ਸੰਨ ਲਾਉਣੀ


ਗੋਇੰਦਵਾਲ ਛੱਡ ਕੇ ਗੁਰੂ ਜੀ ਬਾਸਰਕੇ ਪੁਜੇ। ਬਾਸਰਕੇ ਆਪ ਦਾ ਜਨਮ ਅਸਥਾਨ ਸੀ। ਪਰ ਆਪ ਨੇ ਪਿੰਡ ਵਿਚ ਕਿਸੇ ਨੂੰ ਆਪਣੇ ਆਉਣ ਦਾ ਪਤਾ ਨਾ ਦਿੱਤਾ ਤੇ ਪਿੰਡੋਂ ਬਾਹਰਵਾਰ ਇਕ ਨਿਵੇਕਲੇ ਕੋਠੇ ਵਿੱਚ ਬੈਠ ਕੇ ਭਜਨ ਬੰਦਗੀ ਕਰਨ ਲੱਗੇ।

ਗੁਰੂ ਜੀ ਦੇ ਅਗਿਆਤਵਾਸ ਵਿੱਚ ਚਲੇ ਜਾਣ ਕਰਕੇ ਸੰਗਤਾਂ ਬੜੀਆਂ ਦੁਖੀ ਹੋਈਆਂ। ਸਿੱਖਾਂ ਨੇ ਆਪ ਦੀ ਬੜੀ ਖੋਜ ਭਾਲ ਕੀਤੀ ਪਰ ਕਿਤੋਂ ਸੋਅ ਨਾ ਮਿਲੀ। ਅਖ਼ੀਰ ਕੁਝ ਸਿੱਖ ਬਾਬਾ ਬੁੱਢਾ ਜੀ ਪਾਸ ਗਏ ਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਜਿਵੇਂ ਹੋਵੇ, ਸਤਿਗੁਰਾਂ ਦੀ ਭਾਲ ਕਰੋ, ਸੰਗਤਾਂ ਉਹਨਾਂ ਦੇ ਦਰਸ਼ਨਾਂ ਲਈ ਤਾਂਘ ਰਹੀਆ ਹਨ।

ਸਿੱਖਾਂ ਦੀ ਬੇਨਤੀ ਮੰਨ ਕੇ ਬਾਬਾ ਬੁੱਢਾ ਜੀ ਉਹਨਾਂ ਦੇ ਨਾਲ ਚਲ ਪਏ ਤੇ ਗੋਇੰਦਵਾਲ ਆਏ। ਗੋਇੰਦਵਾਲ ਸਤਿਗੁਰਾਂ ਦੀ ਘੋੜੀ ਡੇਰੇ ਵਿੱਚ ਬੱਝੀ ਹੋਈ ਸੀ। ਸਤਿਗੁਰੂ ਉਸ ਘੋੜੀ ਤੇ ਸਵਾਰੀ ਕਰਿਆ ਕਰਦੇ ਸਨ। ਬਾਬਾ ਬੁੱਢਾ ਜੀ ਦੀ ਆਗਿਆ ਅਨੁਸਾਰ ਉਸ ਘੋੜੀ ਨੂੰ ਕਾਠੀ ਪਾਈ ਗਈ ਤੇ ਖੁਲ੍ਹਾ ਛੱਡ ਦਿੱਤਾ ਗਿਆ।

ਘੋੜੀ ਚਲੀ ਤਾਂ ਸੰਗਤਾਂ ਉਸ ਦੇ ਮਗਰ ਮਗਰ ਤੁਰ ਪਈਆਂ। ਘੋੜੀ ਗੋਇੰਦਵਾਲ ਤੋਂ ਚਲਕੇ ਬਾਸਰਕੇ ਪੁਜੀ ਤੇ ਉਸ ਕੋਠੇ ਦੇ ਅੱਗੇ ਜਾ ਖੜੀ ਹੋਈ ਜਿਸ ਦੇ ਅੰਦਰ ਸਤਿਗੁਰੂ ਜੀ ਸਮਾਧੀ ਲਗਾਈ ਬੈਠੇ ਸਨ। ਕੋਠੇ ਦੇ ਬਾਹਰ ਲਿਖਿਆ ਸੀ : 'ਜਿਹੜਾ ਇਸ ਕੋਠੇ ਦਾ ਦਰਵਾਜਾ ਖੋਲ੍ਹੇਗਾ, ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਸਦੇ ਗੁਰੂ ਨਹੀਂ'। ਇਹ ਲਿਖਤ ਪੜ੍ਹ ਕੇ ਸੰਗਤਾਂ ਠਠੰਬਰ ਗਈਆਂ, ਸਤਿਗੁਰਾਂ ਦੀ ਖੋਜ ਤਾਂ ਲੱਗ ਗਈ ਪਰ ਹੁਣ ਗੁਰੂ ਆਗਿਆ ਦੀ ਉਲੰਘਣਾ ਕੌਣ ਕਰੇ?

