ਬਾਬਾ ਅਮਰਦਾਸ ਜੀ


ਬਾਬਾ ਅਮਰਦਾਸ ਜੀ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਆਪ ਬੜੇ ਧਾਰਮਿਕ ਖਿਆਲਾਂ ਦੇ ਸਨ ਅਤੇ ਹਰ ਸਾਲ ਹਰਿਦੁਆਰ ਇਸ਼ਨਾਨ ਕਰਨ ਵਾਸਤੇ ਜਾਂਦੇ ਸਨ। ਇਕ ਵਾਰ ਹਰਿਦੁਆਰ ਇਸ਼ਨਾਨ ਕਰਕੇ ਵਾਪਿਸ ਆ ਰਹੇ ਸਨ ਤਾਂ ਆਪ ਜੀ ਦਾ ਇਕ ਦੁਰਗਾ ਪੰਡਤ ਨਾਲ ਮੇਲ ਹੋਇਆ।

ਦੁਰਗਾ ਪੰਡਤ ਨੇ ਜਦ ਉਨ੍ਹਾਂ ਦੇ ਪੈਰਾਂ ਵਿਚ ਪਦਮ ਦਾ ਨਿਸ਼ਾਨ ਵੇਖਿਆ ਤਾਂ ਉਸ ਕਿਹਾ ਕਿ ਜਾਂ ਤਾਂ ਆਪ ਚੱਕਰਵਰਤੀ ਰਾਜਾ ਬਣੋਗੇ ਜਾਂ ਇਸ ਸੜਦੀ ਬਲਦੀ ਲੋਕਾਈ ਦਾ ਸਹਾਰਾ ਹੋਵੋਗੇ। ਅਗਲੇ ਦਿਨ ਬਾਬਾ ਜੀ ਨੂੰ ਇਕ ਬ੍ਰਹਮਚਾਰੀ ਮਿਲ ਪਿਆ। ਬ੍ਰਹਮਚਾਰੀ ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਅਤੇ ਤੁਸੀਂ ਕਿਸ ਦੇ ਚੇਲੇ ਹੋਂ' ਬਾਬਾ ਜੀ ਨੇ ਕਿਹਾ ਮੈਂ ਤਾਂ ਹਾਲੇ ਤੱਕ ਉਸ ਨੂੰ ਲੱਭ ਰਿਹਾ ਹਾਂ ਪਰ ਮੈਨੂੰ ਗੁਰੂ ਨਹੀਂ ਮਿਲ ਰਿਹਾ।

ਬ੍ਰਹਮਚਾਰੀ ਇਕ ਦਮ ਉਸ ਤੋਂ ਪਰ੍ਹੇ ਹੋ ਗਿਆ ਅਤੇ ਕਹਿਣ ਲੱਗਾ ਕਿ ਮੈਂ ਨਿਗੁਰੇ ਦਾ ਸੰਗ ਨਹੀਂ ਕਰਦਾ। ਬ੍ਰਹਮਚਾਰੀ ਦੇ ਇਹ ਬੋਲ ਬਾਬਾ ਜੀ ਨੂੰ ਜ਼ਖ਼ਮੀ ਕਰ ਗਏ। ਉਨ੍ਹਾਂ ਨੂੰ ਹੁਣ ਰਾਤ ਦਿਨ ਨੀਂਦ ਨਹੀਂ ਸੀ ਆਉਂਦੀ ਕਿ ਕਿਸ ਤਰ੍ਹਾਂ ਸੱਚੇ ਗੁਰੂ ਦਾ ਮੇਲ ਹੋਵੇ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬਾਬਾ ਅਮਰਦਾਸ ਜੀ ਦੇ ਭਰਾ ਬਾਬਾ ਮਾਣਕ ਚੰਦ ਦੇ ਸਪੁੱਤਰ ਨਾਲ ਵਿਆਹੀ ਹੋਈ ਸੀ।

ਦੋਹਾਂ ਭਰਾਵਾਂ ਦੇ ਘਰ ਲਾਗੋ ਲਾਗੇ ਸਨ। ਸਵੇਰ ਵੇਲੇ ਰੋਜ਼ ਬਾਬਾ ਜੀ ਨੂੰ ਆਪਣੇ ਭਰਾ ਦੇ ਘਰੋਂ ਗੁਰਬਾਣੀ ਪੜ੍ਹਨ ਦੀ ਆਵਾਜ਼ ਆਉਂਦੀ। ਬਾਬਾ ਜੀ ਕੰਧ ਨਾਲ ਕੰਨ ਲਾ ਕੇ ਸੁਣਦੇ ਰਹਿੰਦੇ। ਇਕ ਦਿਨ ਸਵੇਰੇ ਗੁਰਬਾਣੀ ਪੜ੍ਹਨ ਦੀ ਆਵਾਜ਼ ਨਾ ਆਈ, ਤਾਂ ਬਾਬਾ ਜੀ ਨੇ ਆਪਣੀ ਭਰਜਾਈ ਪਾਸੋਂ ਇਸ ਦਾ ਕਾਰਨ ਪੁਛਿਆ।

