱਚ ਨਾ ਆਇਆ।

ਕੁਝ ਦਿਨ ਇਸੇ ਤਰ੍ਹਾਂ ਹੁੰਦਾ ਰਿਹਾ। ਅਖ਼ੀਰ ਵਿੱਚ ਇਕ ਦਿਨ ਦਾਤੂ ਜੀ ਗੁਰੂ ਘਰ ਦਾ ਅਤੇ ਲੰਗਰ ਦਾ ਜੋ ਕੁਝ ਵੀ ਸਾਮਾਨ ਹੱਥ ਆਇਆ, ਖੱਚਰਾਂ ਤੇ ਲੱਦ ਕੇ ਖਡੂਰ ਸਾਹਿਬ ਵੱਲ ਨੂੰ ਤੁਰ ਪਏ। ਰਸਤੇ ਵਿੱਚ ਉਹਨਾਂ ਨੂੰ ਡਾਕੂ ਆ ਪਏ। ਉਹ ਸਭ ਕੁਝ ਖੋਹ ਕੇ ਲੈ ਗਏ। ਡਾਕੂਆਂ ਨਾਲ ਭੇੜ ਵਿੱਚ ਦਾਤੂ ਜੀ ਨੂੰ ਪੈਰ ਤੇ ਭਾਰੀ ਸੱਟ ਲੱਗੀ ਜਿਸ ਦਾ ਕਸ਼ਟ ਉਹ ਕਈ ਚਿਰ ਪਾਂਦੇ ਰਹੇ।

Disclaimer Privacy Policy Contact us About us