ਪਾਖੰਡੀ ਤਪੇ ਦਾ ਪਾਜ ਉਘਾੜਨਾ


ਉਨਾਂ ਦਿਨਾਂ ਵਿਚ ਗੋਇੰਦਵਾਲ ਵਿਚ ਇਕ ਹਰੀ ਰਾਮ ਨਾਮੀਂ ਤਪਾ ਰਹਿੰਦਾ ਸੀ। ਉਹ ਮਰਵਾਹਾ ਖੱਤਰੀ ਕੁੱਲ ਵਿਚੋਂ ਸੀ। ਉਹ ਆਪਣੇ ਆਪ ਨੂੰ ਵੱਡੀ ਜਾਤ ਦਾ ਸਮਝਦਾ ਸੀ। ਇਸ ਲਈ ਗੁਰੂ ਵਲੋਂ ਸਾਂਝੇ ਲੰਗਰ ਦੀ ਚਲਾਈ ਪ੍ਰਥਾ ਦਾ ਬਹੁਤ ਵਿਰੋਧ ਕਰਦਾ ਸੀ।

ਉਹ ਹਰ ਵੇਲੇ ਲੋਕਾਂ ਨੂੰ ਇਹ ਪ੍ਰਚਾਰ ਕਰਦਾ ਕਿ ਗੁਰੂ ਅਮਰਦਾਸ ਜੀ ਧਰਮ ਦਾ ਨਾਸ਼ ਕਰ ਰਹੇ ਹਨ। ਹਰ ਨੀਵੀਂ ਜਾਤ ਦਾ ਬੰਦਾ ਵੀ ਲੰਗਰ ਵਿਚ ਇਕ ਦੂਜੇ ਨਾਲ ਜੁੜ ਕੇ ਰੋਟੀ ਖਾ ਸਕਦਾ ਹੈ। ਇਸ ਤਰ੍ਹਾਂ ਖੱਤਰੀਆਂ, ਬ੍ਰਾਹਮਣਾਂ ਦਾ ਧਰਮ ਭ੍ਰਿਸ਼ਟ ਹੋ ਰਿਹਾ ਹੈ। ਉਸ ਦੀ ਚੁੱਕਣਾ ਵਿਚ ਆ ਕੇ ਕਈ ਖੱਤਰੀ ਵੀ ਗੁਰੂ ਜੀ ਦੇ ਖਿਲਾਫ ਹੋ ਗਏ।

ਗੁਰੂ ਜੀ ਉਸ ਤਪੇ ਦੀ ਔਕਾਤ ਨੂੰ ਜਾਣਦੇ ਸਨ। ਉਨ੍ਹਾਂ ਨੇ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਉੱਚੀ ਕੁੱਲ ਦਾ ਖੱਤਰੀ ਬ੍ਰਾਹਮਣ ਸਾਂਝੇ ਲੰਗਰ ਵਿਚ ਪ੍ਰਸਾਦ ਛਕੇਗਾ ਉਸਨੂੰ ਇਕ ਰੁਪਿਆ ਬਤੌਰ ਦੱਛਣਾ ਵਜੋਂ ਦਿੱਤਾ ਜਾਵੇਗਾ। ਇਹ ਹੁਕਮਨਾਮਾ ਸੁਣ ਕੇ ਬਹੁਤ ਲੋਕ ਲੰਗਰ ਛੱਕਣ ਵਾਸਤੇ ਆਏ ਪਰ ਤਪਾ ਨਾ ਆਇਆ।

