ਗੰਗੂ ਖਤਰੀ


ਗੰਗੂ ਖਤਰੀ ਗੜ੍ਹ ਸ਼ੰਕਰ ਦਾ ਵੱਡਾ ਸ਼ਾਹੂਕਾਰ ਸੀ। ਉਸ ਦਾ ਸ਼ਾਹੂਕਾਰਾ ਦੂਰ ਦੂਰ ਤਕ ਚਲਦਾ ਸੀ ਅਤੇ ਕਿਸੇ ਵਸਤੂ ਦੀ ਤੋਟ ਨਹੀਂ ਸੀ, ਪਰ ਕੁਦਰਤ ਦੇ ਰੰਗਾਂ ਨੂੰ ਕੌਣ ਜਾਣਦਾ ਹੈ।

ਉਸਦਾ ਕੰਮ ਏਨਾ ਡਿੱਗਾ ਕਿ ਰੋਟੀ ਤੋਂ ਵੀ ਆਤਰ ਹੋ ਗਿਆ। ਕਿਸੇ ਨੇ ਗੁਰੂ ਅਮਰਦਾਸ ਜੀ ਦੀ ਦੱਸ ਪਾਈ ਤਾਂ ਆਪ ਗੋਇੰਦਵਾਲ ਦਰਸ਼ਨਾਂ ਵਾਸਤੇ ਆਇਆ। ਗੁਰੂ ਭੇਟ ਕਰਨ ਖਾਤਰ ਘਰ ਵਿਚ ਨਕਦੀ ਤਾਂ ਨਹੀਂ ਸੀ, ਇਸ ਲਈ ਇਕ ਗੁੜ ਦੀ ਰੋੜੀ ਹੀ ਭੇਟਾ ਲਈ ਨਾਲ ਲੈ ਆਇਆ।

ਲੰਗਰ ਛੱਕ ਕੇ ਜਦ ਦਰਬਾਰ ਵਿਚ ਹਾਜ਼ਰ ਹੋਇਆ ਤਾਂ ਗੁੜ ਦੀ ਰੋੜੀ ਨੂੰ ਚੜ੍ਹਾਵੇ ਵਜੋਂ ਭੇਟ ਕਰਨ ਤੋਂ ਝਿਜਕ ਗਿਆ। ਉਹ ਸੋਚਣ ਲੱਗਾ ਕਿ ਸਿੱਖਾਂ ਵਲੋਂ ਕਿੰਨੀਆਂ ਕੀਮਤੀ ਭੇਟਾਵਾਂ ਅਰਪਣ ਕੀਤੀਆਂ ਜਾ ਰਹੀਆਂ ਹਨ ਪਰ ਉਸ ਪਾਸ ਇਕ ਗੁੜ ਦੀ ਰੋੜੀ ਹੈ।

ਗੁਰੂ ਜੀ ਜਾਣੀ ਜਾਣ ਸਨ। ਉਨ੍ਹਾਂ ਨੇ ਗੰਗੂ ਦੀ ਅੰਤਰਮੁਖੀ ਦਸ਼ਾ ਨੂੰ ਭਾਂਪ ਲਿਆ। ਉਨ੍ਹਾਂ ਆਵਾਜ਼ ਮਾਰ ਕੇ ਗੰਗੂ ਨੂੰ ਆਪਣੇ ਪਾਸ ਬੋਲਾਇਆ ਅਤੇ ਉਸ ਦੀ ਗੁੜ ਦੀ ਰੋੜੀ ਆਪ ਮੰਗ ਕੇ ਲਈ। ਗੁਰੂ ਜੀ ਨੇ ਕੁਝ ਗੁੜ ਆਪ ਖਾਧਾ ਅਤੇ ਬਾਕੀ ਸੰਗਤਾਂ ਵਿਚ ਵਰਤਾ ਦਿੱਤਾ।

