ਜੈਸੀ ਕਰਨੀ ਵੈਸੀ ਭਰਨੀ


ਕੁਝ ਸਮੇਂ ਵਿਚ ਹੀ ਗੋਇੰਦਵਾਲ ਸਾਹਿਬ ਇਕ ਕਾਫੀ ਵੱਡਾ ਸ਼ਹਿਰ ਬਣ ਗਿਆ ਸੀ। ਇਥੇ ਹਰ ਜਾਤ ਬਰਾਦਰੀ ਦੇ ਲੋਕ ਆ ਕੇ ਵਸ ਗਏ ਸਨ। ਪਰ ਖੋਜੇ ਬਰਾਦਰੀ ਦੇ ਲੋਕ ਕੁਝ ਜ਼ਿਆਦਾ ਹੀ ਆ ਵਸੇ ਸਨ। ਇਹ ਲੋਕ ਸਖੀ ਸਰਵਰ ਨੂੰ ਮੰਨਦੇ ਸਨ ਅਤੇ ਉਸ ਸਮੇਂ ਇਸ ਇਲਾਕੇ ਦੇ ਆਪ ਪਿੰਡਾਂ ਵਿਚ ਸਖੀ ਸਰਵਰੀਆਂ ਦੀ ਜ਼ਿਆਦਾ ਗਿਣਤੀ ਸੀ।

ਨਵਾਂ ਸ਼ਹਿਰ ਵਸਣ ਕਰਕੇ ਅਤੇ ਵਪਾਰ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਮੁਖ ਰੱਖ ਕੇ ਇਹ ਲੋਕ ਗੋਇੰਦਵਾਲ ਵਿਚ ਆ ਵਸੇ ਸਨ। ਜਦ ਇਨ੍ਹਾਂ ਖੋਜਿਆਂ ਵੇਖਿਆ ਕਿ ਕੁਝ ਮੁਸਲਮਾਨ ਵੀ ਸਿੱਖੀ ਤੋਂ ਪ੍ਰੇਰਤ ਹੋ ਰਹੇ ਸਨ ਤਾਂ ਇਨ੍ਹਾਂ ਨੇ ਗੁਰੂ ਦੇ ਸਿੱਖਾਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ।

ਉਹ ਇਸ ਤੱਥ ਤੋਂ ਭਲੀ ਭਾਂਤ ਜਾਣੂ ਸਨ ਕਿ ਗੋਇੰਦਵਾਲ ਨੂੰ ਗੁਰੂ ਅਮਰਦਾਸ ਨੇ ਹੀ ਵਸਾਇਆ ਹੈ, ਪਰ ਫਿਰ ਵੀ ਉਹ ਆਪਣਾ ਦਬ ਦਬਾਅ ਰਖਣਾ ਚਾਹੁੰਦੇ ਸਨ। ਜਦ ਸਿੱਖਾਂ ਦੀਆਂ ਇਸਤਰੀਆਂ ਖੂਹ ਉਤੇ ਪਾਣੀ ਭਰਨ ਜਾਂਦੀਆਂ ਤਾਂ ਇਹ ਗੁਲੇਲਾਂ ਮਾਰ ਕੇ ਉਨ੍ਹਾਂ ਦੇ ਘੜੇ ਭੰਨ ਦਿੰਦੇ।

ਸਿੱਖਾਂ ਨੇ ਜਦ ਗੁਰੂ ਸਾਹਿਬ ਪਾਸ ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਮਸ਼ਕਾਂ ਲਿਆਉਣ ਲਈ ਕਿਹਾ। ਜਦ ਸਿੱਖ ਮਸ਼ਕਾਂ ਨਾਲ ਪਾਣੀ ਭਰਨ ਲੱਗੇ ਤਾਂ ਇਹ ਕਾਨੀਆਂ ਜਾਂ ਤੀਰ ਮਾਰ ਕੇ ਮਸ਼ਕਾਂ ਵਿਚ ਮੋਰੀ ਕਰ ਦੇਂਦੇ। ਇਸ ਤਰ੍ਹਾਂ ਇਹ ਖੋਜੇ ਹੋਰ ਭੁਤਰ ਗਏ।

