ਜੋਤੀ ਜੋਤ ਸਮਾਉਣਾ


ਗੁਰੂ ਅਮਰਦਾਸ ਜੀ ਦੇ ਜਦ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਤਾਂ ਆਪ ਨੇ ਗੁਰਗੱਦੀ ਕਿਸੇ ਯੋਗ ਉਤਰਾਧਿਕਾਰੀ ਨੂੰ ਸੌਂਪਣ ਬਾਰੇ ਸੋਚਿਆ।

ਸਾਰੇ ਲੋਕ ਇਹ ਜਾਣਦੇ ਸਨ ਕਿ ਸਭ ਸਿੱਖਾਂ ਵਿਚ ਸ੍ਰੇਸ਼ਟ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਹੀ ਸਨ, ਪਰ ਫਿਰ ਵੀ ਗੁਰੂ ਜੀ ਵੀ ਪ੍ਰੀਖਿਆ ਲੈਣਾ ਚਾਹੁੰਦੇ ਸਨ ਤਾਂਕਿ ਸੰਗਤ ਨੂੰ ਕਿਸੇ ਪ੍ਰਕਾਰ ਦਾ ਭੁਲੇਖਾ ਨਾ ਰਹੇ।

ਉਨ੍ਹਾਂ ਨੇ ਇਕ ਦਿਨ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਬੁਲਾ ਕੇ ਕਿਹਾ ਕਿ ਉਹ ਸਤਿਸੰਗ ਵਾਸਤੇ ਦੋ ਥੜ੍ਹੇ ਬਣਾਉਣਾ ਚਾਹੁੰਦੇ ਹਨ ਜਿਸ ਉੱਤੇ ਬੈਠ ਕੇ ਸੰਗਤ ਨੂੰ ਦੂਰ ਤਕ ਸੰਬੋਧਨ ਕੀਤਾ ਜਾ ਸਕੇ।

ਉਨ੍ਹਾਂ ਥੜ੍ਹਿਆਂ ਦੀ ਲੰਬਾਈ, ਚੌੜਾਈ ਅਤੇ ਉਚਾਈ ਉਨ੍ਹਾਂ ਨੂੰ ਸਮਝਾ ਦਿੱਤੀ। ਭਾਈ ਰਾਮਾ ਜੀ ਜਿਹੜੇ ਗੁਰੂ ਜੀ ਦੀ ਵੱਡੀ ਲੜਕੀ ਦਾਨੀ ਨਾਲ ਵਿਆਹੇ ਹੋਏ ਸਨ, ਸੁਭਾਅ ਦੇ ਏਨੇ ਸਨਿਮਰ ਸਨ ਕਿ ਹਰ ਵੇਲੇ ਸੇਵਾ ਵਿਚ ਹੀ ਲੱਗੇ ਰਹਿੰਦੇ ਸਨ।

ਭਾਈ ਜੇਠਾ ਜੀ ਵੀ ਸੇਵਾ ਦਾ ਪੁੰਜ ਸਨ। ਉਹ ਇਕ ਸਿਆਣੇ ਅਤੇ ਸੁਘੜ ਵਿਅਕਤੀ ਸਨ ਜਿਹੜੇ ਕਿ ਰਾਜ ਦਰਬਾਰੇ ਖੁਲ੍ਹ ਕੇ ਵਾਦ ਵਿਵਾਦ ਵੀ ਕਰ ਸਕਦੇ ਸਨ।

ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਰੋਜ਼ ਸ਼ਾਮ ਤੱਕ ਥੜ੍ਹਾ ਤਿਆਰ ਕਰ ਦਿੰਦੇ ਪਰ ਗੁਰੂ ਜੀ ਉਸ ਵਿਚ ਨੁਕਸ ਕੱਢ ਕੇ ਢਾਹੁਣ ਦਾ ਹੁਕਮ ਦੇ ਦਿੰਦੇ। ਇਸ ਤਰ੍ਹਾਂ ਸੱਤ ਦਿਨ ਚੱਲਦਾ ਰਿਹਾ, ਪਰ ਕੋਈ ਥੜ੍ਹਾ ਵੀ ਪ੍ਰਵਾਨ ਨਾ ਚੜ੍ਹਿਆ।

ਅੱਠਵੇਂ ਦਿਨ ਵੀ ਜਦ ਭਾਈ ਰਾਮਾ ਜੀ ਦੇ ਥੜ੍ਹੇ ਵਿਚ ਨੁਕਸ ਕੱਢ ਕੇ ਗੁਰੂ ਜੀ ਨੇ ਇਸ ਨੂੰ ਦੁਬਾਰਾ ਤਿਆਰ ਕਰਨ ਵਾਸਤੇ ਕਿਹਾ ਤਾਂ ਭਾਈ ਰਾਮਾ ਜੀ ਕਹਿਣ ਲੱਗੇ, 'ਮੈਂ ਇਹ ਥੜ੍ਹਾ ਢਾਹ ਕੇ ਹੋਰ ਨਹੀਂ ਬਣਾਉਣਾ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ, ਮੈਂ ਉਸ ਤਰ੍ਹਾਂ ਹੀ ਬਣਾਇਆ ਹੈ ਪਰ ਵਡੇਰੀ ਉਮਰ ਕਰਕੇ ਤੁਹਾਨੂੰ ਯਾਦ ਨਹੀਂ ਰਹਿੰਦਾ'।