ਗੁਰੂ ਜੀ ਨੇ ਫਿਰ ਦੁਬਾਰਾ ਐਲਾਨ ਕੀਤਾ ਕਿ ਜਿਹੜਾ ਖੱਤਰੀ ਜਾਂ ਬ੍ਰਾਹਮਣ ਸਾਂਝੇ ਲੰਗਰ ਵਿਚ ਭੋਜਨ ਕਰੇਗਾ ਉਸਨੂੰ ਦੱਛਣਾ ਵਜੋਂ ਪੰਜ ਰੁਪਏ ਨਾਲ ਦਿੱਤੇ ਜਾਣਗੇ। ਇਸ ਵਾਰ ਵੀ ਕਈ ਉੱਚ ਜਾਤੀ ਦੇ ਬ੍ਰਾਹਮਣ, ਖੱਤਰੀ ਲੰਗਰ ਵਿਚ ਹਾਜ਼ਰ ਹੋਏ, ਪਰ ਤਪਾ ਫਿਰ ਵੀ ਨਾ ਆਇਆ। ਗੁਰੂ ਜੀ ਸਮਝ ਗਏ ਕਿ ਤਪਾ ਛੋਟੀ ਰਕਮ ਲਈ ਨਹੀਂ ਆਵੇਗਾ। ਇਸ ਲਈ ਦੱਛਣਾ ਦੀ ਰਕਮ ਵਧਾ ਕੇ ਇਕ ਮੋਹਰ ਕਰ ਦਿੱਤੀ ਗਈ। ਜਦ ਤਪੇ ਨੂੰ ਇਹ ਪਤਾ ਲੱਗਾ ਕਿ ਭੋਜਨ ਦੇ ਨਾਲ ਦੰਦ ਘਸਾਈ ਇਕ ਮੋਹਰ ਮਿਲ ਰਹੀ ਹੈ ਤਾਂ ਉਸ ਪਾਸੋਂ ਰਿਹਾ ਨਾ ਗਿਆ।

ਉਹ ਆਪ ਤਾਂ ਜਾਣੋ ਡਰਦਾ ਸੀ ਪਰ ਲੰਗਰ ਦੀ ਕੰਧ ਟਪਾ ਕੇ ਉਸ ਨੇ ਆਪਣੇ ਮੁੰਡੇ ਨੂੰ ਲੰਗਰ ਵੱਲ ਭੇਜਿਆ। ਕੰਧ ਤੋਂ ਡਿਗਣ ਕਰਕੇ ਮੁੰਡੇ ਦੀ ਲੱਤ ਟੁੱਟ ਗਈ। ਸੰਗਤ ਉਸ ਨੂੰ ਚੁੱਕ ਕੇ ਪੰਗਤ ਵਿਚ ਲੈ ਗਈ। ਉਸ ਦੀ ਲੱਤ ਟੁੱਟ ਗਈ ਸੀ, ਪਰ ਉਹ ਚੀਕਿਆ ਨਾ, ਚੁਪ ਚਾਪ ਭੋਜਨ ਕਰਦਾ ਰਿਹਾ। ਲੰਗਰ ਖਾ ਕੇ ਇਕ ਮੋਹਰ ਲੈ ਕੇ ਲੰਗੜਾਉਂਦਾ ਹੋਇਆ ਉਹ ਆਪਣੇ ਘਰ ਨੂੰ ਚਲਾ ਗਿਆ।

ਜਦ ਨਗਰ ਵਾਲਿਆਂ ਅਤੇ ਖਾਸ ਕਰਕੇ ਮਰਵਾਹੇ ਖੱਤਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਤਪੇ ਦੀ ਬਹੁਤ ਬੇਇਜ਼ਤੀ ਕੀਤੀ। ਉਹ ਕਹਿਣ ਲੱਗੇ, 'ਥੋੜੀ ਰਕਮ ਵੇਖ ਕੇ ਜਾਂਦਾ ਨਹੀਂ ਸੀ, ਪਰ ਜੇ ਇਸ ਜ਼ਿਆਦਾ ਰਕਮ ਵੇਖੀ ਤਾਂ ਇਹ ਰਹਿ ਨਾ ਸਕਿਆ। ਹੁਣ ਉਸਦੀ ਉੱਚੀ ਕੁੱਲ ਕਿੱਥੇ ਚਲੀ ਗਈ ਸੀ। ਇਕ ਮੋਹਰ ਪ੍ਰਾਪਤ ਕਰਨ ਲਈ ਉਸ ਆਪਣੇ ਲੜਕੇ ਦੀ ਲੱਤ ਵੀ ਤੁੜਵਾਈ'।

