ਧੰਨ ਧੰਨ ਸ਼੍ਰੀ ਗੁਰੂ ਅਮਰ ਦਾਸ ਜੀ


ਸ੍ਰੀ ਗੁਰੂ ਅਮਰਦਾਸ ਜੀ ਸਿੱਖ ਕੌਮ ਦੇ ਤੀਜੇ ਗੁਰੂ ਸਨ। ਗੁਰੂ ਜੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਸਭ ਗੁਰੂਆਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਦਸ ਵਰ੍ਹੇ ਹੀ ਛੋਟੇ ਸਨ।


ਸ਼ੁਰੂਆਤੀ ਜੀਵਨ


ਸ੍ਰੀ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਸਨ, ਜੋ ਪੰਜਾਬ ਦੇ ਮੌਜੂਦਾ ਅੰਮ੍ਰਿਤਸਰ ਜ਼ਿਲੇ ਵਿਚ ਬਾਸਰਕੇ ਪਿੰਡ ਵਿਖੇ ਵਸਾਖ ਸੁਦੀ 14, 1536 ਬਿਕਰਮੀ 5 ਮਈ 1479 ਨੂੰ ਭੱਲਾ ਖੱਤਰੀ ਪਰਵਾਰ ਵਿਚ ਜਨਮੇ ਸਨ । ਇਹਨਾਂ ਦੇ ਪਿਤਾ ਦਾ ਨਾਂ ਤੇਜ ਭਾਨ ਅਤੇ ਮਾਤਾ ਦਾ ਨਾਂ ਬਖ਼ਤ ਕੌਰ ਸੀ ਜਿਸਨੂੰ ਕਈ ਇਤਿਹਾਸਕਾਰ ਵੱਖ-ਵੱਖ ਨਾਂ ਦਿੰਦੇ ਹਨ ਜਿਵੇਂ ਲੱਛਮੀ, ਭੂਪ ਕੌਰ ਅਤੇ ਰੂਪ ਕੌਰ । ਅਮਰਦਾਸ ( ਗੁਰੂ ) ਦੀ ਸ਼ਾਦੀ 11 ਮਾਘ, 1559 ਬਿਕਰਮੀ ਨੂੰ ਸਿਆਲਕੋਟ ਜ਼ਿਲੇ ਵਿਚ ਪਿੰਡ ਸੰਖਤਰਾ ਦੇ ਇਕ ਬਹਿਲ ਖੱਤਰੀ, ਦੇਵੀ ਚੰਦ ਦੀ ਧੀ ਮਨਸਾ ਦੇਵੀ ਨਾਲ ਕਰ ਦਿੱਤੀ ਗਈ ਸੀ ਅਤੇ ਇਹਨਾਂ ਦੇ ਚਾਰ ਬੱਚੇ - ਦੋ ਪੁੱਤਰ, ਮੋਹਰੀ ਅਤੇ ਮੋਹਨ ਅਤੇ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਸਨ ।


ਗੁਰੂ ਧਾਰਨਾ


ਗੁਰੂ ਅਮਰਦਾਸ ਜੀ ਪੱਕੇ ਵੈਸ਼ਨੂੰ ਮੱਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ।