ਉਨ੍ਹਾਂ ਦੀ ਭਰਜਾਈ ਨੇ ਦੱਸਿਆ ਕਿ ਬੀਬੀ ਅਮਰੋ ਦੇ ਪਿਤਾ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬੈਠੇ ਹਨ। ਬੀਬੀ ਅਮਰੋ ਗੁਰੂ ਨਾਨਕ ਦੀ ਬਾਣੀ ਦਾ ਹੀ ਪਾਠ ਕਰਦੀ ਹੈ। ਅੱਜ ਉਹ ਖਡੂਰ ਸਾਹਿਬ ਆਪਣੇ ਪਿਤਾ ਜੀ ਪਾਸ ਗਈ ਹੈ।

ਬਾਬਾ ਅਮਰਦਾਸ ਜੀ ਨੂੰ ਬਹੁਤ ਪ੍ਰਸੰਤਾ ਹੋਈ ਅਤੇ ਜਦ ਬੀਬੀ ਅਮਰੋ ਮੁੜ ਬਾਸਰਕੇ ਆਈ ਤਾਂ ਉਨ੍ਹਾਂ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਬੀਬੀ ਅਮਰੋ ਉਨ੍ਹਾਂ ਨੂੰ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਜੀ ਪਾਸ ਲੈ ਗਈ।

ਗੁਰੂ ਜੀ ਨੂੰ ਜਦ ਪਤਾ ਲੱਗਾ ਕਿ ਉਨ੍ਹਾਂ ਦੇ ਕੁੜਮ ਬਾਬਾ ਅਮਰ ਦਾਸ ਜੀ ਉਨ੍ਹਾਂ ਨੂੰ ਮਿਲਣ ਆਏ ਹਨ ਤਾਂ ਉਹ ਆਪ ਨੂੰ ਲੈਣ ਲਈ ਬਾਹਰ ਆਏ। ਗੁਰੂ ਜੀ ਨੂੰ ਆਪ ਬਾਹਰ ਆਉਂਦੇ ਵੇਖ ਕੇ ਬਾਬਾ ਜੀ ਉਨ੍ਹਾਂ ਦੇ ਚਰਨਾਂ ਵਿਚ ਢਹਿ ਪਏ ਅਤੇ ਕਹਿਣ ਲੱਗੇ, 'ਮੈਂ ਤੁਹਾਡਾ ਦਾਸ ਹਾਂ'।

ਬਾਬਾ ਜੀ ਜਦ ਕੁਝ ਦਿਨ ਉਥੇ ਰਹੇ ਤਾਂ ਉਹ ਸੰਗਤਾਂ ਦੇ ਅਥਾਹ ਪਿਆਰ ਅਤੇ ਸੇਵਾ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਆਪ ਜੀ ਨੇ ਵੀ ਸੇਵਾ ਸੰਭਾਲ ਲਈ। ਰੋਜ਼ ਅੰਮ੍ਰਿਤ ਵੇਲੇ ਉਠਦੇ ਅਤੇ ਬਿਆਸਾ ਤੋਂ ਜਲ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਉਂਦੇ।

ਅੰਮ੍ਰਿਤ ਵੇਲੇ ਪਾਠ ਕਰਦੇ ਅਤੇ ਫਿਰ ਦਰਬਾਰ ਵਿਚ ਜਾ ਕੇ ਗੁਰੂ ਜੀ ਦਾ ਸਤਿਸੰਗ ਸੁਣਦੇ। ਫਿਰ ਗੁਰੂ ਜੀ ਵੱਲੋਂ ਚਲਾਏ ਗਏ ਸਕੂਲ ਵਿਚ ਪੜ੍ਹਾਈ ਕਰਦੇ।

ਗੁਰੂ ਜੀ ਨਾਲ ਉਨ੍ਹਾਂ ਦਾ ਏਨਾ ਪ੍ਰੇਮ ਹੋ ਗਿਆ ਕਿ ਉਹ ਕੁਝ ਪਲ ਵੀ ਦੂਰ ਰਹਿਣਾ ਨਹੀਂ ਸੀ ਚਾਹੁੰਦੇ। ਹਰ ਵੇਲੇ ਉਨ੍ਹਾਂ ਦੀ ਤਾਬਿਆ ਵਿਚ ਰਹਿੰਦੇ। ਜਦ ਵੀ ਸਮਾਂ ਮਿਲਦਾ ਤਾਂ ਉਹ ਗੁਰਬਾਣੀ ਨੂੰ ਕੰਠ ਕਰਦੇ।

Disclaimer Privacy Policy Contact us About us