ਪ੍ਰੇਮਾ ਕੋੜ੍ਹੀ


ਪਿੰਡ ਖਾਰੀ ਜ਼ਿਲ੍ਹਾਂ ਲਾਹੌਰ ਦਾ ਰਹਿਣ ਵਾਲਾ ਇਕ ਪ੍ਰੇਮਾ ਨਾਂ ਦਾ ਅਨਾਥ ਬੱਚਾ ਸੀ। ਅਨਾਥ ਹੋਣ ਕਰਕੇ ਭੈੜੀ ਸੰਗਤ ਵਿੱਚ ਪੈ ਗਿਆ। ਉਸ ਕਈ ਪ੍ਰਕਾਰ ਦੇ ਅਯੋਗ ਕੰਮ ਕੀਤੇ ਤੇ ਉਸ ਨੂੰ ਕੋੜ੍ਹ ਹੋ ਗਿਆ। ਕੋੜ੍ਹ ਹੋਣ ਕਰਕੇ ਉਸ ਦੇ ਯਾਰਾਂ, ਦੋਸਤਾਂ ਨੇ ਉਸ ਨੂੰ ਛੱਡ ਦਿੱਤਾ। ਵਿਚਾਰਾ ਭੁੱਖਾ ਮਰਨ ਲੱਗਾ।

ਉਸਨੂੰ ਛੂਹਣ ਤੋਂ ਵੀ ਹਰ ਕੋਈ ਡਰਦਾ ਸੀ। ਇਸ ਲਈ ਜੇ ਕਿਸੇ ਨੂੰ ਤਰਸ ਵੀ ਆਉਂਦਾ ਤਾਂ ਰੋਟੀ ਦੂਰੋਂ ਹੀ ਸੁੱਟ ਜਾਂਦਾ। ਇਕ ਵਾਰ ਇਕ ਸਖੀ ਦਿਲ ਵਿਅਕਤੀ ਨੂੰ ਉਸ ਤੇ ਦਇਆ ਆਈ ਅਤੇ ਉਸ ਨੇ ਉਹਦੇ ਗਲ ਵਿਚ ਇਕ ਮਿੱਟੀ ਦੀ ਟਿੰਡ ਲਟਕਾ ਇੱਤੀ। ਹੁਣ ਲੋਕ ਉਸ ਦੀ ਟਿੰਡ ਵਿਚ ਰੋਟੀ ਪਾ ਦਿੰਦੇ। ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ।

ਇਕ ਦਿਨ ਉਸ ਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ ਤਾਂ ਉਹ ਬੜੀ ਮੁਸ਼ਕਲ ਨਾਲ ਤੁਰਦਾ ਹੋਇਆ ਗੋਇੰਦਵਾਲ ਪੁੱਜਾ। ਉਥੇ ਉਸ ਨੂੰ ਸਮੇਂ ਸਿਰ ਲੰਗਰ ਵਿਚੋਂ ਪ੍ਰਸ਼ਾਦ ਮਿਲਦਾ ਅਤੇ ਕੀਰਤਨ ਵੀ ਸੁਣਦਾ ਰਹਿੰਦਾ। ਫਿਰ ਦਿਨ ਵੇਲੇ ਬਾਉਲੀ ਸਾਹਿਬ ਦੇ ਪਾਸ ਜਾ ਦੇ ਬੈਠ ਜਾਂਦਾ ਅਤੇ ਟਿੰਡ ਵਜਾ ਕੇ ਪਾਠ ਕਰਦਾ ਰਹਿੰਦਾ।

ਬਾਉਲੀ ਦੇ ਦਰਸ਼ਨਾਂ ਨੂੰ ਆਈ ਸੰਗਤ ਦੇ ਪੈਰਾਂ ਦੀ ਧੂੜ ਮੱਥੇ ਨਾਲ ਲਾਉਂਦਾ ਅਤੇ ਉਸ ਨੂੰ ਹੀ ਜ਼ਖ਼ਮਾਂ ਤੇ ਵੀ ਲਾਉਂਦਾ। ਇਕ ਦਿਨ ਇਕ ਸਿੱਖ ਨੇ ਗੁਰੂ ਜੀ ਨੂੰ ਪ੍ਰੇਮੇ ਕੋੜ੍ਹੀ ਬਾਰੇ ਸਾਰੀ ਕਥਾ ਸੁਣਾਈ। ਗੁਰੂ ਜੀ ਨੇ ਉਸੇ ਵੇਲੇ ਇਕ ਸਿੱਖ ਨੂੰ ਭੇਜ ਕੇ ਪ੍ਰੇਮੇ ਕੋੜ੍ਹੇ ਨੂੰ ਉਥੇ ਬੁਲਾਇਆ ਜਿਥੇ ਗੁਰੂ ਜੀ ਰੋਜ਼ ਆਪ ਇਸ਼ਨਾਨ ਕਰਿਆ ਕਰਦੇ ਸਨ।

ਫੱਟੀ ਉੱਤੇ ਬਿਠਾ ਕੇ ਗੁਰੂ ਜੀ ਨੇ ਆਪਣੇ ਹੱਥੀਂ ਉਸ ਨੂੰ ਇਸ਼ਨਾਨ ਕਰਵਾਇਆ ਅਤੇ ਸੁੰਦਰ ਕਪੜੇ ਪਵਾਏ। ਪ੍ਰੇਮੇ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਇਕ ਤੰਦਰੁਸਤ, ਸੁੰਦਰ, ਛਬੀਲਾ ਨੌਜਵਾਨ ਬਣ ਗਿਆ। ਸਾਰੇ ਉਸ ਦੇ ਨਵੇਂ ਰੂਪ ਨੂੰ ਵੇਖ ਵੇਖ ਖੁਸ਼ ਹੋ ਰਹੇ ਸਨ।