ਇਸ ਘਟਨਾ ਤੋਂ ਥੋੜਾ ਚਿਰ ਪਹਿਲਾਂ ਬੀਬੀ ਅਮਰੋ, ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਦਾ ਵਿਆਹ (ਗੁਰੂ) ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀ। ਬੀਬੀ ਅਮਰੋ ਉਮਰ ਵਿਚ ਤਾਂ ਛੋਟੀ ਸੀ ਪਰ ਗੁਰੂ ਨਾਨਕ ਸਾਹਿਬ ਜੀ ਬਾਣੀ ਯਾਦ ਸੀ ਅਤੇ ਅੰਮ੍ਰਿਤ ਵੇਲੇ ਉਠ ਕੇ ਬਾਣੀ ਪੜ੍ਹਣ ਦਾ ਨੇਮ ਸੀ। ਜਦੋਂ (ਗੁਰੂ) ਅਮਰਦਾਸ ਜੀ ਨੇ ਇਸ ਤੋਂ ਰੱਬੀ ਸਿਫਤ-ਸਲਾਹ ਦੀ ਬਾਣੀ ਸੁਣੀ ਤਾਂ ਮਨ ਤੇ ਚੋਟ ਵਜੀ ਅਤੇ ਬੀਬੀ ਅਮਰੋ ਦੇ ਨਾਲ ਖਡੂਰ ਸਾਹਿਬ, ਗੁਰੂ ਅੰਗਦ ਦੇਵ ਜੀ ਕੋਲ ਆਏ। ਕੁੜਮਾਂ ਵਾਲਾ ਮਾਨ ਤਿਆਗ ਕੇ ਗੁਰੂ ਜੀ ਦੇ ਚਰਨਾਂ ਤੇ ਢਹਿ ਪਏ ਅਤੇ ਤਨ-ਮਨ ਨਾਲ ਸੇਵਾ ਵਿਚ ਜੁਟ ਗਏ।

ਖਡੂਰ ਸਾਹਿਬ ਤੋਂ ਬਿਆਸਾ ਤਿੰਨ ਕੁ ਕੋਹਾਂ ‘ਤੇ ਹੈ। ਆਪ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਲਈ ਗਾਗਰ ਭਰ ਕੇ ਲਿਆਉਂਦੇ (ਕੁਝ ਇਕ ਇਤਿਹਾਸਕਾਰਾਂ ਨੇ ਗੋਇੰਦਵਾਲ ਸਾਹਿਬ ਵਿਚ ਗੁਰੂ ਜੀ ਦੇ ਸਾਂਝੇ ਖੂਹ ਤੋਂ ਜਲ ਲਿਆਉਣ ਦਾ ਵੀ ਲਿਖਿਆ ਹੈ, ਜੋ ਕਿ ਜਿਆਦਾ ਠੀਕ ਲੱਗਦਾ ਹੈ)। ਦਿਨ ਵੇਲੇ ਲੰਗਰ ਵਿਚ ਭਾਂਡੇ ਮਾਂਜਣੇ, ਬਾਲਣ ਲਿਆਉਣਾ, ਪਾਣੀ ਢੋਣਾ, ਪੱਖਾ ਝਲਣਾ ਆਦਿ ਸੇਵਾ ਵਿਚ ਲੱਗੇ ਰਹਿੰਦੇ ਪਰ ਮਨ ਕਰਕੇ ਕਰਤਾਰ ਨਾਲ ਜੁੜੇ ਰਹਿੰਦੇ। ਗੁਰੂ ਅੰਗਦ ਦੇਵ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਲੈਕੇ ਪੜ੍ਹਦੇ ਰਹਿਣ ਕਰਕੇ ਹਿਰਦੇ ਵਿਚ ਇਲਾਹੀ ਕਾਵਿ ਦੀਆਂ ਤਰੰਗਾਂ ਉੱਠਦੀਆਂ ਰਹਿੰਦੀਆਂ। ਲਗਾਤਾਰ ਸੇਵਾ ਦਾ ਅਸਰ ਗੁਰੂ ਅੰਗਦ ਸਾਹਿਬ ਜੀ ਤੇ ਪੈਣਾ ਹੀ ਸੀ।


