ਅਕਬਰ ਬਾਦਸ਼ਾਹ ਦਾ ਗੋਇੰਦਵਾਲ ਆਉਣਾ


ਉੱਚੀ ਜਾਤ ਦੇ ਬ੍ਰਾਹਮਣ ਅਤੇ ਖੱਤਰੀ ਗੁਰੂ ਜੀ ਦੇ ਸ਼ਾਝੇ ਲੰਗਰ ਨੂੰ ਬਰਦਾਸ਼ਤ ਨਹੀਂ ਸੀ ਕਰ ਰਹੇ। ਉਹ ਕਿਸੇ ਵੀ ਢੰਗ ਨਾਲ ਉਸ ਲੰਗਰ ਨੂੰ ਬੰਦ ਕਰਵਾਉਣਾ ਚਾਹੁੰਦੇ ਸਨ। ਜਿਥੇ ਨੀਵੀਆਂ ਜਾਤੀਆਂ ਦੇ ਲੋਕ ਉੱਚੀ ਜਾਤ ਦੇ ਲੋਕਾਂ ਨਾਲ ਮਿਲ ਕੇ ਇਕ ਪੰਗਤ ਵਿਚ ਬੈਠ ਕੇ ਭੋਜਨ ਛੱਕਦੇ ਸਨ।

ਉਨ੍ਹਾਂ ਗੋਇੰਦੇ ਮਰਵਾਹੇ ਦੇ ਪੁੱਤਰ ਨੂੰ ਇਹ ਚੁੱਕਣਾ ਦਿੱਤੀ ਕਿ ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਕਰੇ। ਉਸ ਨੇ ਸ਼ਿਕਾਇਤ ਕੀਤੀ ਕਿ ਉਸ ਆਪਣੀ ਜ਼ਮੀਨ ਉੱਤੇ ਇਕ ਸਾਧੂ ਨੂੰ ਬਿਠਾਇਆ ਸੀ, ਪਰ ਸਾਧੂ ਇਹ ਜ਼ਮੀਨ ਮੱਲ ਕੇ ਬੈਠ ਗਿਆ ਹੈ। ਅਕਬਰ ਨੇ ਲਾਹੋਰ ਦੇ ਨਵਾਬ ਨੂੰ ਪੜਤਾਲ ਕਰਨ ਭੇਜਿਆ।

ਲਾਹੌਰ ਦਾ ਨਵਾਬ ਅਤੇ ਉਸਦੇ ਅਹਿਲਕਾਰ ਜਦ ਗੋਇੰਦਵਾਲ ਪੁੱਜੇ ਤਾਂ ਗੁਰੂ ਜੀ ਦੇ ਭਗਤੀ ਭਾਵ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ। ਗੁਰੂ ਸਾਹਿਬ ਇਕ ਰੱਬ ਨੂੰ ਮੰਨਦੇ ਸਨ ਅਤੇ ਜਾਤ ਪਾਤ ਤੋਂ ਉੱਪਰ ਉੱਠ ਇਕ ਲੰਗਰ ਵਿਚ ਭੋਜਨ ਕਰਦੇ ਸਨ। ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਮਰਵਾਹਾ ਝੂਠਾ ਹੈ।

ਇਸ ਤੋਂ ਬਾਅਦ ਬ੍ਰਾਹਮਣਾਂ ਨੇ ਸਨਾਤਨੀ ਹਿੰਦੂਆਂ ਨਾਲ ਮਿਲ ਕੇ ਦਰਖਾਸਤ ਦਿੱਤੀ ਕਿ ਗੁਰੂ ਅਮਰਦਾਸ ਜਾਤ ਪਾਤ ਖਤਮ ਕਰ ਰਹੇ ਹਨ ਅਤੇ ਇਕ ਨਵਾਂ ਧਰਮ ਚਲਾ ਕੇ ਦੇਵਤਿਆਂ ਦੀ ਪੂਜਾ, ਗੰਗਾ ਇਸ਼ਨਾਨ ਆਦਿ ਸਭ ਬੰਦ ਕਰ ਦਿੱਤੇ ਹਨ।

