ਜੋਤੀ ਜੋਤ ਸਮਾਉਣਾ


ਬਾਬਾ ਅਮਰ ਦਾਸ ਜੀ ਆਪਣੀ ਸੇਵਾ ਵਿਚ ਫਿਰ ਜੁੱਟ ਗਏ। ਉਹ ਸਵੇਰੇ ਅੰਮ੍ਰਿਤ ਵੇਲੇ ਉਠਦੇ ਅਤੇ ਜਪੁਜੀ ਸਾਹਿਬ ਦਾ ਪਾਠ ਕਰਦੇ, ਬਿਆਸਾ ਦਰਿਆ ਉਤੇ ਪਹੁੰਚ ਜਾਂਦੇ, ਫਿਰ ਗਾਗਰ ਭਰ ਕੇ ਵਾਪਿਸ ਖਡੂਰ ਸਾਹਿਬ ਆ ਜਾਂਦੇ। ਇਕ ਰਾਤ ਮੀਂਹ ਬਹੁਤ ਪੈ ਰਿਹਾ ਸੀ।

ਬਾਬਾ ਅਮਰਦਾਸ ਜੀ ਜਦ ਜਲ ਲੈਣ ਵਾਸਤੇ ਤੁਰਨ ਲੱਗੇ ਤਾਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਇਸ ਸੇਵਾ ਲਈ ਕਿਹਾ, ਪਰ ਪੁੱਤਰ ਟਾਲ ਗਏ। ਬਾਬਾ ਜੀ ਜਲ ਲੈਣ ਚਲੇ ਗਏ। ਜਦ ਉਹ ਜਲ ਭਰ ਕੇ ਵਾਪਿਸ ਆ ਰਹੇ ਸਨ ਤਾਂ ਇਕ ਜੁਲਾਹੇ ਦੀ ਤਾਣਾ ਉਣਨ ਵਾਲੀ ਕਿੱਲੀ ਨਾਲ ਠੇਡਾ ਲੱਗਣ ਕਰਕੇ ਡਿੱਗ ਪਏ, ਪਰ ਉਨ੍ਹਾਂ ਗਾਗਰ ਸੰਭਾਲ ਕੇ ਰੱਖੀ।

ਜਦ ਜੁਲਾਹੇ ਨੇ ਪੁੱਛਿਆ ਕੌਣ ਹੈ ਤਾਂ ਜੁਲਾਹੀ ਨੇ ਉੱਤਰ ਦਿੱਤਾ, ਉਹੀ ਅਮਰੂ ਨਿਥਾਵਾਂ ਹੈ, ਹੋਰ ਕੌਣ ਹੈ?' ਬਾਬਾ ਜੀ ਨੇ ਇਹ ਗੱਲ ਸੁਣ ਕੇ ਕਿਹਾ, 'ਮੈਂ ਨਿਥਾਵਾਂ ਨਹੀਂ ਮੈਂ ਤਾਂ ਗੁਰੂ ਵਾਲਾ ਹਾਂ'। ਬਾਅਦ ਵਿਚ ਗਾਗਰ ਸੰਭਾਲ ਕੇ ਉਹ ਖਡੂਰ ਸਾਹਿਬ ਪਹੁੰਚ ਗਏ ਅਤੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ।

ਜਦ ਸਵੇਰ ਦਰਬਾਰ ਲੱਗਾ ਤਾਂ ਗੁਰੂ ਜੀ ਨੇ ਬਾਬਾ ਅਮਰ ਦਾਸ ਜੀ ਤੋਂ ਪੁੱਛਿਆ ਕਿ ਅੱਜ ਜਲ ਲਿਆਉਂਦੇ ਸਮੇਂ ਕੀ ਗੱਲ ਹੋਈ ਸੀ? ਤਦ ਬਾਬਾ ਜੀ ਨੇ ਕਿਹਾ, 'ਮਹਾਰਾਜ! ਤੁਸੀਂ ਜਾਣੀ ਜਾਣ ਹੋ, ਮੈਂ ਕੀ ਦੱਸ ਸਕਦਾ ਹਾਂ?'