ਨਿਥਾਵਿਆਂ ਦੀ ਥਾਂ


ਆਪ ਉਮਰ ਵਡੇਰੀ ਹੋਣ ਕਰਕੇ ਇਕ ਹਨੇਰੀ ਸਿਆਲੀ ਰਾਤ ਨੂੰ ਮੀਂਹ ਵਰ੍ਹਦੇ ਵਿਚ ਭਰੀ ਗਾਗਰ ਲਈ ਆਉਂਦੇ ਖਡੂਰ ਦੇ ਜੁਲਾਹਿਆਂ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ। ਸੁਭਾਵਕ ਹੀ ਜੁਲਾਹੀ ਨੇ ਆਪ ਨੂੰ ‘ਨਿਥਾਵਾਂ’ ਆਖ ਦਿੱਤਾ। ਇਹ ਘਟਨਾ 1552 ਦੀ ਹੈ। ਇਹ ਬੋਲੀ ਗੁਰੂ ਅੰਗਦ ਸਾਹਿਬ ਜੀ ਤੱਕ ਪਹੁੰਚ ਗਈ ਅਤੇ ਫਿਰ ਉਹ ਹੋਇਆ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਲਿਖ ਦਿਤਾ ਹੈ

286- ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕੋ ਹੋਤ ਪਰਾਪਤਿ ਸੁਆਮੀ।

ਗੁਰੂ ਅਤੇ ਖਲਕਤ ਦੀ ਸੇਵਾ ਲਈ ਕਰੜੀ ਘਾਲ, ਅਡੋਲਤਾ, ਸਿਦਕ, ਲੋਕਾਂ ਦਾ ਵੱਧ ਘੱਟ ਸਹਿਣਾ ਅਤੇ ਠੰਡਾ ਜਿਗਰਾ ਹੋਣਾ ਆਦਿ ਗੁਣਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਯਕੀਨ ਕਰਾ ਦਿੱਤਾ ਕਿ ਗੁਰੂ ਨਾਨਕ ਜੀ ਦੀ ਸੌਂਪੀ ਜ਼ਿੰਮੇਵਾਰੀ ਦਾ ਭਾਰ (ਗੁਰੂ) ਅਮਰਦਾਸ ਜੀ ਹੀ ਚੁੱਕਣ ਯੋਗ ਹਨ। ਗੁਰੂ ਸਾਹਿਬ ਜੀ ਨੇ ਨਿਥਾਵਿਆਂ ਦੇ ਥਾਂ, ਨਿਧਿਰਿਆ ਦੀ ਧਿਰ, ਨਿਆਸਰਿਆਂ ਦੇ ਆਸਰੇ ਅਤੇ ਨਿਓਟਿਆ ਦੀ ਓਟ ਆਦਿ ਕਈ ਬਚਨ ਕਰਦੇ ਹੋਏ ਜਨਵਰੀ 1552 ਨੂੰ ਸਾਰੀ ਸੰਗਤ ਦੇ ਸਾਹਮਣੇ ਆਪ ਜੀ ਨੂੰ ਗੁਰੂ ਥਾਪ ਦਿੱਤਾ ਅਤੇ ਸਾਰੀ ਗੁਰਬਾਣੀ ਆਪ ਦੇ ਹਵਾਲੇ ਕਰ ਦਿਤੀ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ, ਗੁਰੂ ਘਰ ਦੀ ਪ੍ਰੀਖਿਆ ਦੀ ਕਸਵਟੀ ਤੇ ਖਰੇ ਉਤਰਦੇ ਹੋਏ ਗੁਰ ਗੱਦੀ ਪ੍ਰਾਪਤ ਕੀਤੀ ਸੀ ਅਤੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਆ ਗਏ।


