ਮਾਤਾ ਖੀਵੀ ਜੀ


ਜਿਹੜਾ ਵੀ ਗੁਰੂ ਜੀ ਦੇ ਇਕ ਵਾਰ ਦਰਸ਼ਨ ਕਰਦਾ ਸੀ, ਉਸਦਾ ਮਨ ਸ਼ਾਂਤ ਹੋ ਜਾਂਦਾ ਸੀ, ਉਸ ਦੀਆਂ ਸਭ ਭਟਕਣਾਂ ਮਿਟ ਜਾਂਦੀਆਂ ਸਨ ਅਤੇ ਉਹ ਗੁਰੂ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਸਵੇਰ ਦੇ ਦੀਵਾਨ ਦਾ ਭੋਗ ਪੈਣ ਤੋਂ ਬਾਅਦ ਸੰਗਤਾ ਲੰਗਰ ਛਕਦੀਆਂ ਸਨ ਅਤੇ ਫਿਰ ਸੇਵਾ ਵਿਚ ਜੁੱਟ ਜਾਂਦੀਆਂ ਸਨ। ਕਿਤੇ ਸਕੂਲ ਬਣ ਰਹੇ ਸਨ, ਕਿਤੇ ਖੂਹ ਉਸਾਰੇ ਜਾ ਰਹੇ ਸਨ, ਅਤੇ ਕਿਤੇ ਪਹਿਲਵਾਨਾਂ ਦੇ ਅਖਾੜੇ ਬਣਾਏ ਜਾ ਰਹੇ ਸਨ। ਸਭ ਆਪਣੀ ਵਿੱਤ ਅਨੁਸਾਰ ਸੇਵਾ ਕਰ ਰਹੇ ਸਨ।

ਪਰ ਇਨ੍ਹਾਂ ਵਿਚ ਜਿਹੜੇ ਸਭ ਤੋਂ ਵੱਡੇ ਸੇਵਾ ਦੇ ਪੁੰਜ ਸਨ, ਉਹ ਸਨ ਮਾਤਾ ਖੀਵੀ ਜੀ। ਗੁਰੂ ਜੀ ਨੇ ਆਪ ਜੀ ਨੂੰ ਲੰਗਰ ਦੀ ਸੇਵਾ ਬਖਸ਼ੀ ਸੀ। ਮਾਤਾ ਜੀ ਦਾ ਇਹ ਨਿਤ ਦਾ ਨੇਮ ਸੀ ਕਿ ਉਹ ਪਹਿਰ ਰਾਤ ਰਹਿੰਦੀਆਂ ਉੱਠਦੇ, ਫਿਰ ਪਾਠ ਕਰਕੇ ਲੰਗਰ ਦੀ ਸੇਵਾ ਵਿਚ ਲੱਗ ਜਾਂਦੇ ਸਨ।

ਮਾਤਾ ਜੀ ਬੜੇ ਮਿੱਠੇ ਸੁਭਾੳੇ ਦੇ ਸਨ। ਉਹ ਆਪਣੇ ਹੱਥੀ ਦਾਲ ਸਬਜ਼ੀਆਂ ਤਿਆਰ ਕਰਦੇ ਸਨ ਅਤੇ ਕਿਸੇ ਵਿਅਕਤੀ ਨੂੰ ਵੀ ਭੂੱਖਾ ਨਹੀਂ ਸੀ ਜਾਣ ਦਿੰਦੇ। ਉਨ੍ਹਾਂ ਦੀ ਸੇਵਾ ਨੂੰ ਵੇਖ ਕੇ ਨਾਸਤਿਕ ਵੀ ਪੱਕੇ ਸਿੱਖ ਬਣ ਜਾਂਦੇ ਸਨ।

ਰਬਾਬੀ ਬਲਵੰਡ ਜੀ ਉਨ੍ਹਾਂ ਦੇ ਮਿੱਠੇ ਸੁਭਾੳੇ ਬਾਰੇ ਲਿਖਦੇ ਹਨ ਕਿ ਮਾਤਾ ਜੀ ਏਨੇ ਠੰਡੇ ਸੁਭਾੳੇ ਦੇ ਸਨ, ਜਿੰਨੀ ਕਿਸੇ ਸੰਘਣੇ ਰੁੱਖ ਦੀ ਠੰਡੀ ਛਾਂ ਹੁੰਦੀ ਹੈ। ਉਨ੍ਹਾਂ ਦੇ ਕੋਲ ਜਿਹੜਾ ਵੀ ਆ ਕੇ ਬੈਠਦਾ ਸੀ ਉਸਦੇ ਕਲੇਜੇ ਵਿਚ ਠੰਡ ਪੈ ਜਾਂਦੀ ਸੀ।

