ਬੀਬੀ ਭਾਨੀ ਦਾ ਵਿਆਹ


ਬੀਬੀ ਭਾਨੀ ਜੀ ਦੇ ਵਿਆਹ ਬਾਰੇ ਇਕ ਸਾਖੀ ਪ੍ਰਚਲਿਤ ਹੈ। ਇਕ ਦਿਨ ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ ਭਾਨੀ ਹੁਣ ਵੱਡੀ ਹੋ ਗਈ ਹੈ ਇਸ ਲਈ ਉਸ ਦੇ ਵਿਆਹ ਬਾਰੇ ਕੋਈ ਵਿਚਾਰ ਕਰਨੀ ਚਾਹੀਦੀ ਹੈ।

ਗੁਰੂ ਜੀ ਨੇ ਪੁੱਛਿਆ ਕਿ ਲੜਕਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਤਾਂ ਮਾਤਾ ਜੀ ਨੇ ਸਹਿਜ ਸੁਭਾਅ ਕਹਿ ਦਿੱਤਾ, 'ਉਸ ਜੇਠੇ ਵਰਗਾ ਜੋ ਸਦਾ ਸੇਵਾ ਵਿਚ ਲੱਗਾ ਰਹਿੰਦਾ ਹੈ'। ਗੁਰੂ ਜੀ ਨੇ ਕਿਹਾ, 'ਫਿਰ ਉਸ ਵਰਗਾ ਤਾਂ ਉਹ ਹੀ ਹੈ'।

ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਜੀ ਬਹੁਤ ਪਿਆਰ ਕਰਦੇ ਸਨ। ਉਹ ਹਰ ਸਮੇਂ ਸੇਵਾ ਵਿਚ ਜੁੱਟੇ ਰਹਿੰਦੇ ਸਨ। ਉਹਨਾਂ ਦੀ ਨਿਸ਼ਕਾਮ ਸੇਵਾ ਵੇਖ ਕੇ ਗੁਰੂ ਸਾਹਿਬ ਨੇ ਇਹ ਮਨ ਬਣਾ ਲਿਆ ਕਿ ਬੀਬੀ ਭਾਨੀ ਦਾ ਵਿਆਹ ਉਸ ਨਾਲ ਕਰ ਦਿੱਤਾ ਜਾਵੇ।

ਮਾਤਾ ਮਨਸਾ ਦੇਵੀ ਪਾਸੋਂ ਵੀ ਉਸ ਵਰਗੇ ਵਰ ਬਾਰੇ ਕਹਿਣ ਤੋਂ ਇਸ ਸਪੱਸ਼ਟ ਹੋ ਗਿਆ ਕਿ ਮਾਤਾ ਮਨਸਾ ਦੇਵੀ ਨੂੰ ਵੀ ਭਾਈ ਜੇਠਾ ਜੀ ਨਾਲ ਬੀਬੀ ਭਾਨੀ ਦਾ ਵਿਆਹ ਕਰਨ ਵਿਚ ਕੋਈ ਇਤਰਾਜ਼ ਨਹੀਂ ਸੀ। ਬੀਬੀ ਭਾਨੀ ਵੀ ਸੇਵਾ ਦੇ ਪੁੰਜ ਸਨ। ਉਹ ਗੁਰੂ ਜੀ ਦੀ ਪਿਤਾ ਕਰਕੇ ਨਹੀਂ ਸਗੋਂ ਗੁਰੂ ਜਾਣ ਕੇ ਸੇਵਾ ਕਰਦੀ ਸੀ।

ਦੋਹਾਂ ਦਾ ਵਿਆਹ ਹੋਣ ਨਾਲ ਇਕ ਅਨੂਪਮ ਜੋੜੀ ਬਣੀ। ਭਾਈ ਜੇਠਾ ਜੀ ਨੂੰ ਬਾਅਦ ਵਿਚ ਗੁਰਗੱਦੀ ਦੀ ਵੀ ਸੌਂਪਣਾ ਹੋਈ ਅਤੇ ਗੁਰੂ ਰਾਮਦਾਸ ਦੇ ਨਾਂ ਹੇਠ ਚੌਥੇ ਸੱਚੇ ਪਾਤਸ਼ਾਹ ਬਣੇ।

ਸਿੱਖ ਇਤਿਹਾਸ ਵਿਚ ਬੀਬੀ ਭਾਨੀ ਇਕ ਅਜਿਹੇ ਵਿਅਕਤੀ ਹਨ ਜਿਹੜੇ ਗੁਰੂ ਪੁਤਰੀ ਵੀ ਸਨ, ਗੁਰੂ ਪਤਨੀ ਵੀ ਹੋਏ ਅਤੇ ਗੁਰੂ ਜਨਣੀ ਵੀ ਬਣੇ। ਬੀਬੀ ਭਾਨੀ ਦਾ ਵਿਆਹ ਹੋ ਜਾਣ ਤੋਂ ਬਾਅਦ ਵੀ ਭਾਈ ਜੇਠਾ ਜੀ ਉਸੇ ਲਗਨ ਨਾਲ ਸੇਵਾ ਕਰਦੇ ਰਹੇ।

Disclaimer Privacy Policy Contact us About us