ਕਾਰਜ


ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪ੍ਰਚਾਰ ਦੌਰੇ ਦੇ ਸਮੇਂ ਧਰਮਸਾਲਾਂ ਸਥਾਪਿਤ ਕਰਵਾਈਆਂ ਸਨ ਅਤੇ ਯੋਗ ਬੰਦਿਆ ਨੂੰ ਪ੍ਰਚਾਰਕ ਵੀ ਥਾਪਿਆ ਸੀ। ਗੁਰੂ ਅਮਰਦਾਸ ਜੀ ਨੇ ਆਪਣੀ ਪ੍ਰਵਾਣਗੀ ਹੇਠ ਪ੍ਰਚਾਰਕ, ਮੰਜੀਆਂ ਥਾਪੀਆਂ। ਸਿੱਖਾਂ ਵਿਚ ਇਹਨਾਂ ਜੀਆਂ ਦਾ ਸਤਿਕਾਰ ਹੁੰਦਾ ਸੀ ਅਤੇ ਇਹ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ। ਸਿੱਖ ਸੰਗਤਾਂ ਦੀ ਗਿਣਤੀ ਵੱਧਣ ਕਰਕੇ ਐਸਾ ਕਰਨਾ ਜਰੂਰੀ ਵੀ ਹੋ ਗਿਆ ਸੀ।

ਸ੍ਰੀ ਅੰਮ੍ਰਿਤਸਰ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਸਿੱਖੀ ਦਾ ਮੁਖ ਕੇਂਦਰ ਸੀ। ਗੁਰੂ ਅਮਰਦਾਸ ਜੀ ਨੇ ਸਾਰੀ ਸਿਖ-ਵਸੋਂ ਦੇ ਇਲਾਕਿਆਂ ਨੂੰ 22 ਹਿੱਸਿਆਂ ਵਿਚ ਵੰਡਿਆ ਅਤੇ ਇਸ ਤਰ੍ਹਾਂ 22 ਮੰਜੀਆਂ ਦੀ ਸਥਾਪਣਾ ਕੀਤੀ। ਇਨ੍ਹਾਂ ਵਿਚੋਂ ਭਾਈ ਅਲਾਯਾਰ, ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ, ਭਾਈ ਪਾਰੋ ਜੁਲਕਾ, ਭਾਈ ਸੱਚਨ ਸੱਚ, ਭਾਈ ਸਾਵਣ ਮਲ, ਭਾਈ ਗੰਗੂਸ਼ਾਹ, ਭਾਈ ਲਾਲੂ ਵੈਦ ਅਤੇ ਮਥੋ-ਮੁਰਾਰੀ (ਪਤਨੀ ਅਤੇ ਪਤੀ) ਦੇ ਨਾਮ ਸਿਖ-ਇਤਿਹਾਸ ਵਿਚ ਉੱਘੇ ਹਨ।

ਮਾਝੇ ਦੇ ਪਿੰਡਾਂ ਵਿਚ ਗੁਰੂ ਜੀ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ 1570 ਵਿਚ ਕੁਝ ਪਿੰਡਾ ਦੇ ਸਰਪੰਚਾਂ ਦੇ ਸਾਹਮਣੇ ਇਕ ਮੋੜ੍ਹੀ ਗਡਵਾ ਕੇ ਇਸ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿਤਾ। ਇਸੇ ਦੇ ਲਾਗੇ ਗੁਰੂ ਰਾਮਦਾਸ ਜੀ ਨੇ ਹੋਰ ਜ਼ਮੀਨ ਖਰੀਦ ਕੇ ਇਕ ਵੱਡਾ ਸ਼ਹਿਰ ‘ਰਾਮਦਾਸ ਪੁਰ’ ਸਥਾਪਿਤ ਕੀਤਾ ਜੋ ਬਾਅਦ ਵਿਚ ਅੰਮ੍ਰਿਤਸਰ ਕਹਿਲਾਇਆ।