ਸਾਰਾ ਨਗਰ ਹੀ ਤਪੇ ਦੇ ਖਿਲਾਫ ਹੋ ਗਿਆ। ਸਾਰਿਆਂ ਨੇ ਉਸ ਨੂੰ ਫਿਟਕਾਰਾਂ ਪਾਈਆਂ। ਸਾਰਿਆਂ ਨੇ ਉਸ ਨਾਲੋਂ ਆਪਣਾ ਨਾਤਾ ਹੀ ਤੋੜ ਲਿਤਾ। ਪਰ ਗੁਰੂ ਜੀ ਤਾਂ ਉਸ ਦਾ ਅੰਹਕਾਰ ਤੋੜਨਾ ਚਾਹੁੰਦੇ ਸਨ। ਉਹਨਾਂ ਤਪੇ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ, 'ਭਾਈ ਜੀ! ਤਪਾ ਕਹਿਲਾ ਲੈਣਾ ਬਹੁਤ ਆਸਾਨ ਹੈ ਪਰ ਤਪੇ ਵਾਲੀ ਰਹਿਤ ਰੱਖਣੀ ਬਹੁਤ ਔਖੀ ਹੈ।

ਉਹੀ ਅਸਲੀ ਤਪਾ ਹੈ ਜਿਹੜਾ ਪਰਾਈ ਨਿੰਦਾ ਨਹੀਂ ਕਰਦਾ। ਸੱਚਾ ਤਪਾ ਮਾਇਆ ਦੇ ਜਾਲ ਵਿਚ ਨਹੀਂ ਫੱਸਦਾ। ਤਪਾ ਉਹ ਹੀ ਹੈ ਜੋ ਸਰੀਰ ਨੂੰ ਕਿਸੇ ਪ੍ਰਕਾਰ ਦੇ ਕਸ਼ਟ ਤੋਂ ਬਗੈਰ ਸੱਚੇ ਹਿਰਦੇ ਨਾਲ ਵਾਹਿਗੁਰੂ ਦਾ ਤਪ ਕਰਦਾ ਹੈ। ਵਾਹਿਗੁਰੂ ਵੀ ਉਸ ਵਿਅਕਤੀ ਉੱਤੇ ਹੀ ਕਿਰਪਾ ਕਰਦਾ ਹੈ ਅਤੇ ਉਸਦੀ ਰਜ਼ਾ ਵਿਚ ਰਹਿ ਕੇ ਖੁਸ਼ ਹੁੰਦਾ ਹੈ।

ਪ੍ਰਭੂ ਨੇ ਕਿਸੇ ਨੂੰ ਉੱਚੀ ਕੁੱਲ ਦਾ ਜਾਂ ਨੀਵੀਂ ਕੁੱਲ ਦਾ ਨਹੀਂ ਬਣਾਇਆ, ਮਨੁੱਖ ਆਪਣੇ ਅਮਲਾਂ ਨਾਲ ਹੀ ਵੱਡਾ ਛੋਟਾ ਬਣਦਾ ਹੈ। ਬ੍ਰਾਹਮਣ ਜਾਂ ਖਤਰੀ ਕੁੱਲ ਵਿਚ ਪੈਦਾ ਹੋਣ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ। ਜੇ ਬ੍ਰਾਹਮਣ ਨੀਚਤਾ ਦਾ ਕੰਮ ਕਰਦਾ ਹੈ ਤਾਂ ਉਹ ਨੀਚ ਹੀ ਬਣ ਜਾਂਦਾ ਹੈ'।

ਤਪਾ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਧੰਨ ਹੋ ਗਿਆ।

Disclaimer Privacy Policy Contact us About us