ਭਾਈ ਗੰਗੂ ਕਾਫੀ ਸਮਾਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਅਤੇ ਗੁਰੂ ਜੀ ਦੇ ਕਿਸੇ ਕੰਮ ਆ ਜਾਣ ਤੇ ਬਹੁਤ ਪ੍ਰਸੰਣ ਹੁੰਦੇ। ਗੁਰੂ ਜੀ ਉਹਨਾਂ ਦੀ ਸੇਵਾ ਉਤੇ ਬਹੁਤ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਆਪਣੇ ਕੋਲੋਂ ਕੁਝ ਮੋਹਰਾਂ ਦੇ ਕੇ ਉਸ ਨੂੰ ਦਿੱਲੀ ਜਾਣ ਦੀ ਆਗਿਆ ਦਿੱਤੀ।

ਉਨ੍ਹਾਂ ਕਿਹਾ, 'ਇਸ ਰਕਮ ਨਾਲ ਦਿੱਲੀ ਜਾ ਕੇ ਸ਼ਾਹੂਕਾਰਾ ਕਰੋ, ਵਾਹਿਗੁਰੂ ਬਰਕਤ ਪਾਵੇਗਾ'। ਭਾਈ ਗੰਗੂ ਨੇ ਗੁਰੂ ਜੀ ਵਲੋਂ ਦਿੱਤੀ ਰਕਮ ਨਾਲ ਆਪਣਾ ਕਾਰੋਬਾਰ ਆਰੰਭ ਕਰ ਲਿਆ ਅਤੇ ਕੁਝ ਸਮੇਂ ਵਿਚ ਉਹ ਇਕ ਬਹੁਤ ਵੱਡਾ ਸ਼ਾਹੂਕਾਰ ਬਣ ਗਿਆ।

ਕਿਹਾ ਜਾਂਦਾ ਹੈ ਕਿ ਇਕ ਵਾਰ ਲਾਹੌਰ ਦੇ ਹਾਕਮ ਨੂੰ ਇਕ ਲੱਖ ਮੋਹਰਾਂ ਦੀ ਇਕੋ ਹੁੰਡੀ ਚਾਹੀਦੀ ਸੀ। ਦਿੱਲੀ ਵਿਚ ਕੋਈ ਵੀ ਸ਼ਾਹੂਕਾਰ ਇਕ ਹੁੰਡੀ ਨਾ ਦੇ ਸਕਿਆ। ਪਰ ਭਾਈ ਗੰਗੂ ਨੇ ਇਕ ਲੱਖ ਮੋਹਰਾਂ ਰੱਖ ਕੇ ਇਕ ਦਰਸ਼ਨੀ ਹੁੰਡੀ ਪਹੁੰਚਾ ਦਿੱਤੀ।

ਉਸ ਦੀ ਏਨੀ ਸਮਰੱਥਾ ਨੂੰ ਵੇਖ ਕੇ ਮੁਗਲ ਹਾਕਮ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਦਾ ਮੁਗਲ ਦਰਬਾਰ ਵਿਚ ਬਹੁਤ ਸਨਮਾਨ ਵੱਧ ਗਿਆ। ਉਨ੍ਹਾਂ ਸਮਿਆਂ ਵਿਚ ਦਿੱਲੀ ਵਿਚ ਇਕ ਗੁਰਸਿੱਖ ਦੀ ਲੜਕੀ ਦਾ ਵਿਆਹ ਸੀ। ਉਹ ਸਹਾਇਤਾ ਲੈਣ ਵਾਸਤੇ ਗੁਰੂ ਅਮਰਦਾਸ ਜੀ ਪਾਸ ਗੋਇੰਦਵਾਲ ਸਾਹਿਬ ਆਇਆ।

