ਗੋਇੰਦਵਾਲ ਦੀ ਉਸਾਰੀ


ਗੋਇੰਦੇ ਨਾਂ ਦਾ ਇਕ ਵਿਉਪਾਰੀ ਸੀ। ਉਸ ਦੀ ਜ਼ਮੀਨ ਦਰਿਆ ਬਿਆਸ ਦੇ ਲਾਗੇ ਸੀ। ਵਿਉਪਾਰੀ ਹੋਣ ਕਰਕੇ ਉਸ ਨੂੰ ਕਾਫੀ ਸਮਾਂ ਦੂਰ ਦੁਰਾਡੇ ਦੇਸ਼ਾਂ, ਪ੍ਰਦੇਸ਼ਾਂ ਵਿਚ ਰਹਿਣਾ ਪੈਂਦਾ ਸੀ। ਇਕ ਵਾਰ ਜਦ ਉਹ ਬਾਹਰ ਗਿਆ ਤਾਂ ਉਸ ਦੀ ਜ਼ਮੀਨ ਉੱਤੇ ਉਸਦੇ ਸ਼ਰੀਕਾਂ ਨੇ ਕਬਜ਼ਾ ਕਰ ਲਿਤਾ। ਉਸਨੇ ਬਥੇਰੇ ਯਤਨ ਕੀਤੇ, ਪਰ ਸ਼ਰੀਕਾਂ ਨੇ ਕਬਜ਼ਾ ਨਾ ਛੱਡਿਆ।

ਅਖ਼ੀਰ ਉਸ ਦਿੱਲੀ ਮੁਕੱਦਮਾ ਕਰ ਦਿੱਤਾ ਅਤੇ ਸੁੱਖਣਾ ਸੁੱਖ ਲਈ ਕਿ ਜੇ ਉਹ ਮੁਕੱਦਮਾ ਜਿੱਤ ਜਾਵੇ ਤਾਂ ਉਹ ਅੱਧੀ ਜ਼ਮੀਨ ਖਡੂਰ ਸਾਹਿਬ ਵਾਲੇ ਗੁਰੂ ਜੀ ਦੇ ਨਾਂ ਕਰ ਦੇਵੇਗਾ। ਭਾਣਾ ਵਾਹਿਗੁਰੂ ਦਾ ਅੇਸਾ ਹੋਇਆ ਕਿ ਉਹ ਮੁਕੱਦਮਾ ਜਿੱਤ ਗਿਆ ਅਤੇ ਅੱਧੀ ਜ਼ਮੀਨ ਦਾ ਪੱਟਾ ਉਸ ਗੁਰੂ ਜੀ ਦੇ ਨਾਂ ਕਰ ਦਿੱਤਾ। ਆਪਣੀ ਜ਼ਮੀਨ ਵਿਚ ਫਿਰ ਉਸ ਇਕ ਨਗਰ ਦੀ ਉਸਾਰੀ ਕਰਨੀ ਚਾਹੀ।

ਪਰ ਮੁਕੱਦਮਾ ਹਾਰਨ ਵਾਲੇ ਸ਼ਰੀਕ ਉਸ ਦੇ ੳੇਸਾਰੇ ਮਕਾਨ ਰਾਤੋ ਰਾਤ ਢਾਹ ਦਿੰਦੇ ਸਨ ਅਤੇ ਉਨ੍ਹਾਂ ਇਹ ਅਫ਼ਵਾਹ ਫੈਲਾ ਦਿੱਤੀ ਸੀ ਕਿ ਪਿੰਡ ਵਿਚ ਭੂਤ ਵਸਦੇ ਹਨ ਅਤੇ ਉਹ ਮਕਾਨਾਂ ਨੂੰ ਰਾਤੋ ਰਾਤ ਢਾਹ ਦਿੰਦੇ ਹਨ। ਗੋਇੰਦਾ ਇਸ ਕਾਰਵਾਈ ਤੋਂ ਬਹੁਤ ਦੁੱਖੀ ਹੋਇਆ ਤੇ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ। ਉਸ ਨੇ ਇਕ ਨਵੇਂ ਨਗਰ ਦੀ ਉਸਾਰੀ ਵਿਚ ਪੇਸ਼ ਆ ਰਹੀਆਂ ਔਂਕੜਾਂ ਬਾਰੇ ਬੇਨਤੀ ਕੀਤੀ।

ਗੁਰੂ ਜੀ ਨੇ ਭਾਈ ਗੋਣਿਂਦੇ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਨਗਰ ਵਸਾਉਣ ਵਿਚ ਉਸ ਦੀ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਉਸੇ ਸਮੇਂ ਬਾਬਾ ਦਾਸੂ ਨੂੰ ਬੂਲਾਇਆ ਅਤੇ ਉਸ ਨੂੰ ਆਦੇਸ਼ ਦਿੱਤਾ ਕਿ ਉਹ ਗੋਇੰਦੇ ਨਾਲ ਜਾ ਕੇ ਨਗਰ ਦੀ ਉਸਾਰੀ ਕਰਵਾਉਣ।

ਪਰ ਬਾਬਾ ਦਾਸੂ ਜੀ ਨੇ ਇਹ ਗੱਲ ਕਹਿ ਕੇ ਨਾਂ ਕਰ ਦਿੱਤੀ ਕਿ ਐਸੀ ਜਗ੍ਹਾ ਕਿਉਂ ਭੇਜਦੇ ਹੋ ਜਿੱਥੇ ਭੂਤਾਂ, ਪ੍ਰੇਤਾਂ ਦਾ ਵਾਸਾ ਹੋਵੇ, ਸਾਨੂੰ ਖਡੂਰ ਹੀ ਚੰਗਾ ਹੈ। ਜਦ ਬਾਬਾ ਦਾਤੂ ਜੀ ਨੂੰ ਬੁਲਾ ਕੇ ਭਾਈ ਗੋਇੰਦੇ ਨਾਲ ਜਾਣ ਨੂੰ ਕਿਹਾ ਗਿਆ ਤਾਂ ਉਹ ਵੀ ਟਾਲ ਮਟੋਲ ਕਰ ਗਿਆ।