ਬਾਦਸ਼ਾਹ ਅਕਬਰ ਉਸ ਸਮੇਂ ਲਾਹੌਰ ਆਇਆ ਹੋਇਆ ਸੀ, ਉਸ ਗੁਰੂ ਜੀ ਨੂੰ ਸਨੇਹਾ ਭੇਜਿਆ ਕਿ ਆਪਣਾ ਪੱਖ ਸਪੱਸ਼ਟ ਕਰਨ ਹਿੱਤ ਲਾਹੌਰ ਪੁੱਜਣ। ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਬੁਲਾਇਆ ਅਤੇ ਆਪਣੇ ਵਲੋਂ ਥਾਪੜਾ ਦੇ ਕੇ ਲਾਹੌਰ ਭੇਜ ਦਿੱਤਾ।

ਭਾਈ ਜੇਠਾ ਜਦ ਕਚਹਿਰੀ ਵਿਚ ਪੁੱਜੇ ਤਾਂ ਉਨ੍ਹਾਂ ਸਿੱਖ ਮੱਤ ਦੇ ਸਾਰੇ ਪਹਿਲੂਆਂ ਨੂੰ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਕਿਹਾ ਕਿ ਸਿੱਖ ਕੇਵਲ ਇਕ ਰੱਬ ਨੂੰ ਮੰਨਦੇ ਹਨ। ਇਸ ਲਈ ਦੇਵੀ ਦੇਵਤਿਆਂ ਦੀ ਪੂਜਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮਨੁੱਖ ਨੇ ਜਾਤਾਂ ਆਪਣੇ ਲਾਭ ਹਿੱਤ ਬਣਾਈਆਂ ਹਨ ਅਤੇ ਏਸੇ ਲਾਭ ਨੂੰ ਹੀ ਮੁਖ ਰੱਖ ਕੇ ਇਹ ਬ੍ਰਾਹਮਣ ਸ਼ਿਕਾਇਤਾਂ ਲੈ ਕੇ ਆਏ ਹਨ। ਬਾਦਸ਼ਾਹ ਅਕਬਰ ਨੇ ਭਾਈ ਜੇਠਾ ਜੀ ਦੀਆਂ ਦਲੀਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਬ੍ਰਾਹਮਣਾਂ ਦੀ ਅਰਜ਼ੀ ਖਾਰਜ ਕਰ ਦਿੱਤੀ।

ਬਾਦਸ਼ਾਹ ਅਕਬਰ ਭਾਈ ਜੇਠਾ ਜੀ ਦੀਆ ਗੱਲਾਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਗੁਰੂ ਨੂੰ ਮਿਲਣ ਦੀ ਖ਼ਾਹਿਸ਼ ਪ੍ਰਗਟ ਕੀਤੀ। ਭਾਈ ਜੇਠਾ ਜੀ ਉਨ੍ਹਾਂ ਨੂੰ ਆਉਣ ਦਾ ਖੁਲ੍ਹਾ ਸੱਦਾ ਦੇ ਦਿਤਾ। ਜਦ ਵੀ ਅਕਬਰ ਬਾਦਸ਼ਾਹ ਨੂੰ ਸਮਾਂ ਮਿਲੇ ਉਹ ਗੁਰੁ ਜੀ ਦੇ ਦਰਸ਼ਨ ਲਈ ਆ ਸਕਦੇ ਹਨ।

ਕੁਝ ਸਮੇਂ ਬਾਅਦ ਹੀ ਬਾਦਸ਼ਾਹ ਅਕਬਰ ਆਪਣੇ ਅਹਿਲਕਾਰਾਂ ਸਮੇਤ ਗੋਇੰਦਵਾਲ ਪੁਜਿਆ। ਇਹ ਇਕ ਵੱਡੀ ਗੱਲ ਸੀ ਕਿ ਬਾਦਸ਼ਾਹ ਇਕ ਫਕੀਰ ਦੇ ਦਰਸ਼ਨ ਨੂੰ ਨੰਗੇ ਪੈਰੀਂ ਜਾਵੇ।