ਲੰਗਰ ਦੀ ਪਰਥਾ ਹੋਰ ਪ੍ਰਪੱਕ ਕੀਤੀ ਗਈ ਤਾਕਿ ਛੂਤ ਛਾਤ ਦੇ ਰੋਗ ਨੂੰ ਦੂਰ ਕੀਤਾ ਜਾ ਸਕੇ ਅਤੇ ਗੁਰੂ ਸੰਗਤ ਵਿਚ ਬੈਠਣ ਲਈ ਜਰੂਰੀ ਸੀ ਕਿ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਜਾਵੇ। ਇਸੇ ਕਰਕੇ ਉਚ ਜਾਤ ਅਭਿਮਾਨੀਆਂ ਨੇ ਆਪ ਦਾ ਬਹੁਤ ਵਿਰੋਧ ਕੀਤਾ। ਆਖਿਰ ਪੰਡਤ ਮਾਈ ਦਾਸ ਵਰਗੇ ਨੇ ਵੀ ਲੰਗਰ ਵਿਚ ਪਰਸ਼ਾਦਾ ਛਕਿਆ ਅਤੇ ਗੁਰੂ ਜੀ ਦਾ ਸਿਖ ਬਣਿਆ।

ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ,ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ।

ਅੰਤਿਮ ਸਮਾਂ


ਆਪ ਨੇ ਜੋਤੀ ਜੋਤ ਸਮਾਉਣ (1 ਸਤੰਬਰ-1574) ਤੋਂ ਪਹਿਲਾਂ ਜੋ ਸੰਗਤਿ ਨੂੰ ਉਪਦੇਸ਼ ਦਿਤੇ ਉਹ ‘ਸਦੁ’ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 923-24) ਸਿਰਲੇਖ ਹੇਠ ਦਰਜ਼ ਹਨ। ਇਹ 6 ਪਾਉੜੀਆਂ ਆਪ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਦੀਆਂ ਹਨ ਜੋ ਬਾਬਾ ਅਨੰਦ ਜੀ ਦੇ ਸਪੁਤਰ ਅਤੇ ਬਾਬਾ ਮੋਹਰੀ ਜੀ ਦੇ ਪੋਤਰੇ ਸਨ। ਇਸ ਵਿਚ ਹਿੰਦੂ ਧਰਮ ਦੀਆਂ ਚਲਦੀਆਂ ਆ ਰਹੀਆਂ ਕੁਰੀਤੀਆਂ ਅਤੇ ਸੋਗ ਨਾ ਕਰਨ ਦੀ ਤਾਕੀਦ ਕੀਤੀ ਗਈ ਹੈ। ਸੰਗਤ ਵਿਚ ਬੈਠ ਕੇ ਕੀਰਤਨ ਅਤੇ ਨਾਮ ਸਿਮਰਨ ਲਈ ਹੁਕਮ ਕੀਤਾ ਗਿਆ ਹੈ ਅਤੇ ਇਹ ਵੀ ਆਖਿਆ ਕਿ ਜੋ ਐਸਾ ਕਰੇਗਾ ਉਸਨੂੰ ਹੀ ਅਸੀਂ ਆਪਣਾ ਮਿੱਤਰ ਸਮਝਾਂਗੇ।

ਰਚਨਾਵਾਂ


ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 17 ਰਾਗਾਂ ਵਿੱਚ ਅੰਕਿਤ ਹਨ। ਗਿਣਤੀ ਦੇ ਆਧਾਰ ਤੇ ਆਪ ਜੀ ਦੀ ਕੁਲ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਤੋਂ ਬਾਆਦ ਆਉਂਦੀ ਹੈ। ਆਪ ਦੀ ਰਾਮਕਲੀ ਰਾਗ ਦੀ ‘ਅਨੰਦ ਸਾਹਿਬ’ ਜੀ ਦੀ ਬਾਣੀ ਨਿਤਨੇਮ ਦੀਆਂ ਪੰਜ ਬਾਣੀਆਂ ਵਿਚੋਂ ਇਕ ਹੈ ਅਤੇ ਹਰ ਕੀਰਤਨ ਸਮਾਗਮ ਵਿਚ ਇਸਦੀਆਂ 6 ਪਉੜੀਆਂ ਦਾ ਕੀਰਤਨ ਜਰੂਰ ਕੀਤਾ ਜਾਂਦਾ ਹੈ।

Disclaimer Privacy Policy Contact us About us