ਈਰਖਾਲੂ ਤਪਾ


ਉਨ੍ਹਾਂ ਸਮਿਆਂ ਵਿਚ ਖਡੂਰ ਸਾਹਿਬ ਵਿਖੇ ਇਕ ਸ਼ਿਵਨਾਥ ਨਾਮੀ ਜੋਗੀ ਤਪਾ ਰਹਿੰਦਾ ਸੀ। ਉਹ ਆਪਣੇ ਮੰਤਰਾਂ ਜੰਤਰਾਂ ਨਾਲ ਪਿੰਡ ਵਾਲਿਆਂ ਨੂੰ ਖੂਬ ਲੁੱਟਦਾ ਸੀ, ਪਰ ਜਦ ਤੋਂ ਉਥੇ ਗੁਰੂ ਜੀ ਆਏ ਸਨ ਲੋਕ ਸਿੱਖ ਮੱਤ ਨੂੰ ਮੰਨਣ ਲੱਗ ਗਏ ਸਨ ਅਤੇ ਮੰਤਰਾਂ ਜੰਤਰਾਂ ਦੀ ਪ੍ਰਵਾਹ ਨਹੀਂ ਸੀ ਕਰਦੇ, ਪਰ ਫਿਰ ਵੀ ਅਨਪੜ੍ਹ ਲੋਕ ਉਸਦੀ ਗੱਲ ਮੰਨ ਲੈਂਦੇ ਸਨ।

ਇਕ ਸਾਲ ਬਾਰਸ਼ ਨਾ ਹੋਈ। ਫਸਲਾਂ ਤਬਾਹ ਹੋ ਗਈਆਂ। ਲੋਕ ਤ੍ਰਾਹ ਤ੍ਰਾਹ ਕਰ ਉਠੇ। ਗੁਰੂ ਜੀ ਉਨ੍ਹਾਂ ਲੋਕਾਂ ਨੂੰ ਭਾਣਾ ਮੰਨਣ ਲਈ ਕਹਿੰਦੇ, ਪਰ ਲੋਕ ਆਪਣਾ ਧੀਰਜ ਖੋ ਬੈਠੇ। ਹਾਰ ਕੇ ਲੋਕ ਤਪੇ ਵਲ ਗਏ। ਪਿੰਡ ਦੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਸ ਨੇ ਕਿਹਾ, 'ਹੋਰ ਪੂਜੇ ਉਸ ਗ੍ਰਹਿਸਤੀ ਨੂੰ, ਮੀਂਹ ਤਦ ਤਕ ਨਹੀਂ ਪੈ ਸਕਦਾ ਜਦ ਤਕ ਇਹ ਗ੍ਰਹਿਸਤੀ ਇਸ ਪਿੰਡ ਨੂੰ ਨਹੀਂ ਛੱਡ ਜਾਂਦਾ'।

ਗੁਰੂ ਜੀ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਉਹ ਚੁਪ ਕਰਕੇ ਪਿੰਡ ਛੱਡ ਕੇ ਖਾਨ ਰਜ਼ਾਦਾ ਦੇ ਇਲਾਕੇ ਵਿਚ ਇਕ ਇਕਾਂਤ ਥਾਂ ਤੇ ਪੁੱਜ ਗਏ। ਉਸ ਪਿੰਡ ਦੇ ਲੋਕਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਨੂੰ ਮਿਲਣ ਆਏ।

ਉਨ੍ਹਾਂ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਹੁਣ ਉਥੇ ਹੀ ਦਰਬਾਰ ਲੱਗਣ ਲੱਗ ਗਿਆ ਅਤੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲ ਪਿਆ। ਜਦ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਪਿੰਡ ਖਾਨ ਰਜ਼ਾਦੇ ਚਲੇ ਗਏ ਹਨ ਤਾਂ ਉਹ ਫਿਰ ਤੱਪੇ ਪਾਸ ਗਏ ਕਿ ਗੁਰੂ ਜੀ ਤਾਂ ਹੁਣ ਛੱਡ ਗਏ ਹਨ ਤੂੰ ਹੁਣ ਮੀਂਹ ਪਵਾ।

ਤਪਾ ਅੱਗੋਂ ਆਕੜ ਕੇ ਕਹਿਣ ਲੱਗਾ, 'ਮੀਂਹ ਮੇਰੀ ਮੁੱਠ ਵਿਚ ਰੱਖਿਆ ਹੈ, ਮੈਂ ਜਾਦੂ ਮੰਤਰ ਪੜ੍ਹਦਾ ਹਾਂ, ਤੁਸੀਂ ਮੰਗੀ ਹੋਈ ਸਮਗਰੀ ਲਿਆਵੋ। ਜਦ ਯੱਗ ਪੂਰਾ ਹੋ ਜਾਵੇਗਾ, ਮੀਂਹ ਆ ਜਾਵੇਗਾ'। ਲੋਕਾਂ ਨੇ ਉਸ ਤਰ੍ਹਾਂ ਹੀ ਕੀਤਾ ਜਿਵੇਂ ਤਪੇ ਨੇ ਕਿਹਾ ਪਰ ਯੱਗ ਸੰਪੂਰਣ ਹੋਣ ਉਤੇ ਵੀ ਮੀਂਹ ਨਾ ਪਿਆ।

