ਬਾਉਲੀ ਦੀ ਉਸਾਰੀ


ਗੁਰੂ ਅਮਰਦਾਸ ਜੀ ਨੇ ਸੋਚਿਆ ਕਿ ਐਸਾ ਕੋਈ ਅਸਥਾਨ ਬਣਾਇਆ ਜਾਵੇ ਜਿਥੇ ਹਰ ਸਾਲ ਸਿੱਖ ਸੰਗਤਾਂ ਇਕਠੀਆਂ ਹੋਣ ਅਤੇ ਸਿੱਖੀ ਦੇ ਪ੍ਰਚਾਰ ਵਿਚ ਵੀ ਸਹੂਲਤ ਹੋ ਜਾਵੇ। ਉਨ੍ਹਾਂ ਨੇ ਇਕ ਬਾਉਲੀ ਉਸਾਰਨ ਦੀ ਤਜ਼ਵੀਜ਼ ਰੱਖੀ। ਸਭ ਸੰਗਤਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ।

ਬਾਬਾ ਬੁੱਢਾ ਜੀ ਨੇ ਕਹੀ ਨਾਲ ਟੱਕ ਲਾਇਆ ਅਤੇ ਬਾਉਲੀ ਦੀ ਖੁਦਾਈ ਸ਼ੁਰੂ ਹੋ ਗਈ। ਕੁਝ ਸਮੇਂ ਵਿਚ ਹੀ ਬਾਉਲੀ ਤਿਆਰ ਹੋ ਗਈ। ਇਸ ਬਾਉਲੀ ਵਿਚ ਉਤਰਨ ਲਈ ੮੪ ਪੌੜੀਆਂ ਬਣਾਇਆਂ ਗਈਆਂ। ਇਹ ਚੌਰਾਸੀ ਪੌੜੀਆਂ ਚੌਰਾਸੀ ਲੱਖ ਜੂਨਾਂ ਨੂੰ ਦਰਸਾਉਂਦੀਆਂ ਹਨ।

ਗੁਰੂ ਜੀ ਦਾ ਇਹ ਉਪਦੇਸ਼ ਸੀ ਕਿ ਜਿਹੜਾ ਵਿਅਕਤੀ ਇਹਨਾਂ ੮੪ ਪੌੜੀਆਂ ਉੱਤੇ ਵਾਰੀ ਵਾਰੀ ਜਪੁ ਜੀ ਸਾਹਿਬ ਦਾ ਪਾਠ ਕਰੇ ਅਤੇ ਹਰ ਪਾਠ ਪਿਛੋਂ ਬਾਉਲੀ ਵਿਚ ਇਸ਼ਨਾਨ ਕਰੇ ਉਸ ਦੀ ਚੌਰਾਸੀ ਕੱਟੀ ਜਾਵੇਗੀ ਅਤੇ ਉਹ ਸੰਸਾਰਕ ਭਵ ਸਾਗਰ ਨੂੰ ਪਾਰ ਕਰ ਜਾਵੇਗਾ।

ਬਾਉਲੀ ਦਾ ਕੰਮ ਹੋ ਜਾਣ ਪਿਛੋਂ ਇਹ ਵੇਖਿਆ ਗਿਆ ਕਿ ਜਲ ਉਪਰ ਨਹੀਂ ਸੀ ਆ ਰਿਹਾ। ਪਾਣੀ ਦੇ ਰਾਹ ਵਿਚ ਇਕ ਬਹੁਤ ਵੱਡੀ ਚਟਾਨ ਸੀ। ਉਸ ਚਟਾਨ ਨੂੰ ਤੋੜੇ ਬਗੈਰ ਪਾਣੀ ਉਪਰ ਨਹੀਂ ਸੀ ਆਉਂਦਾ। ਗੁਰੂ ਜੀ ਨੇ ਉਸੇ ਵੇਲੇ ਲਾਗੇ ਖੜੇ ਮਾਣਕ ਚੰਦ ਨੂੰ ਬੁਲਾਇਆ ਅਤੇ ਆਪਣੇ ਵਲੋਂ ਹਥੌੜਾ ਫੜਾ ਕੇ ਕਹਿਣ ਲੱਗੇ, 'ਆ ਫੜ ਹਥੌੜਾ ਅਤੇ ਸਾਰੇ ਜ਼ੋਰ ਨਾਲ ਚਟਾਨ ੳੇੁਤੇ ਮਾਰੋ, ਕੁੜ ਟੁੱਟ ਜਾਵੇਗਾ'।

ਗੁਰੂ ਜੀ ਦੀ ਆਗਿਆ ਮੰਨ ਕੇ ਮਾਣਕ ਚੰਦ ਬਾਉਲੀ ਵਿਚ ਉਤਰਿਆ। ਉਸ ਚਟਾਨ ਉਤੇ ਇਕ ਐਸਾ ਵਾਰ ਕੀਤਾ ਕਿ ਕੜ ਟੁੱਟ ਗਿਆ ਅਤੇ ਪਾਣੀ ਤੇਜ਼ ਫੁਹਾਰੇ ਵਾਂਗ ਉੱਪਰ ਆ ਗਿਆ। ਵੇਖਦਿਆਂ ਵੇਖਦਿਆਂ ਖੂਹ ਭਰ ਗਿਆ ਅਤੇ ਮਾਣਕ ਚੰਦ ਵਿਚ ਡੁੱਬ ਗਿਆ।

ਪਰ ਗੁਰੂ ਜੀ ਦੀ ਕਿਰਪਾ ਨਾਲ ਉਹ ਉੱਪਰ ਆ ਗਿਆ ਅਤੇ ਪੌੜੀਆਂ ਚੜ੍ਹ ਕੇ ਬਾਹਰ ਨਿਕਲ ਆਇਆ।

Disclaimer Privacy Policy Contact us About us