ਹਿਮਾਯੂੰ ਅਤੇ ਗੁਰੂ ਜੀ


ਬਾਬਰ ਦੀ ਮੌਤ ਦੇ ਪਿਛੋਂ ਉਸਦਾ ਵੱਡਾ ਪੁੱਤਰ ਨਸੀਰ ਉਦ ਦੀਨ ਹਿਮਾਯੂੰ ੨੬ ਦਿਸੰਬਰ ੧੫੩੦ ਨੂੰ ਆਗਰੇ ਦੇ ਤਖ਼ਤ ਉਤੇ ਬੈਠਾ। ਉਹ ਬੜਾ ਮਿਲਣਸਾਰ ਅਤੇ ਜੋਤਿਸ਼ ਵਿਦਿਆ ਦਾ ਮਾਹਿਰ ਸੀ। ਉਸ ਨੇ ਹਾਲੇ ਦਸ ਸਾਲ ਰਾਜ ਵੀ ਨਹੀਂ ਸੀ ਕੀਤਾ ਕਿ ਸ਼ੇਰ ਸ਼ਾਹ ਸੂਰੀ ਨਾਲ ਉਸਦੀ ਲੜਾਈ ਹੋ ਗਈ। ਇਸ ਲੜਾਈ ਵਿਚ ੧੭ ਮਈ ੧੫੪੦ ਨੂੰ ਹਿਮਾਯੂੰ ਹਾਰ ਗਿਆ ਅਤੇ ਸ਼ੇਰ ਸ਼ਾਹ ਸੂਰੀ ਨੇ ਆਗਰੇ ਉਤੇ ਕਬਜ਼ਾ ਕਰ ਲਿਆ।

ਆਪਣੀ ਜਾਨ ਬਚਾਉਂਦਾ ਹਿਮਾਯੂੰ ਆਪਣੇ ਕੁਝ ਸਾਥੀਆਂ ਸਮੇਤ ਪੰਜਾਬ ਵਲ ਭੱਜ ਉਠਿਆ। ਨੱਠਦਾ ਭੱਜਦਾ ਜਦ ਉਹ ਲਾਹੋਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਦੇ ਦਰਬਾਰੀਆਂ ਨੇ ਦਸਿਆ ਕਿ ਬਾਬੇ ਨਾਨਕ ਦੀ ਗੱਦੀ ਉੱਤੇ ਜਿਹੜਾ ਇਕ ਪੁੱਜਾ ਹੋਇਆ ਫਕੀਰ ਬੈਠਾ ਹੈ, ਉਸਦਾ ਡੇਰਾ ਨੇੜੇ ਹੀ ਹੈ।

ਦਰਬਾਰੀਆਂ ਦੀ ਇਹ ਗੱਲ ਸੁਣ ਕੇ ਹਿਮਾਯੂੰ ਨੂੰ ਕੁਝ ਤਸੱਲੀ ਹੋਈ। ਇਹ ਗੱਲ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਾਬਾ ਨਾਨਕ ਉਸਦੇ ਪਿਤਾ ਬਾਬਰ ਨੂੰ ਮਿਲੇ ਸਨ। ਬਾਬਰ ਨੂੰ ਗੁਰੂ ਨਾਨਕ ਦੇਵ ਜੀ ਨੇ ਕੁਝ ਸਿਖਿਆਦਾਇਕ ਸ਼ਬਦ ਕਹੇ ਸਨ, ਜਿਸ ਉੱਤੇ ਅਮਲ ਕਰਨ ਦੀ ਉਸ ਕਸਮ ਖਾਧੀ ਸੀ।

ਹਿਮਾਯੂੰ ਆਪਣੀ ਫੌਜ ਨੂੰ ਉਥੇ ਹੀ ਸੜਕ ਤੋਂ ਕੁਝ ਦੂਰ ਪੜਾਉ ਲਾਉਣ ਦਾ ਹੁਕਮ ਦੇ ਕੇ ਆਪ ਖਡੂਰ ਸਾਹਿਬ ਵੱਲ ਚੱਲ ਪਿਆ। ਉਨ੍ਹਾਂ ਦੇ ਨਾਲ ