ਵਿਰਸੇ ਦੀ ਸੰਭਾਲ


ਗੁਰੂ ਨਾਨਕ ਦੇਵ ਜੀ ਨੇ ਜਦ ਗੱਦੀ ਦੀ ਸੌਂਪਣਾ ਗੁਰੂ ਅੰਗਦ ਦੇਵ ਜੀ ਨੂੰ ਕੀਤੀ ਸੀ ਤਾਂ ਉਨ੍ਹਾਂ ਨਾਲ ਹੀ ਇਕ ਪੋਥੀ ਵੀ ਸਪੁਰਦ ਕੀਤੀ ਸੀ। ਇਹ ਸ਼ਬਦ ਰੂਪ ਖ਼ਜਾਨਾ ਸੀ। ਗੁਰੂ ਨਾਨਕ ਜੀ ਨੇ ਇਹ ਵੀ ਆਦੇਸ਼ ਕੀਤਾ ਸੀ ਕਿ ਸ਼ਬਦ ਕਰਦੇ ਰਹਿਣਾ ਅਤੇ ਇਸ ਦਾ ਨਿੱਤ ਪ੍ਰਚਾਰ ਕਰਨਾ।

ਇਸ ਆਸ਼ੇ ਨੂੰ ਮੁਖ ਰੱਖ ਕੇ ਗੁਰੂ ਜੀ ਰੋਜ਼ ਦਰਬਾਰ ਲਾਉਂਦੇ ਸਨ। ਗੁਰਬਾਣੀ ਦਾ ਕੀਰਤਨ ਹੁੰਦਾ ਸੀ ਅਤੇ ਗੁਰੂ ਜੀ ਸਤਸੰਗ ਵੀ ਕਰਦੇ ਸਨ। ਇਸ ਪੋਥੀ ਦੇ ਸ਼ਬਦਾਂ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਰੱਬੀ ਬਾਣੀ ਉਤਰਦੀ ਸੀ ਤਾਂ ਉਹ ਵੀ ਲਿਖ ਕੇ ਉਸ ਪੋਥੀ ਵਿਚ ਸੰਕਲਨ ਕਰ ਲੈਂਦੇ ਸਨ।

ਜਿਥੋਂ ਤਕ ਬੋਲੀ ਦਾ ਸਵਾਲ ਸੀ ਕਿ ਇਹ ਬਾਣੀ ਕਿਸ ਬੋਲੀ ਵਿਚ ਲਿਖੀ ਜਾਵੇ, ਇਸ ਬਾਰੇ ਬੜੀ ਜ਼ੋਰਦਾਰ ਆਵਾਜ਼ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਉਠਾ ਚੁਕੇ ਸਨ। ਉਨ੍ਹਾਂ ਸਦਾ ਪਰਾਈ ਬੋਲੀ ਠੋਸੇ ਜਾਣ ਦੀ ਵਿਰੋਧਤਾ ਕੀਤੀ ਸੀ। ਉਨ੍ਹਾਂ ਨੇ ਪੰਜਾਬੀ ਬੋਲੀ ਦਾ ਸਤਿਕਾਰ ਕੀਤਾ ਅਤੇ ਇਸ ਬੋਲੀ ਵਿਚ ਹੀ ਡੂੰਘਾ ਫਲਸਫਾ ਪ੍ਰਗਟ ਕੀਤਾ।

ਗੁਰੂ ਨਾਨਕ ਜੀ ਨੇ ਪੰਜਾਬੀ ਬੋਲੀ ਲਈ ਲਿਪੀ ਵੀ ਉਹੋ ਅਪਨਾਈ ਜਿਹੜੀ ਪੰਜਾਬੀ ਲਿਖਣ ਦੇ ਅਨੁਕੂਲ ਸੀ। ਗੁਰਮੁਖੀ ਲਿਪੀ ਪਿੰਡਾਂ ਵਿਚ ਪ੍ਰਚਲੱਤ ਸੀ ਪਰ ਸੰਸਕ੍ਰਿਤ ਅਤੇ ਬਾਅਦ ਵਿਚ ਫ਼ਾਰਸੀ ਦਾ ਬੋਲਬਾਲਾ ਹੋਣ ਕਰਕੇ ਇਹ ਲਿਪੀ ਕੇਵਲ ਗੰਵਾਰਾਂ ਦੀ ਬਣ ਕੇ ਰਹਿ ਗਈ।

ਗੁਰੂ ਜੀ ਨੇ ਫਿਰ ਇਸ ਨੂੰ ਮਾਣ ਬਖਸ਼ਿਆ ਅਤੇ ਇਹ ਲਿਪੀ ਗੁਰਮੁਖਾਂ ਦੀ ਬਣ ਗਈ। ਗੁਰਮੁਖਾਂ ਦੀ ਲਿਪੀ ਬਣਨ ਕਰਕੇ ਇਸ ਦਾ ਨਾਂ ਗੁਰਮੁਖੀ ਪੈ ਗਿਆ। ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਹੋਰ ਸਵਾਰਿਆ ਅਤੇ ਇਸ ਦੀ ਪੜ੍ਹਾਈ ਵਾਸਤੇ ਇਕ ਸਕੂਲ ਖਡੂਰ ਸਾਹਿਬ ਵਿਖੇ ਖੋਲਿਆ। ਉਸ ਸਕੂਲ ਵਿਚ ਕੇਵਲ ਬੱਚੇ ਹੀ ਨਹੀਂ, ਬਲਕਿ ਬਾਹਰੋਂ ਆਏ ਸਿੱਖ ਵੀ ਪੜ੍ਹਦੇ ਸਨ। ਹਰ ਸਿੱਖ ਵਾਸਤੇ ਇਸ ਬੋਲੀ ਨੂੰ ਪੜ੍ਹਨਾ ਅਵੱਸ਼ ਹੋ ਗਿਆ ਸੀ।