ਲੋਕ ਬਹੁਤ ਦੁਖੀ ਹੋਏ ਕਿ ਗੁਰੂ ਜੀ ਨੂੰ ਪਿੰਡੋਂ ਬਾਹਰ ਜਾਣ ਲਈ ਵੀ ਆਖਿਆ ਤੇ ਮੀਂਹ ਫਿਰ ਵੀ ਨਹੀਂ ਪਿਆ। ਬਾਬਾ ਅਮਰਦਾਸ ਜੀ ਕੁਝ ਇਨ ਬਾਸਰਕੇ ਗਏ ਹੋਏ ਸਨ ਜਦ ਉਹ ਵਾਪਿਸ ਆਏ ਤਾਂ ਸਾਰੀ ਸੰਗਤ ਨੇ ਉਨ੍ਹਾਂ ਨੂੰ ਪੂਰੇ ਹਾਲਾਤ ਤੋਂ ਜਾਣੂ ਕਰਵਾਇਆ।

ਇਹ ਗੱਲ ਸੁਣ ਕੇ ਉਨ੍ਹਾਂ ਪਿੰਡ ਵਾਲਿਆਂ ਨੂੰ ਝਾੜਿਆ ਕਿ ਏਨੇ ਸਾਲ ਬੀਤ ਜਾਣ ਤੇ ਵੀ ਤੁਸੀਂ ਸੱਚੇ ਅਤੇ ਪੂਰੇ ਗੁਰੂ ਨੂੰ ਪਹਿਚਾਣ ਨਹੀਂ ਸਕੇ। ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ, ਪਰ ਰੱਬ ਦੀ ਰਜ਼ਾ ਵਿਚ ਰਹਿਣਾ, ਭਾਣਾ ਮੰਨਣਾ ਇਕ ਸੱਚੇ ਪ੍ਰਭੂ ਭਗਤ ਦਾ ਧਰਮ ਹੈ। ਤੁਸੀਂ ਕੇਵਲ ਬਾਰਸ਼ ਹੀ ਚਾਹੁੰਦੇ ਹੋ, ਚਲੋ ਇਸ ਤਪੇ ਨੂੰ ਰੱਸਾ ਪਾਵੋ ਅਤੇ ਘਸੀਟ ਕੇ ਖੇਤ ਵਿਚ ਲੈ ਜਾਵੋਗੇ ਤਾਂ ਉਸੇ ਵੇਲੇ ਹੀ ਮੀਂਹ ਆ ਜਾਵੇਗਾ।

ਲੋਕਾਂ ਨੂੰ ਹੋਰ ਕੀ ਚਾਹੀਦਾ ਸੀ, ਉਨ੍ਹਾਂ ਤਪੇ ਨੂੰ ਰੱਸਾ ਪਾ ਲਿਆ। ਰੱਸਾ ਪਾਉਂਦਿਆਂ ਹੀ ਆਕਾਸ਼ ਉਤੇ ਬਾਦਲ ਛਾ ਗਏ ਜਦ ਉਹ ਤਪੇ ਨੂੰ ਘਸੀਟਣ ਲੱਗੇ ਤਾਂ ਮੀਂਹ ਆ ਗਿਆਂ। ਜਿੰਨਾਂ ਉਹ ਜ਼ੋਰ ਦੀ ਘਸੀਟਦੇ ਸਨ ਉਤਨੇ ਜ਼ੋਰ ਦਾ ਹੀ ਮੀਂਹ ਆ ਜਾਂਦਾ ਸੀ। ਇਸ ਤਰ੍ਹਾਂ ਘਸੀਟਣ ਨਾਲ ਤਪੇ ਦੀ ਮੌਤ ਹੋ ਗਈ।

ਫਿਰ ਸਾਰੀ ਸੰਗਤ, ਪਿੰਡ ਵਾਸੀ ਅਤੇ ਬਾਬਾ ਅਮਰ ਦਾਸ ਜੀ ਗੁਰੂ ਅੰਗਦ ਦੇਵ ਜੀ ਪਾਸ ਪਿੰਡ ਖਾਨ ਰਜ਼ਾਦਾ ਪੁੱਜੇ। ਪਰ ਬਾਬਾ ਅਮਰ ਦਾਸ ਨੂੰ ਆਉਂਦਾ ਵੇਖ ਕੇ ਗੁਰੂ ਜੀ ਨੇ ਮੂੰਹ ਫੇਰ ਲਿਆ।

ਜਦ ਬਾਬਾ ਅਮਰ ਦਾਸ ਜੀ ਨੇ ਬੇਨਤੀ ਕੀਤੀ ਕਿ ਮੈਥੋਂ ਕੀ ਭੁੱਲ ਹੋ ਗਈ ਹੈ ਤਾਂ ਗੁਰੂ ਜੀ ਬੋਲੇ, 'ਸਿੱਖ ਮੱਤ ਵਿਚ ਕਰਾਮਾਤ ਦਾ ਕੋਈ ਸਥਾਨ ਨਹੀਂ ਹੈ, ਕਰਾਮਾਤ ਦਿਖਾਉਣਾ ਹਉਮੈ ਨੂੰ ਹੀ ਪੱਠੇ ਪਾਉਣਾ ਹੈ। ਕਿਹੜਾ ਬੰਦਾ ਹੈ ਜਿਹੜਾ ਈਰਖਾ ਰਹਿਤ ਹੈ। ਅਜਿਹੇ ਬੰਦੇ ਨੂੰ ਸਜ਼ਾ ਦੇਣੀ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਹੈ'।

ਬਾਬਾ ਜੀ ਵੱਲੋਂ ਬੇਨਤੀ ਕਰਨ ਉੱਤੇ ਗੁਰੂ ਜੀ ਨੇ ਉਨ੍ਹਾਂ ਦੀ ਭੁੱਲ ਬਖ਼ਸ਼ ਦਿੱਤੀ।

Disclaimer Privacy Policy Contact us About us