ਭਾਈ ਪਾਰੋ ਜੁਲਕਾ


ਗੁਰੂ ਅਮਰਦਾਸ ਜੀ ਦੇ ਕਈ ਸ਼ਰਧਾਵਾਨ ਸਿੱਖ ਹੋਏ ਹਨ। ਅਜਿਹੇ ਸਿੱਖਾਂ ਵਿਚ ਭਾਈ ਪਾਰੋ ਬੜਾ ਸਿੱਦਕੀ ਸਿੱਖ ਹੋਇਆ ਹੈ। ਉਹ ਪਿੰਡ ਡੱਲਾ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। ਪਿੰਡ ਡੱਲੋ ਤੋਂ ਗੋਇੰਦਵਾਲ ਲਈ ਉਹ ਰੋਜ਼ ਦਰਿਆ ਬਿਆਸ ਪਾਰ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ।

ਇਕ ਦਿਨ ਜਦ ਉਹ ਦਰਿਆ ਬਿਆਸ ਦੇ ਕੰਢੇ ਤੇ ਪਹੁੰਚਾ ਤਾਂ ਦਰਿਆ ਵਿਚ ਹੜ੍ਹ ਆਇਆ ਹੋਇਆ ਸੀ। ਪਾਣੀ ਬੜੀ ਭਿਆਨਕ ਰੌ ਵਿਚ ਚੱਲ ਰਿਹਾ ਸੀ। ਉਸ ਸਮੇਂ ਦਰਿਆ ਦੇ ਕੰਢੇ ਜਲੰਧਰ ਦਾ ਹਾਕਮ ਅਬਦੁੱਲਾ ਆਪਣੀਆਂ ਫੌਜਾਂ ਲੈ ਕੇ ਬੈਠਾ ਸੀ ਅਤੇ ਇਹੋ ਇੰਤਜ਼ਾਰ ਕਰ ਰਿਹਾ ਸੀ ਕਿ ਕਦ ਦਰਿਆ ਦਾ ਪਾਣੀ ਘਟੇ ਤਾਂ ਉਹ ਦਰਿਆ ਬਿਆਸ ਨੂੰ ਪਾਰ ਕਰਕੇ ਅੱਗੇ ਵਧੇ।

ਪਰ ਉਸਨੇ ਦੇਖਿਆ ਕਿ ਭਾਈ ਪਾਰੋ ਜੁਲਕਾ ਘੋੜੇ ਤੇ ਚੜ੍ਹਿਆ ਹੋਇਆ ਆਇਆ ਤੇ ਹੜ੍ਹ ਦੀ ਪ੍ਰਵਾਹ ਨਾ ਕਰਦਾ ਹੋਇਆ ਪਾਰ ਹੋ ਗਿਆ। ਹਾਕਮ ਅਬਦੁੱਲਾ ਇਹ ਅਦਭੁਤ ਨਜ਼ਾਰਾ ਦੇਖਦਾ ਹੀ ਰਹਿ ਗਿਆ। ਸਾਰਾ ਦਿਨ ਬੀਤ ਗਿਆ, ਪਰ ਦਰਿਆ ਦਾ ਪਾਣੀ ਥੱਲੇ ਨਾ ਉਤਰਿਆ ਅਤੇ ਅਬਦੁੱਲਾ ਦਾ ਫ਼ੌਜਾ ਨੂੰ ਪਾਰ ਲੰਘਾਉਣ ਦਾ ਹੌਸਲਾ ਨਾ ਪਿਆ।

ਜਦ ਸ਼ਾਮ ਹੋਈ ਤਾਂ ਭਾਈ ਪਾਰੋ ਦਰਿਆ ਪਾਰ ਕਰਕੇ ਵਾਪਸ ਫਿਰ ਉਥੇ ਪਹੁੰਚ ਗਿਆ। ਜਿਥੇ ਅਬਦੁੱਲਾ ਆਪਣੀ ਫ਼ੋਜ ਨਾਲ ਬੈਠਾ ਇੰਤਜ਼ਾਰ ਕਰ ਰਿਹਾ ਸੀ। ਜਦ ਹਾਕਮ ਅਬਦੁੱਲਾ ਨੇ ਭਾਈ ਪਾਰੋ ਨੂੰ ਵਾਪਸ ਆਉਂਦਿਆਂ ਵੇਖਿਆ ਤਾਂ ਉਸ ਨੂੰ ਆਪਣੇ ਪਾਸ ਬੁਲਾਇਆ, 'ਤੇਰਾ ਮੁਰਸ਼ਦ ਕੌਣ ਹੈ ਜਿਸਦਾ ਨਾਮ ਲੈ ਕੇ ਦਰਿਆ ਦੇ ਹੜ੍ਹ ਨੂੰ ਨਜ਼ਰ ਅੰਦਾਜ਼ ਕਰਦਾ ਹੋਇਆ ਦਰਿਆ ਪਾਰ ਕਰ ਗਿਆ ਅਤੇ ਫਿਰ ਨੌ ਬਰ ਨੌ ਵਾਪਸ ਆ ਗਿਆ ਹੈਂ। ਤੇਰੇ ਮਨ ਵਿਚ ਕੋਈ ਖੌਫ ਜਾਂ ਭੈਅ ਨਹੀਂ ਆਇਆ'।