ਜਦ ਸਿੱਖਾਂ ਇਨ੍ਹਾਂ ਨਾਲ ਟੱਕਰ ਲੈਣ ਬਾਰੇ ਗੁਰੂ ਜੀ ਤੋਂ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਕਿਹਾ ਕਿ ਉਹ ਸਾਡੇ ਨਗਰ ਵਾਸੀ ਹਨ, ਸਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ। ਗੁਰੂ ਜੀ ਨੇ ਹਿਦਾਇਤ ਕਰ ਦਿੱਤੀ ਕਿ ਪਿੱਤਲ ਦੀਆਂ ਗਾਗਰਾਂ ਮੰਗਵਾ ਲਈਆਂ ਜਾਣ।

ਜਦ ਸਿੱਖ ਗਾਗਰਾਂ ਵਿਚ ਪਾਣੀ ਲਿਆਉਣ ਲੱਗੇ ਤਾਂ ਇਹ ਵੱਟੇ ਮਾਰ ਕੇ ਗਾਗਰਾਂ ਚਿੱਬੀਆਂ ਕਰ ਦਿੰਦੇ। ਸਿੱਖ ਤੰਗ ਹੋ ਕੇ ਫਿਰ ਜਦ ਗੁਰੂ ਜੀ ਪਾਸ ਸ਼ਿਕਾਇਤ ਕਰਦੇ ਤਾਂ ਗੁਰੂ ਜੀ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੇ। ਕਈ ਵਾਰ ਉਹ ਇਹ ਵੀ ਕਹਿ ਦਿੰਦੇ, 'ਜੈਸਾ ਕੋਈ ਕਰੇਗਾ, ਵੈਸਾ ਹੀ ਭਰੇਗਾ'।

ਕਰਨੀ ਵਾਹਿਗੁਰੂ ਦੀ ਐਸੀ ਹੋਇ ਕਿ ਇਕ ਸੰਨਿਆਸੀਆਂ ਦੀ ਟੋਲਿ ਗੋਇੰਦਵਾਲ ਆ ਗਈ। ਖੋਜਿਆਂ ਨੇ ਉਨ੍ਹਾਂ ਨਾਲ ਵੀ ਛੇੜਖਾਨੀ ਕੀਤੀ। ਸੰਨਿਆਸੀਆਂ ਦੀ ਗਿਣਤੀ ਕਾਫੀ ਸੀ। ਉਨ੍ਹਾਂ ਨੇ ਆਪਣੇ ਡੰਡੇ ਕੱਢ ਲਏ ਤੇ ਖੋਜਿਆਂ ਨੂੰ ਏਨਾ ਕੁੱਟਿਆਂ ਕਿ ਕੁਝ ਦੇ ਲੱਤਾਂ, ਗੋਡੇ ਟੁੱਟ ਗਏ ਤੇ ਕਈ ਆਪਣੀ ਜਾਨ ਹੀ ਗਵਾ ਬੈਠੇ। ਨਗਰ ਵਿਚ ਬਿਲਕੁਲ ਸ਼ਾਂਤੀ ਹੋ ਗਈ ਪਰ ਖੋਜੇ ਕੁਝ ਸਮੇਂ ਬਾਅਦ ਫਿਰ ਇਲਤਾਂ ਕਰਨ ਲੱਗੇ। ਉਨ੍ਹਾਂ ਦਿਨਾਂ ਵਿਚ ਲਾਹੌਰ ਤੋਂ ਸ਼ਾਹੀ ਖਜ਼ਾਨਾ ਖੱਚਰਾਂ ਰਾਹੀਂ ਦਿੱਲੀ ਜਾ ਰਿਹਾ ਸੀ।

