ਭਾਈ ਲੰਘਾਹ


ਭਾਈ ਲੰਘਾਹ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ। ਇਕ ਲੱਤ ਤੋ ਲੰਘਾ ਹੋਣ ਕਰਕੇ ਉਸ ਨੂੰ ਸਾਰੇ ਭਾਈ ਲੰਘਾਹ ਹੀ ਕਹਿੰਦੇ ਸਨ। ਉਹ ਗੁਰੂ ਘਰ ਦਾ ਬਹੁਤ ਹੀ ਪ੍ਰੇਮੀ ਸੀ ਤੇ ਰੋਜ਼ ਗੁਰੂ ਜੀ ਵਾਸਤੇ ਦਹੀਂ ਲੈ ਕੇ ਆਇਆ ਕਰਦਾ ਸੀ। ਤਲਵੰਡੀ ਗੋਇੰਦਵਾਲ ਤੋਂ ਤਿੰਨ ਮੀਲ ਦੂਰ ਸੀ।

ਇਹ ਤਿੰਨ ਮੀਲ ਦਾ ਪੈਂਡਾ ਉਹ ਚਲ ਕੇ ਰੋਜ਼ ਹਾਜ਼ਰ ਹੁੰਦਾ ਸੀ ਅਤੇ ਗੁਰੂ ਸਾਹਿਬ ਉਸ ਦੇ ਦਹੀਂ ਨਾਲ ਹੀ ਨਾਸ਼ਤਾ ਕਰਦੇ ਸਨ। ਇਕ ਦਿਨ ਜਦ ਉਹ ਗੋਇੰਦਵਾਲ ਆ ਰਿਹਾ ਸੀ ਤਾਂ ਪਿੰਡ ਦਾ ਚੌਧਰੀ ਉਸ ਨੂੰ ਕਹਿਣ ਲੱਗਾ, 'ਜਿਸ ਗੁਰੂ ਵਾਸਤੇ ਰੋਜ਼ ਦਹੀਂ ਲੈ ਕੇ ਜਾਂਦਾ ਏਂ ਕੀ ਉਹ ਤੇਰੀ ਲੱਤ ਵੀ ਠੀਕ ਨਹੀਂ ਕਰ ਸਕਦਾ?'

ਭਾਈ ਲੰਘਾਹ ਵਾਸਤੇ ਹੁਣ ਤੁਰਨਾ ਬਹੁਤ ਮੁਸ਼ਕਲ ਸੀ, ਪਰ ਦਹੀਂ ਵੀ ਹਰ ਹਾਲਤ ਵਿਚ ਪਹੁੰਚਾਉਣਾ ਸੀ। ਇਸ ਲਈ ਉਸ ਨੇ ਇਕ ਡੰਡਾ ਲਿਆ ਤੇ ਉਸ ਦਾ ਸਹਾਰਾ ਲੈਂਦਾ ਹੋਇਆ ਹੌਲੀ ਹੌਲੀ ਗੋਇੰਦਵਾਲ ਪੁੱਜਾ। ਪਰ ਲੰਘਾਹ ਦੇ ਸਮੇਂ ਸਿਰ ਨਾ ਆਉਣ ਕਰਕੇ ਗੁਰੂ ਜੀ ਨੂੰ ਹੋਰ ਦਹੀਂ ਦੇ ਦਿੱਤਾ ਗਿਆ।

ਪਰ ਗੁਰੂ ਜੀ ਨੇ ਉਹ ਦਹੀਂ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਜਦ ਤੱਕ ਸਾਡਾ ਪਿਆਰਾ ਸਿੱਖ ਖੁਦ ਦਹੀਂ ਲੈ ਕੇ ਨਹੀਂ ਆਉਂਦਾ ਅਸੀਂ ਤਦ ਤਕ ਨਾਸ਼ਤਾ ਨਹੀਂ ਕਰਾਂਗੇ। ਕੁਝ ਸਮੇਂ ਬਾਅਦ ਡਿੱਗਦਾ ਢਹਿੰਦਾ ਭਾਈ ਲੰਘਾਹ ਵੀ ਦਹੀਂ ਲੈ ਕੇ ਪਹੁੰਚ ਗਿਆ। ਗੁਰੂ ਜੀ ਨੇ ਉਸ ਦਾ ਦਹੀਂ ਲਿਆ ਤੇ ਨਾਸ਼ਤਾ ਕੀਤਾ।

ਫਿਰ ਗੁਰੂ ਜੀ ਨੇ ਭਾਈ ਲੰਘਾਹ ਨੂੰ ਆਪਣੇ ਪਾਸ ਬੁਲਾਇਆ ਅਤੇ ਕਹਿਣ ਲੱਗੇ, 'ਭਾਈ ਲੰਘਾਹ ਕੀ ਗੱੱਲ ਅੱਜ ਏਨੀ ਦੇਰ ਹੋ ਗਈ?' ਭਾਈ ਲੰਘਾਹ ਨੇ ਆਪਣੀ ਸਾਰੀ ਵਿੱਥਿਆ ਸੁਣਾਈ ਅਤੇ ਦੱਸਿਆ ਕਿ ਉਹ ਬਹੁਤ ਮੁਸ਼ਕਿਲ ਨਾਲ ਆਇਆ ਹੈ।