ਭਾਈ ਪਾਰੋ ਨੇ ਉੱਤਰ ਦਿੱਤਾ, 'ਮੇਰੇ ਮੁਰਸ਼ਦ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਹਨ। ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਉਤੇ ਬਿਰਾਜਮਾਨ ਹਨ। ਮੈਂ ਮੀਂਹ ਹੋਵੇ, ਹਨੇਰੀ ਹੋਵੇ, ਰੋਜ਼ ਉਹਨਾਂ ਦੇ ਦਰਸ਼ਨਾਂ ਨੂੰ ਜਾਂਦਾ ਹਾਂ। ਉਨ੍ਹਾਂ ਦਾ ਧਿਆਨ ਧਾਰਨ ਨਾਲ ਸਭ ਡਰ ਖੌਫ਼ ਦੂਰ ਹੋ ਜਾਂਦੇ ਹਨ। ਉਨ੍ਹਾਂ ਦੀ ਬਾਣੀ ਦਾ ਪਾਠ ਕਰਦਿਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਮੈਂ ਦਰਿਆ ਪਾਰ ਕਰ ਜਾਂਦਾ ਹਾਂ'।

ਹਾਕਮ ਅਬਦੁੱਲਾ ਵਿਚੋਂ ਹਾਕਮੀ ਜਾਂਦੀ ਰਹੀ ਅਤੇ ਉਹ ਬੜੀ ਨਿਮਰਤਾ ਨਾਲ ਬੋਲਿਆ, 'ਕਿ ਮੈਂ ਤੁਹਾਡੇ ਗੁਰੂ ਦੇ ਦਰਸ਼ਨ ਕਰ ਸਕਦਾ ਹਾਂ?' ਭਾਈ ਪਾਰੋ ਨੇ ਕਿਹਾ ਕਿ ਉਹ ਇਸ ਹਾਲਤ ਵਿਚ ਉਨ੍ਹਾਂ ਨੂੰ ਨਹੀਂ ਮਿਲ ਸਕਦੇ, ਪਹਿਲਾਂ ਉਨ੍ਹਾਂ ਨੂੰ ਫੌਜ ਦਾ ਤਿਆਗ ਕਰਨਾ ਪਵੇਗਾ, ਫਿਰ ਉਹ ਇਕੱਲੇ ਹੀ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣਗੇ। ਅਬਦੁੱਲੇ ਨੇ ਉਸੇ ਵੇਲੇ ਆਪਣੀ ਫ਼ੌਜ ਦੀ ਕਮਾਂਡ ਆਪਣੇ ਪੁੱਤਰ ਨੂੰ ਸੌਂਪ ਦਿੱਤੀ ਅਤੇ ਆਪ ਇਕ ਘੋੜੇ ਤੇ ਚੜ੍ਹ ਕੇ ਭਾਈ ਪਾਰੋ ਵਾਂਗ ਬੇਖੌਫ ਹੋ ਦਰਿਆ ਵਿਚ ਠਿੱਲ੍ਹ ਪਿਆ।

ਭਾਈ ਪਾਰੋ ਦੇ ਨਾਲ ਆ ਕੇ ਉਸ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਇਤਨਾ ਨਿਹਾਲ ਹੋਇਆ ਕਿ ਗੁਰੂ ਦਾ ਹੀ ਹੋ ਕੇ ਰਹਿ ਗਿਆ। ਗੋਇੰਦਵਾਲ ਰਹਿਕੇ ਗੁਰੂ ਦੀ ਸੇਵਾ ਵਿਚ ਰੁਝ ਗਿਆ। ਹਰ ਵੇਲੇ ਅੱਲਾ ਅੱਲਾ ਕਰਦਾ ਰਹਿੰਦਾ। ਉਸ ਦਾ ਅੱਲਾ ਨਾਲ ਏਨਾ ਪਿਆਰ ਵੇਖ ਕੇ ਲੋਕਾਂ ਨੇ ਉਸਦਾ ਨਾਂ ਹੀ ਅੱਲਾਯਾਰ ਰੱਖ ਦਿਤਾ। ਗੁਰੂ ਜੀ ਨੇ ਬਾਅਦ ਵਿਚ ਅੱਲਾਯਾਰ ਨੂੰ ਇਕ ਮੰਜੀ ਦੀ ਵੀ ਬਖ਼ਸ਼ਿਸ ਕੀਤੀ।

Disclaimer Privacy Policy Contact us About us