ਜਦ ਗੁਰੂ ਜੀ ਨੇ ਦੇਖਿਆ ਕਿ ਉਸ ਦਾ ਕੋਈ ਪੁੱਤਰ ਵੀ ਜਾਣ ਨੂੰ ਤਿਆਰ ਨਹੀਂ ਤਾਂ ਉਨ੍ਹਾਂ ਨੇ ਇਹੋ ਉਪਦੇਸ਼ ਬਾਬਾ ਅਮਰਦਾਸ ਜੀ ਨੂੰ ਕਹਿ ਸੁਣਾਇਆ। ਉਸ ਸਮੇਂ ਬਾਬਾ ਜੀ ਨੂੰ ਹਾਲੇ ਗੁਰ ਗੱਦੀ ਨਹੀਂ ਸੌਂਪੀ ਗਈ ਸੀ। ਬਾਬਾ ਅਮਰਦਾਸ ਜੀ ਉਸੇ ਵੇਲੇ ਜਾਣ ਲਈ ਤਿਆਰ ਹੋ ਗਏ।

ਭੂਤਾਂ, ਪ੍ਰੇਤਾਂ ਦਾ ਡਰ ਦੂਰ ਕਰਨ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਇਕ ਛੜੀ ਦਿੱਤੀ ਅਤੇ ਹਦਾਇਤ ਕੀਤੀ ਕਿ ਪੁਟਾਈ ਅਤੇ ਚੁਣਵਾਈ ਪੂਰਬ ਵਾਲੇ ਪਾਸੇ ਤੋਂ ਆਰੰਭ ਕੀਤੀ ਜਾਵੇ। ਗੁਰੂ ਜੀ ਦਾ ਉਪਦੇਸ਼ ਅਤੇ ਛੜੀ ਲੈ ਕੇ ਬਾਬਾ ਅਮਰਦਾਸ ਜੀ ਭਾਈ ਗੋਇੰਦੇ ਦੀ ਜ਼ਮੀਨ ਵਿਚ ਆ ਟਿਕੇ। ਉਨ੍ਹਾਂ ਪੂਰਬ ਵਾਲੇ ਪਾਸੇ ਤੋਂ ਪਿੰਡ ਦੀ ਉਸਾਰੀ ਸ਼ੁਰੂ ਕਰ ਦਿੱਤੀ। ਇਲਾਕੇ ਦੇ ਸਿੱਖ ਸੰਗਤ ਵੀ ਸਹਾਇਤਾ ਲਈ ਪਹੁੰਚ ਗਈ।

ਭਾਈ ਗੋਇੰਦੇ ਦੇ ਮਜ਼ਦੂਰਾਂ ਅਤੇ ਸਾਮਾਨ ਦਾ ਪ੍ਰਬੰਧ ਕਰ ਦਿੱਤਾ। ਹਰਨੈਲੀ ਸੜਕ ਦੇ ਉੱਤੇ ਹੋਣ ਕਰਕੇ ਕਈ ਸਰਾਵਾਂ ਅਤੇ ਹਵੇਲੀਆਂ ਉਸਾਰ ਦਿੱਤੀਆਂ ਗਈਆਂ। ਗੁਰੂ ਸਾਹਿਬ ਵਾਸਤੇ ਸਤਿਸੰਗ ਘਰ ਅਤੇ ਰਿਹਾਇਸ਼ੀ ਮਕਾਨ ਉਸਾਰੇ ਗਏ। ਬਾਹਰ ਦੇ ਲੋਕਾਂ ਵਾਸਤੇ ਵੀ ਬਾਜ਼ਾਰ ਅਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ।

ਇਸ ਤਰ੍ਹਾਂ ਕੁਝ ਸਮੇਂ ਵਿਚ ਗੋਇੰਦੇ ਦੀ ਜ਼ਮੀਨ ਵਿਚ ਇਕ ਸੁੰਦਰ ਸ਼ਹਿਰ ਵਸ ਗਿਆ। ਗੋਇੰਦੇ ਦੇ ਨਾਂ ਉੱਤੇ ਹੀ ਗੁਰੂ ਸਾਹਿਬ ਨੇ ਇਸ ਦਾ ਨਾਂ ਗੋਇੰਦਵਾਲ ਰੱਖਿਆ। ਬਾਅਦ ਵਿਚ ਜਦ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਇਹ ਫੁਰਮਾਨ ਕੀਤਾ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਲੈ ਕੇ ਆਵੇ ਤਾਂ ਬਾਬਾ ਅਮਰਦਾਸ ਜੀ ਆਪਣੇ ਸਾਰੇ ਪਰਿਵਾਰ ਸਮੇਤ ਇਥੇ ਵਸ ਗਏ।

ਪਰ ਬਾਬਾ ਅਮਰਦਾਸ ਨੇ ਆਪਣੀ ਸੇਵਾ ਵਿਚ ਕੋਈ ਫਰਕ ਨਾ ਆਉਣ ਇੱਤਾ। ਉਹ ਗੁਰੂ ਸਾਹਿਬ ਨੂੰ ਬਿਆਸਾ ਦੇ ਜਲ ਨਾਲ ਹੀ ਇਸ਼ਨਾਨਾ ਕਰਵਾਉਂਦੇ ਰਹੇ।

Disclaimer Privacy Policy Contact us About us