ਗੁਰੂ ਜੀ ਉਸ ਦਾ ਸਾਰਾ ਬਿਰਤਾਂਤ ਸੁਣ ਕੇ ਕਹਿਣ ਲੱਗੇ, 'ਹੁਣ ਤੇਰੀ ਲੱਤ ਸਾਨੂੰ ਠੀਕ ਕਰਵਾਉਣੀ ਹੀ ਪਵੇਗੀ, ਤੂੰ ਹੁਣ ਇਸ ਤਰ੍ਹਾਂ ਕਰ ਕਿ ਸਿੱਧਾ ਲਾਹੌਰ ਚਲਾ ਜਾ ੳਥੇ ਸੂਫੀ ਸੰਤ ਸ਼ਾਹ ਹੁਸੈਨ ਨੂੰ ਜਾ ਕੇ ਮਿਲ ਉਹ ਤੇਰੀ ਲੱਤ ਠੀਕ ਕਰ ਦੇਵੇਗਾ। ਉਸ ਨੂੰ ਸਾਡੇ ਬਾਰੇ ਦੱਸਣਾ ਕਿ ਅਸੀਂ ਤੈਨੂੰ ਭੇਜਿਆ ਹੈ'।

ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਲੰਘਾਹ ਕੁਝ ਗੁਰਸਿਖਾਂ ਦੀ ਸਹਾਇਤਾ ਨਾਲ ਲਾਹੌਰ ਚਲਾ ਗਿਆ ਅਤੇ ਸੂਫੀ ਸ਼ਾਹ ਹੁਸੈਨ ਦੇ ਦਰਬਾਰ ਵਿਚ ਪੁੱਜ ਗਿਆ। ਉਥੇ ਜਾ ਕੇ ਉਸ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ। ਬਾਅਦ ਵਿਚ ਉਸ ਆਪਣੀ ਲੱਤ ਬਾਰੇ ਵਿਸਤਾਰ ਨਾਲ ਦੱਸਿਆ।

ਭਾਈ ਲੰਘਾਹ ਦੀਆ ਇਹ ਗੱਲਾਂ ਸੁਣ ਕੇ ਸ਼ਾਹ ਹੁਸੈਨ ਬਹੁਤ ਗੁੱਸੇ ਵਿਚ ਆ ਗਿਆ ਤੇ ਉੱਚੀ ਉੱਚੀ ਗਾਲ੍ਹਾਂ ਕੱਢਣ ਲੱਗਾ। ਫਿਰ ਉਸ ਇਕ ਡੰਡਾ ਲਿਆ ਤੇ ਤਾੜ ਤਾੜ ਭਾਈ ਲੰਘਾਹ ਦੇ ਮਾਰਨ ਲੱਗਾ। ਭਾਈ ਲੰਘਾਹ ਪਾਸ ਭੱਜਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।

ਡੰਡਿਆਂ ਦੀ ਮਾਰ ਤੋਂ ਬਚਣ ਲਈ ਉਹ ਜ਼ੋਰ ਦੀ ਭੱਜ ਉੱਠਿਆ ਅਤੇ ਜਦ ਬਾਹਰ ਜਾ ਕੇ ਉਸ ਵੇਖਿਆ ਤਾਂ ਉਸ ਦੀ ਲੱਤ ਬਿਲਕੁਲ ਠੀਕ ਸੀ। ਉਹ ਵਾਪਸ ਡੇਰੇ ਵਿਚ ਆਇਆ ਅਤੇ ਸ਼ਾਹ ਹੁਸੈਨ ਦੇ ਪੈਰੀਂ ਪੈ ਗਿਆ।

ਸ਼ਾਹ ਹੁਸੈਨ ਨੇ ਆਪਣੇ ਪੈਰ ਪਿਛਾਂਹ ਖਿੱਚ ਲਏ ਅਤੇ ਕਹਿਣ ਲੱਗਾ, 'ਉਸ ਦੇ ਚਰਨੀਂ ਲੱਗ ਜਿਸ ਨੇ ਤੈਨੂੰ ਏਥੇ ਭੇਜਿਆ ਹੈ। ਕਰਨ ਕਰਾਵਨ ਵਾਲਾ ਉਹ ਆਪ ਹੀ ਹੈ, ਕੇਵਲ ਸਾਡਾ ਨਾਂ ਲਾਇਆ ਹੈ। ਉਸ ਉੱਤੇ ਵਿਸ਼ਵਾਸ ਕਰੋ ਅਤੇ ਜੋ ਕੁਝ ਮੰਗਣਾ ਹੈ ਉਸ ਪਾਸੋਂ ਮੰਗੋ।

ਭਾਈ ਲੰਘਾਹ ਵਾਪਸ ਗੋਇੰਦਵਾਲ ਸਾਹਿਬ ਆ ਗਿਆ ਅਤੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਕਹਿਣ ਲੱਗਾ, 'ਮਹਾਰਾਜ ਇਹ ਆਪ ਜੀ ਦੀ ਅਜੀਬ ਖੇਡ ਹੈ, ਇਹ ਸਭ ਕੁਝ ਤਾਂ ਤੁਸੀਂ ਕਰ ਸਕਦੇ ਸੀ ਫਿਰ ਮੈਨੂੰ ਕਿਸ ਵਾਸਤੇ ਲਾਹੌਰ ਭੇਜਿਆ'।

ਗੁਰੂ ਜੀ ਮੁਸਕਰਾ ਪਏ ਅਤੇ ਕਹਿਣ ਲੱਗੇ, 'ਇਕ ਵਾਹਿਗੁਰੂ ਉਤੇ ਵਿਸ਼ਵਾਸ ਰੱਖੋ ਉਹ ਹੀ ਸਭ ਕੁਝ ਕਰਨ ਵਾਲਾ ਹੈ'।

Disclaimer Privacy Policy Contact us About us