ਜਿਵੇਂ ਗੁਰੂ ਜੀ ਨਾਮ ਰਸ ਦੀ ਦੌਲਤ ਵੰਡ ਰਹੇ ਸਨ, ਉਸ ਤਰ੍ਹਾਂ ਹੀ ਮਾਤਾ ਖੀਵੀ ਜੀ ਲੰਗਰ ਵਿਚ ਹੱਥੀ ਪ੍ਰਸ਼ਾਦਿਆਂ ਦੇ ਗੱਫੇ ਵੰਡ ਰਹੇ ਸਨ। ਉਹ ਕਿਸੇ ਨਾਲ ਵਿਤਕਰਾ ਨਹੀਂ ਸੀ ਕਰਦੇ, ਘਿਉ ਵਾਲੀ ਖੀਰ ਸਭ ਨੂੰ ਦਿੱਤੀ ਜਾਂਦੀ ਸੀ।

ਜਿਹੜਾ ਵਿਅਕਤੀ ਵੀ ਮਾਤਾ ਜੀ ਦੇ ਨੇੜੇ ਆਉਂਦਾ ਸੀ, ਉਸ ਦਾ ਮੱਥਾ ਖਿੜ ਜਾਂਦਾ ਸੀ, ਪਰ ਈਰਖਾ ਕਰਨ ਵਾਲਿਆਂ ਅਤੇ ਮਨਮੁਖਾਂ ਦੇ ਮੂੰਹ ਪੀਲੇ ਹੋ ਜਾਂਦੇ ਸਨ। ਮਾਤਾ ਜੀ ਆਪਣੇ ਪੁੱਤਰਾਂ ਨੂੰ ਵੀ ਸਮਝਾਉਂਦੇ ਸਨ ਕਿ ਬਾਣੀ ਪੜ੍ਹਨ, ਆਪਣੇ ਹੱਥੀਂ ਕਿਰਤ ਕਰਨ ਅਤੇ ਗੁਰੂ ਘਰ ਦੀ ਸੇਵਾ ਵਿਚ ਕਿਸੇ ਭਿੰਨ ਭਾਵ ਤੋਂ ਬਗੈਰ ਲੱਗ ਜਾਣ।

ਉਨ੍ਹਾਂ ਦੀਆਂ ਦੋ ਧੀਆਂ ਵੀ ਸਨ, ਉਨ੍ਹਾਂ ਨੂੰ ਬਾਣੀ ਕੰਠ ਕਰਨ ਤੇ ਜ਼ੋਰ ਦਿੰਦੇ। ਉਨ੍ਹਾਂ ਦੇ ਇਸ ਉਪਰਾਲੇ ਕਾਰਨ ਹੀ ਉਨ੍ਹਾਂ ਦੀਆਂ ਬੱਚੀਆਂ ਨੇ ਕਈ ਕਠਿਨ ਬਾਣੀਆਂ ਵੀ ਕੰਠ ਕਰ ਲਈਆਂ ਸਨ। ਮਾਤਾ ਖੀਵੀ ਜੀ ਕਦੇ ਵੀ ਗੁਰੂ ਜੀ ਦੇ ਰਾਹ ਵਿਚ ਰੋੜਾ ਨਹੀਂ ਸਨ ਬਣੇ। ਜਦ ਗੁਰੂ ਜੀ ਸਤ ਸਾਲ ਕਰਤਾਰਪੁਰ ਠਹਿਰੇ ਸਨ, ਤਾਂ ਉਨ੍ਹਾਂ ਨੇ ਕਦੀ ਮੱਥੇ ਤੇ ਵਟ ਨਹੀਂ ਸੀ ਪਾਇਆ ਅਤੇ ਆਪਣੇ ਪਤੀ ਦੇਵ ਦੇ ਹਰ ਸ਼ਬਦ ਨੂੰ ਸਤ ਬਚਨ ਕਰਕੇ ਮੰਨਿਆ ਸੀ।

ਗੁਰੂ ਜੀ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਸਾਰਾ ਕਾਰੋਬਾਰ ਸੰਭਾਲ ਲਿਆ ਸੀ ਅਤੇ ਘਰ ਵਿਚ ਕੋਈ ਬਖੇੜਾ ਖੜਾ ਨਹੀਂ ਸੀ ਹੋਣ ਦਿੱਤਾ। ਜਦ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਤਾਂ ਉਨ੍ਹਾਂ ਵੀ ਸਿੱਖੀ ਮਾਰਗ ਅਪਨਾ ਲਿਆ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰਦੇ ਅਤੇ ਪ੍ਰਭੂ ਦੀ ਰਜ਼ਾ ਵਿਚ ਪ੍ਰਸੰਨਤਾ ਅਨੁਭਵ ਕਰਦੇ।

Disclaimer Privacy Policy Contact us About us