ਗੁਰੂ ਅੰਗਦ ਦੇਵ ਜੀ ਨੇ ਇਸ ਤਰ੍ਹਾਂ ਧਰਮ ਦੇ ਪਰਚਾਰ ਨੂੰ ਵਿਉਂਤਬੱਧ ਮਜ਼ਬੂਤੀ ਬਖਸ਼ੀ। ਗੁਰੂ ਨਾਨਕ ਦੇਵ ਜੀ ਦੀ ਜੀਵਨੀ ਵੀ ਸਿੱਖਾਂ ਦਾ ਇਕ ਵੱਡਾ ਵਿਰਸਾ ਸੀ ਅਤੇ ਉਨ੍ਹਾਂ ਨੇ ਇਨ੍ਹਾਂ ਅਮੋਲਕ ਜੀਵਨ ਸਾਖੀਆਂ ਤੋਂ ਬਹੁਤ ਸਿੱਖਿਆ ਪ੍ਰਾਪਤ ਕਰਨੀ ਸੀ।

ਗੁਰੂ ਅੰਗਦ ਦੇਵ ਜੀ ਸਤ ਸਾਲ ਕਰਤਾਰਪੁਰ ਰਹਿ ਕੇ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਜੀਵਨ ਸਾਖੀਆਂ ਸੁਣ ਚੁਕੇ ਸਨ ਅਤੇ ਇਨ੍ਹਾਂ ਸਿਖਿਆਦਾਇਕ ਸਾਖੀਆਂ ਨੂੰ ਉਹ ਦਰਬਾਰ ਵਿਚ ਪ੍ਰਮਾਣ ਤੇ ਤੌਰ ਤੇ ਸੁਣਾਇਆ ਵੀ ਕਰਦੇ ਸਨ।

ਪਰ ਸਾਰੀਆਂ ਸਾਖੀਆਂ ਨੂੰ ਇਕ ਥਾਂ ਇਕੱਤਰ ਕਰਨਾ ਜ਼ਰੂਰੀ ਸੀ। ਇਸ ਲਈ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਪੁਰਾਣੇ ਸਿੱਖਾਂ ਨੂੰ ਖਡੂਰ ਸਾਹਿਬ ਬੁਲਾਇਆ। ਭਾਈ ਪੈੜਾ ਮੋਖਾ ਗੁਰਮੁਖੀ ਲਿਪੀ ਦਾ ਬਹੁਤ ਮਾਹਰ ਸੀ ਅਤੇ ਉਹ ਸੁਲਤਾਨਪੁਰ ਲੋਧੀ ਰਹਿੰਦਾ ਸੀ। ਗੁਰੂ ਜੀ ਨੇ ਉਸ ਨੂੰ ਬੂਲਾ ਲਿਆ।

ਇਨ੍ਹਾਂ ਸਿੱਖਾਂ ਵਿਚ ਭਾਈ ਬਾਲਾ ਵੀ ਸੀ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਸਾਥੀ ਸੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਉਸ ਅੱਖੀ ਵੇਖਿਆ ਸੀ। ਗੁਰੂ ਅੰਗਦ ਦੇਵ ਜੀ ਪਹਿਲਾਂ ਸਾਖੀ ਸੁਣ ਲੈਂਦੇ ਸਨ ਫਿਰ ਉਸ ਨੂੰ ਪੈੜੇ ਮੋਖੇ ਨੂੰ ਲਿਖਵਾਉਂਦੇ ਸਨ। ਇਕ ਸਾਲ ਦੇ ਵਿਚ ਸਾਰੀ ਜਨਮ ਸਾਖੀ ਤਿਆਰ ਹੋ ਗਈ।

ਗੁਰੂ ਜੀ ਨੇ ਬਾਅਦ ਵਿਚ ਇਸ ਦੇ ਹੋਰ ਉਤਾਰੇ ਵੀ ਕਰਵਾਏ। ਇਨ੍ਹਾਂ ਸਾਖੀਆਂ ਦੀ ਬੋਲੀ ਏਨੀ ਮਿੱਠੀ ਅਤੇ ਰੌਚਕ ਹੈ ਕਿ ਬੱਚੇ ਵੀ ਇਹ ਸਾਖੀਆਂ ਪੜ੍ਹ ਕੇ ਕੇਵਲ ਸਿਖਿਆ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਆਨੰਦ ਮਾਣਦੇ ਹਨ।

ਇਨ੍ਹਾਂ ਸਾਖੀਆਂ ਵਿਚ ਬਾਅਦ ਵਿਚ ਬੇਸ਼ਕ ਕੁਝ ਵਾਧੇ ਘਾਟੇ ਹੋਏ ਹਨ, ਪਰ ਇਨ੍ਹਾਂ ਵਿਚਲੇ ਅਸਿਆਤਮਕ ਗਿਆਨ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ।

Disclaimer Privacy Policy Contact us About us