ਗੁਰੂ ਜੀ ਨੇ ਜਦ ਭਾਈ ਜੇਠਾ ਜੀ ਦੇ ਥੜ੍ਹੇ ਵਿਚ ਵੀ ਨੁਕਸ ਕੱਢਿਆ ਤਾਂ ੳੇੁਹ ਕਹਿਣ ਲੱਗੇ, 'ਮਹਾਰਾਜ ਮੇਰੇ ਉੱਪਰ ਕ੍ਰਿਪਾ ਕਰੋ, ਮੈਨੂੰ ਇਹ ਬੁੱਧ ਬਖਸ਼ੋ ਕਿ ਮੈ ਆਪ ਜੀ ਦੀ ਰੀਝ ਅਨੁਸਾਰ ਥੜ੍ਹਾ ਉਸਾਰ ਸਕਾਂ'।

ਗੁਰੂ ਜੀ ਉਸ ਦੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਉਨ੍ਹਾਂ ਇਹ ਗੱਲ ਤਹਿ ਕਰ ਲਈ ਕਿ ਗੁਰ ਗੱਦੀ ਭਾਈ ਜੇਠਾ ਜੀ ਨੂੰ ਹੀ ਦਿੱਤੀ ਜਾਵੇ। ਆਪਣੇ ਇਸ ਫੈਸਲੇ ਬਾਰੇ ਉਨ੍ਹਾਂ ਸਾਰੀ ਸੰਗਤ ਨੂੰ ਦੱਸ ਦਿੱਤਾ।

ਅਗਲੇ ਦਿਨ ਭਾਈ ਜੇਠਾ ਜੀ ਨੂੰ ਬੁਲਾ ਕੇ ਆਪਣੇ ਹੱਥੀਂ ਇਸ਼ਨਾਨ ਕਰਵਾ ਕੇ, ਸੁੰਦਰ ਪੁਸ਼ਾਕ ਪਵਾ ਕੇ ਤਖ਼ਤ ਉਤੇ ਬਿਠਾ ਦਿੱਤਾ। ਬਾਬਾ ਬੁੱਢਾ ਜੀ ਨੇ ਗੁਰਗੱਦੀ ਦੀਆਂ ਰਸਮਾਂ ਪੂਰੀਆਂ ਕੀਤੀਆਂ।

ਫਿਰ ਗੁਰੂ ਅਮਰਦਾਸ ਜੀ ਨੇ ਫੁਰਮਾਇਆ, 'ਕਿ ਅੱਜ ਤੋਂ ਭਾਈ ਜੇਠਾ ਜੀ ਨਵੇਂ ਨਾਂ ਹੇਠ ਗੁਰੂ ਰਾਮਦਾਸ ਵਜੋਂ ਗੁਰੂ ਹੋਣਗੇ। ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਹੁਣ ਇਨ੍ਹਾਂ ਪਾਸੋਂ ਹੀ ਪ੍ਰਾਪਤ ਹੋਣਗੀਆਂ'।

ਉਨ੍ਹਾਂ ਫਿਰ ਗੁਰੂ ਰਾਮਦਾਸ ਜੀ ਅੱਗੇ ਮੱਥਾ ਟੇਕਿਆ। ਫਿਰ ਬਾਬਾ ਬੁੱਢਾ ਜੀ, ਬਾਬਾ ਮੋਹਰੀ ਜੀ ਅਤੇ ਸਾਰੀ ਸੰਗਤ ਚਰਨੀਂ ਆ ਲੱਗੀ।

ਕੁਝ ਦਿਨ ਬਾਅਦ ਹੀ ਗੁਰੂ ਅਮਰਦਾਸ ਜੀ ਨੇ ਫੁਰਮਾਇਆ ਕਿ ਉਨ੍ਹਾਂ ਨੂੰ ਹੁਣ ਉਪਰੋਂ ਬੁਲਾਵਾ ਆ ਗਿਆ ਹੈ।

ਉਹ ਇਕ ਚਿੱਟੀ ਚਾਦਰ ਤਾਣ ਕੇ ਲੰਮੇ ਪੈ ਗਏ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਜੋਤ, ਪ੍ਰਭੂ ਦੀ ਜੋਤ ਵਿਚ ਵਿਲੀਨ ਹੋ ਗਈ।

Disclaimer Privacy Policy Contact us About us