ਸਾਰੇ ਬਾਬਾ ਬੁੱਢਾ ਜੀ ਵੱਲ ਤਕਣ ਲੱਗੇ। ਬਾਬਾ ਜੀ ਨੇ ਸਿੱਖਾਂ ਨੂੰ ਧਰਵਾਸ ਦਿੱਤੀ ਤੇ ਬੂਹੇ ਦੀ ਥਾਂ ਕੋਠੇ ਦੀ ਪਿਛਲੀ ਕੰਧ ਵਿੱਚ ਸੰਨ੍ਹ ਲਾ ਕੇ ਅੰਦਰ ਜਾ ਵੜੇ ਤੇ ਸਾਹਿਬਾਂ ਦੇ ਅੱਗੇ ਜਾ ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੰਗਤਾਂ ਗੁਰੂ ਦਰਸ਼ਨਾਂ ਲਈ ਬਿਹਬਲ ਹੋ ਰਹੀਆਂ ਹਨ, ਆਪ ਉਹਨਾਂ ਨੂੰ ਦੀਦਾਰ ਬਖ਼ਸ਼ੋ, ਜੇ ਕੋਈ ਭੁੱਲ ਹੋ ਗਈ ਹੈ ਤਾਂ ਆਪਣੇ ਬਿਰਦ ਦੀ ਪੈਜ ਰੱਖਦੇ ਹੋਏ ਖ਼ਿਮਾ ਕਰ ਦਿਉ'।

ਗੁਰੂ ਜੀ ਨੇ ਪੁੱਛਿਆ, 'ਤੁਸੀਂ ਸਾਡੀ ਆਗਿਆ ਨਹੀਂ ਪੜ੍ਹੀ? ਅਸੀਂ ਤਾਂ ਦਰਵਾਜਾ ਖੋਲ੍ਹਣ ਦੀ ਮਨਾਹੀ ਕੀਤੀ ਸੀ'। ਬਾਬਾ ਜੀ ਨੇ ਹੱਥ ਜੋੜ ਕੇ ਉੱਤਰ ਦਿੱਤਾ, 'ਸੱਚੇ ਪਾਤਸ਼ਾਹ! ਆਪ ਦੀ ਆਗਿਆ ਦੀ ਉਲੰਘਣਾ ਨਹੀਂ ਹੋਈ। ਦਰਵਾਜ਼ਾ ਉਸੇ ਤਰ੍ਹਾਂ ਬੰਦ ਹੈ, ਕਿਸੇ ਉਸ ਨੂੰ ਨਹੀਂ ਖੋਲਿਆ'।

ਗੁਰੂ ਜੀ ਹੱਸ ਪਏ। ਆਪ ਨੇ ਬਾਬਾ ਬੁੱਢਾ ਜੀ ਦੇ ਪ੍ਰੇਮ ਅਤੇ ਤੀਖਣ ਬੁੱਧੀ ਦੀ ਸ਼ਲਾਘਾ ਕੀਤੀ। ਫਿਰ ਆਪ ਕੋਠੇ ਤੋਂ ਬਾਹਰ ਆਏ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਤੇ ਨਾਲ ਹੀ ਗੁਰੂ ਜੀ ਨੇ ਇਹ ਵਰ ਦਿੱਤਾ, 'ਜਿਹੜਾ ਇਸ ਸੰਨ੍ਹ ਵਿਚੋਂ ਸ਼ਰਧਾ ਨਾਲ ਲੰਘੇਗਾ ਉਸ ਦੇ ਜਨਮ ਮਰਨ ਦਾ ਗੇੜ ਖ਼ਤਮ ਹੋਵੇਗਾ'।

ਬਾਸਰਕੇ ਜਿਸ ਕੋਠੇ ਵਿੱਚ ਆਪ ਨੇ ਬੰਦਗੀ ਕੀਤੀ ਅਤੇ ਜਿਸ ਨੂੰ ਸੰਨ੍ਹ ਲਾਈ ਗਈ, ਉਥੇ ਗੁਰਦੁਆਰਾ ਸੰਨ੍ਹ ਸਾਹਿਬ ਬਣਿਆ ਹੋਇਆ ਹੈ। ਹਰ ਸਾਲ ਪਹਿਲੇ ਸਰਾਧ ਵਾਲੇ ਦਿਨ ਉਥੇ ਭਾਰੀ ਮੇਲਾ ਲੱਗਦਾ ਹੈ ਦੂਰ ਦੂਰ ਤੋਂ ਸੰਗਤਾਂ ਇਥੇ ਜੁੜਦੀਆਂ ਹਨ ਤੇ ਸ਼ਰਧਾ ਨਾਲ ਗੁਰੂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ।

ਸੰਗਤਾਂ ਦੇ ਬੇਨਤੀ ਕਰਨ ਤੇ ਆਪ ਗੋਇੰਦਵਾਲ ਚਲੇ ਆਏ।

Disclaimer Privacy Policy Contact us About us