ਗੁਰੂ ਜੀ ਨੇ ਕਿਹਾ, 'ਇਹ ਪ੍ਰੇਮਾ ਅੱਜ ਤੋਂ ਮੇਰਾ ਮੁਰਾਰੀ ਪੁੱਤਰ ਹੈ। ਪ੍ਰੇਮਾ ਕਾਇਆ ਪਲਟ ਕੇ ਮੁਰਾਰੀ ਹੋਇਆ ਹੈ। ਹੁਣ ਇਸ ਵਿਚ ਕੋਈ ਐਬ ਨਹੀਂ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਰੋਗ ਹੈ'। ਗੁਰੂ ਜੀ ਨੇ ਸੰਗਤ ਨੂੰ ਸੁਣਾ ਕੇ ਕਿਹਾ ਕਿ ਸੰਗਤ ਵਿਚ ਕੋਈ ਐਸਾ ਸਿੱਖ ਹੈ ਜੋ ਮੇਰੇ ਪੁੱਤਰ ਵਾਸਤੇ ਧੀ ਦਾ ਰਿਸ਼ਤਾ ਕਰੇ।

ਉਥੇ ਉਸ ਵੇਲੇ ਗੁਰੂ ਘਰ ਦਾ ਇਕ ਪੁਰਾਣਾ ਸਿੱਖ ਸ਼ੀਹਾਂ ਬੈਠਾ ਸੀ। ਉਸ ਨੇ ਉਠ ਕੇ ਕਿਹਾ, 'ਮਹਾਰਾਜ ਮੈਨੂੰ ਆਪਣੀ ਧੀ ਮੱਥਰੋ ਵਾਸਤੇ ਮੁਰਾਰੀ ਦਾ ਰਿਸ਼ਤਾ ਪ੍ਰਵਾਨ ਹੈ'। ਜਦ ਸ਼ੀਹਾਂ ਇਹ ਕੁਝ ਕਹਿ ਹੀ ਰਿਹਾ ਸੀ ਤਾਂ ਸ਼ੀਹੇ ਦੀ ਘਰ ਵਾਲੀ ਜਿਹੜੀ ਉਸ ਸਮੇਂ ਲੰਗਰ ਵਿਚ ਪ੍ਰਸ਼ਾਦ ਪਕਾ ਰਹੀ ਸੀ ਉੱਠ ਕੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋਈ।

ਉਹ ਕਹਿਣ ਲੱਗੀ, 'ਮਹਾਰਾਜ ਸ਼ੀਹੇਂ ਦਾ ਤਾਂ ਦਿਮਾਗ ਟਿਕਾਣੇ ਨਹੀਂ, ਮੈਨੂੰ ਇਹ ਰਿਸ਼ਤਾ ਬਿਲਕੁਲ ਪ੍ਰਵਾਨ ਨਹੀਂ। ਕੀ ਪਤਾ ਇਹ ਮੁੰਢਾ ਕਿਸ ਕੁੱਲ, ਕਿਸ ਜਾਤ, ਕਿਸ ਬਰਾਦਰੀ ਦਾ ਹੈ, ਮੈਂ ਆਪਣੀ ਧੀ ਦਾ ਜਨਮ ਭ੍ਰਿਸ਼ਟ ਨਹੀਂ ਕਰਨਾ ਹੈ?'

ਗੁਰੂ ਜੀ ਨੇ ਕਿਹਾ, 'ਇਹ ਮੇਰਾ ਪੁੱਤਰ ਹੈ, ਇਸ ਲਈ ਮੇਰੇ ਹੀ ਖਾਨਦਾਨ ਵਿਚੋਂ ਹੈ। ਇਹ ਮੱਥਰੋ ਮੁਰਾਰੀ ਦੀ ਜੋੜੀ ਧੁਰੋਂ ਹੀ ਲਿਖੀ ਆਈ ਹੈ, ਇਸ ਲਈ ਤੈਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਪੁੱਤਰ ਦਾ ਵਿਆਹ ਆਪ ਕਰਾਂਗੇ'। ਸ਼ੀਹੇਂ ਦੀ ਘਰ ਵਾਲੀ ਨੂੰ ਸਮਝ ਪੈ ਗਈ। ਗੁਰੂ ਜੀ ਅੱਗੇ ਮੱਥਾ ਟੇਕ ਕੇ ਅਤੇ ‘ਧੰਨ ਮਹਾਰਾਜ ਜਿਵੇਂ ਤੁਹਾਡੀ ਮਰਜ਼ੀ' ਕਹਿ ਕੇ ਚਲੀ ਗਈ।

ਬਾਅਦ ਵਿਚ ਮੱਥਰੋ ਮੁਰਾਰੀ ਦਾ ਵਿਆਹ ਹੋ ਗਿਆ। ਦੋਹਾਂ ਨੂੰ ਗੁਰੂ ਘਰ ਦਾ ਪ੍ਰਚਾਰਕ ਥਾਪਿਆ ਗਿਆ ਅਤੇ ਬਾਈ ਮੰਜੀਆਂ ਵਿੱਚੋਂ ਇਕ ਮੰਜੀ ਦੀ ਬਖ਼ਸ਼ਿਸ਼ ਕੀਤੀ।

Disclaimer Privacy Policy Contact us About us