ਗੁਰੂ ਜੀ ਨੇ ਮੁਸਕਰਾ ਕੇ ਕਿਹਾ ਉਸ ਜੁਲਾਹੀ ਨੇ ਤੁਹਾਨੂੰ ਨਿਥਾਵਾਂ ਕਿਹਾ ਹੈ, ਪਰ ਉਹ ਕਮਲੀ ਨਹੀਂ ਜਾਣਦੀ ਕਿ: 'ਤੁਮਹੋ ਨਿਥਾਵਨ ਥਾਨ। ਕਰਹੋ ਨਿਮਾਨਹਿ ਮਾਨ। ਨਿਤਾਣਿਆਂ ਕਾ ਤਾਨ, ਨਿੳਟਿਆਂ ਕੀ ੳਟ। ਨਿਆਸਰਿਆਂ ਦਾ ਆਸਰਾ। ਨਿਧਰਿਆਂ ਦੀ ਧਿਰ। ਨਧੀਰਨ ਦਾ ਧਰਿ। ਪੀਰਾਂ ਦੇ ਪੀਰ। ਦਿਆਲ ਗਹੀ ਬਹੋੜ। ਜਗਤ ਬੰਦੀ ਛੋੜ। ਭੰਨਣ ਘੜਨ ਸਮਰਥ। ਸਭ ਜੀਵਕਾ ਜਿਸ ਹੱਥ'।

ਜਦ ਦਰਬਾਰ ਦੀ ਸਮਾਪਤੀ ਹੋਈ ਤਾਂ ਜੁਲਾਹਾ ਵਰਲਾਪ ਕਰਦਾ ਆ ਗਿਆ ਕਿ ਉਸਦੀ ਜੁਲਾਹੀ ਕਮਲੀ ਹੋ ਗਈ ਹੈ। ਜਦ ਜੁਲਾਹੀ ਦਰਬਾਰ ਹਾਜ਼ਰ ਹੋਈ ਤਾਂ ਗੁਰੂ ਜੀ ਦੀ ਨਜ਼ਰ ਪੈਂਦਿਆਂ ਹੀ ਠੀਕ ਹੋ ਗਈ।

ਗੁਰੂ ਅੰਗਦ ਦੇਵ ਜੀ ਨੂੰ ਹੁਣ ਪੂਰੀ ਤਸੱਲੀ ਹੋ ਗਈ ਸੀ ਕਿ ਗੁਰਗੱਦੀ ਦਾ ਭਾਰ ਚੁਕਣ ਵਾਲਾ ਹੁਣ ਕੇਵਲ ਬਾਬਾ ਅਮਰ ਦਾਸ ਹੀ ਸੀ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਅਤੇ ਉਨ੍ਹਾਂ ਪਾਸੋਂ ਪੰਜ ਪੈਸੇ ਅਤੇ ਇਕ ਨਾਰੀਅਲ ਮੰਗਵਾਇਆ।

ਫਿਰ ਬਾਬਾ ਅਮਰ ਦਾਸ ਨੂੰ ਤਖਤ ਤੇ ਬਿਠਾ ਉਨ੍ਹਾਂ ਅਗੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਨੇ ਮੱਥੇ ਉਤੇ ਤਿਲਕ ਲਾਇਆ। ਗੁਰੂ ਜੀ ਨੇ ਸਭ ਸੰਗਤਾਂ ਨੂੰ ਹੁਕਮ ਕੀਤਾ ਕਿ ਅਜ ਤੋਂ ਤੁਹਾਡੇ ਗੁਰੂ ਬਾਬਾ ਅਮਰਦਾਸ ਜੀ ਹਨ। ਸਭ ਸੰਗਤਾਂ ਨੇ ਉਨ੍ਹਾਂ ਅੱਗੇ ਮੱਥਾ ਟੇਕਿਆ। ਫਿਰ ਆਪ ਜੀ ਦੇ ਚਿਹਰੇ ਉਤੇ ਅਜੀਬ ਜੇਹੀ ਲਾਲੀ ਛਾ ਗਈ। ਆਪ ਜੀ ਦੀ ਮੁਸਕਰਾਹਟ ਸਾਗਰ ਵਾਂਗ ਸ਼ਾਤ ਸੀ।

ਸਭ ਪਾਸੇ ਦ੍ਰਿਸ਼ਟੀ ਪਾ ਕੇ ਗੁਰੂ ਅੰਗਦ ਦੇਵ ਜੀ ਸਿੰਘਾਸਨ ਉੱਤੇ ਹੀ ਬਿਰਾਜ ਗਏ ਅਤੇ ਅੱਖਾਂ ਬੰਦ ਕਰਕੇ ਉੱਪਰ ਚਾਦਰ ਲੈ ਲਈ। ਉਨ੍ਹਾਂ ਦੀ ਜੋਤ ਪ੍ਰਭੂ ਦੀ ਜੋਤ ਨਾਲ ਇਕ ਮਿਕ ਹੋ ਗਈ ਸੀ। ਸਭ ਪਾਸੇ ਆਵਾਜ਼ਾਂ ਗੂੰਜ ਰਹੀਆਂ ਸਨ, 'ਗੁਰੂ ਅੰਗਦ ਜਿਹਾ ਨਾ ਹੋਰ ਕੋਈ'।

Disclaimer Privacy Policy Contact us About us