ਲਾਹੌਰ ਦੇ ਨਵਾਬ ਨੇ ਬੇਸ਼ਕ ਸੜਕ ਤੋਂ ਲੈ ਕੇ ਗੁਰੂ ਸਾਹਿਬ ਦੇ ਡੇਰੇ ਤੱਕ ਗਲੀਚੇ ਵਿਛਾ ਦਿੱਤੇ ਸਨ, ਪਰ ਅਕਬਰ ਨੇ ਗਲੀਚਿਆਂ ਉੱਤੇ ਪੈਰ ਨਾ ਰਖਿਆ ਅਤੇ ਰੇਤਾਂ ਤੇ ਚੱਲਦਾ ਗੁਰੂ ਕੇ ਲੰਗਰ ਤੱਕ ਪੁੱਜਾ।

ਇਥੇ ਗੁਰੂ ਜੀ ਦੀ ਮਰਿਯਾਦਾ ਨੂੰ ਮੁੱਖ ਰਖਦਿਆਂ ਉਹ ਪਹਿਲਾਂ ਲੰਗਰ ਵਿਚ ਗਏ। ਸਭ ਜਾਤਾਂ ਦੇ ਲੋਕਾਂ ਨੂੰ ਲੰਗਰ ਵਿਚ ਢਿੱਡ ਭਰ ਕੇ ਖਾਂਦਾ ਵੇਖ ਕੇ ਅਕਬਰ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ।

ਫਿਰ ਉਹ ਗੁਰੂ ਜੀ ਪਾਸ ਗਿਆ ਅਤੇ ਉਨ੍ਹਾਂ ਦੇ ਪ੍ਰਵਚਨ ਸੁਣੇ। ਗੁਰੂ ਜੀ ਨੇ ਉਨ੍ਹਾਂ ਨੂੰ ਜੀਵਨ ਮਾਰਗ ਬਾਰੇ ਸੋਝੀ ਕਰਵਾਈ। ਗੁਰੂ ਦੇ ਲੰਗਰ ਦੀ ਪ੍ਰਥਾ ਤੇ ਖੁਸ਼ ਹੋ ਕੇ ਉਸ ਲੰਗਰ ਦੇ ਨਾਂ ਜਾਗੀਰ ਲਾਉਣੀ ਚਾਹੀ।

ਪਰ ਗੁਰੂ ਜੀ ਨੇ ਇਹ ਕਹਿ ਕੇ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਲੰਗਰ ਕੇਵਲ ਉਪਾਸ਼ਕਾਂ ਦੀ ਉਗਰਾਹੀ ਨਾਲ ਚਲਦੇ ਹਨ। ਜਾਗੀਰਾਂ ਨਾਲ ਚੱਲਣ ਵਾਲੇ ਲੰਗਰ ਨਹੀਂ ਰਹਿੰਦੇ। ਉਨ੍ਹਾਂ ਇਹ ਵੀ ਕਿਹਾ ਕਿ ਸਭ ਕੁਝ ਪ੍ਰਭੂ ਦਾ ਦਿੱਤਾ ਮੌਜੂਦ ਹੈ।

ਅਕਬਰ ਗੁਰੂ ਜੀ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਹਰ ਸਾਲ ਵਿਸਾਖੀ ਉਤੇ ਇਕ ਲੱਖ, ਵੀਹ ਹਜਾਰ ਰੁਪਏ ਗੋਇੰਦਵਾਲ ਵਿਖੇ ਅਰਦਾਸ ਵਾਸਤੇ ਭੇਜਦਾ ਸੀ।

Disclaimer Privacy Policy Contact us About us