ਰਾਤ ਨੂੰ ਖਜ਼ਾਨੇ ਦੇ ਰਖਵਾਲਿਆਂ ਨੇ ਗੋਇੰਦਵਾਲ ਠਹਿਰਨਾ ਹੀ ਯੋਗ ਸਮਝਿਆ। ਇਸ ਲਈ ਏਥੇ ਹੀ ਉਹ ਇਕ ਸਰਾਂ ਵਿਚ ਠਹਿਰ ਗਏ। ਸ਼ਾਮ ਨੂੰ ਬਹੁਤ ਜ਼ੋਰ ਦੀ ਹਨੇਰੀ ਅਤੇ ਝੱਖੜ ਆਇਆ ਜਿਸ ਕਰਕੇ ਉਨ੍ਹਾਂ ਦੀ ਖਜ਼ਾਨੇ ਨਾਲ ਲੱਦੀ ਲਦਾਈ ਇਕ ਖੱਚਰ ਗੁੰਮ ਹੋ ਗਈ।

ਜਦ ਸਵੇਰੇ ਉਠ ਕੇ ਉਹਨਾਂ ਖੱਚਰਾਂ ਦੀ ਗਿਣਤੀ ਕੀਤੀ ਤਾਂ ਇਕ ਖੱਚਰ ਘੱਟ ਸੀ। ਸ਼ਾਹੀ ਖਜ਼ਾਨੇ ਦੇ ਇੰਚਾਰਜ ਨੂੰ ਫਿਕਰ ਪੈ ਗਈ। ਉਸਨੇ ਆਪਣੇ ਸਿਪਾਹੀ ਨਗਰ ਦੇ ਚਾਰ ਚੁਫੇਰੇ ਦੌੜਾਏ, ਪਰ ਕੋਈ ਪਤਾ ਨਾ ਲੱਗਾ। ਅੰਤ ਵਿਚ ਕੁਝ ਸਮੇਂ ਬਾਅਦ ਗੁੰਮ ਹੋਈ ਖੱਚਰ ਆਪਣੇ ਆਪ ਹੀ ਹਿਣਕ ਪਈ। ਖੱਚਰ ਦੀ ਹਿਣਕ ਸੁਣ ਕੇ ਸਿਪਾਹੀ ਉਸ ਪਾਸੇ ਵੱਲ ਭੱਜੇ। ਅਖ਼ੀਰ ਖੋਜਿਆਂ ਦੇ ਇਕ ਘਰ ਵਿਚੋਂ ਉਨ੍ਹਾਂ ਨੂੰ ਖੱਚਰ ਮਿਲ ਗਈ।

ਖ਼ਜਾਨੇ ਦੇ ਇੰਚਾਰਜ ਨੇ ਸਾਰੇ ਖਜਿਆਂ ਨੂੰ ਬੁਲਾ ਲਿਆ। ਉਨ੍ਹਾਂ ਨੇ ਕੁਝ ਨੂੰ ਤਾਂ ਉਥੇ ਹੀ ਮਾਰ ਦਿੱਤਾ ਤੇ ਬਾਕੀਆਂ ਨੂੰ ਬੰਨ੍ਹ ਕੇ ਦਿੱਲੀ ਲੈ ਗਏ। ਜਿਹੜੇ ਖੋਜੇ ਗੋਇੰਦਵਾਲ ਵਿਚ ਬਚੇ, ਉਹ ਨਗਰ ਛੱਡ ਕੇ ਚਲੇ ਗਏ। ਇਸ ਤਰ੍ਹਾਂ ਸ਼ਹਿਰ ਵਿਚੋਂ ਖੋਜਿਆਂ ਦਾ ਸਫਾਇਆ ਹੋ ਗਿਆ ਤੇ ਗੁਰੂ ਜੀ ਵਲੋਂ ਕਿਹਾ ਕਥਨ ਕਿ ‘ਜੈਸੀ ਕਰਨੀ ਵੈਸੀ ਭਰਨੀ' ਪੂਰਾ ਹੋਇਆ।

Disclaimer Privacy Policy Contact us About us