ਗੁਰੂ ਜੀ ਨੇ ਪਂਜਾਹ ਰੁਪਏ ਦੀ ਹੁੰਡੀ ਭਾਈ ਗੰਗੂ ਦੇ ਨਾਂ ਲਿਖ ਦਿੱਤੀ। ਜਦ ਦਿੱਲੀ ਵਿਚ ਉਹ ਸਿੱਖ ਭਾਈ ਗੰਗੂ ਨੂੰ ਮਿਲਿਆ ਤਾਂ ਭਾਈ ਗੰਗੂ ਨੇ ਪੰਜਾਹ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ, ਇਥੇ ਗੁਰੂ ਜੀ ਤੇ ਖਾਤੇ ਵਿਚ ਕੋਈ ਰਕਮ ਨਹੀਂ ਹੈ।

ਉਹ ਗੁਰੂ ਜੀ ਕੋਲ ਵਾਪਸ ਗੋਇੰਦਵਾਲ ਆਇਆ ਤੇ ਬੀਤੀ ਵਾਰਤਾ ਕਹਿ ਸੁਣਾਈ। ਗੁਰੂ ਜੀ ਨੇ ਆਪਣੇ ਪਾਸੋਂ ਉਸ ਨੂੰ ਪੰਜਾਹ ਰੁਪਏ ਦੇ ਕੇ ਤੋਰਿਆ। ਕੁਝ ਸਮੇਂ ਬਾਅਦ ਭਾਈ ਗੰਗੂ ਦਾ ਕੰਮ ਡਿੱਗਣ ਲੱਗਾ। ਡਿੱਗਦਾ ਡਿੱਗਦਾ ਇਥੇ ਜਾ ਪਹੁੰਚਿਆ ਕਿ ਉਹ ਕਰਜ਼ਾਈ ਹੋ ਗਿਆ।

ਕਰਜ਼ੇਦਾਰਾਂ ਤੋਂ ਜਾਨ ਛੁਡਾਉਣ ਲਈ ਫਿਰ ਗੋਇੰਦਵਾਲ ਆ ਗਿਆ। ਦਿਨ ਰਾਤ ਗੁਰੂ ਘਰ ਦੀ ਸੇਵਾ ਕਰੇ, ਪਰ ਗੁਰੂ ਜੀ ਦੇ ਸਨਮੁੱਖ ਹੋਣ ਦਾ ਹੀਆ ਨਾ ਕਰੇ।

ਇਸ ਤਰ੍ਹਾਂ ਕਾਰ ਸੇਵਾ ਕਈ ਮਹੀਨੇ ਕਰਨ ਤੋਂ ਬਾਅਦ ਗੁਰੂ ਜੀ ਨੇ ਆਪ ਉਸ ਨੂੰ ਆਪਣੇ ਪਾਸ ਬੁਲਾਇਆ ਅਤੇ ਉਸ ਤੇ ਕ੍ਰਿਪਾ ਦ੍ਰਿਸ਼ਟੀ ਕੀਤੀ। ਭਾਈ ਗੰਗੂ ਨੇ ਹੱਥ ਜੋੜ ਕੇ ਖਿਮਾਂ ਮੰਗੀ। ਗੁਰੂ ਜੀ ਨੇ ਉਸ ਨੂੰ ਬਖ਼ਸ਼ ਦਿੱਤਾ।

ਸੁੰਦਰ ਕੱਪੜੇ ਪਵਾ ਕੇ ਕੁਝ ਮਾਇਆ ਦੇ ਕੇ ਆਪਣੇ ਪਿੰਡ ਜਾਣ ਦੀ ਆਗਿਆ ਦਿੱਤੀ। ਸੰਗਤਾਂ ਨੂੰ ਇਸ ਗੱਲ ਦੀ ਸੋਝੀ ਹੋਈ ਕਿ ਮਾਇਆ ਵਿਚ ਡੁੱਬ ਕੇ ਆਪਣੇ ਗੁਰੂ ਨੂੰ ਨਹੀਂ ਵਿਸਾਰ ਦੇਣਾ ਚਾਹੀਦਾ।

Disclaimer Privacy Policy Contact us About us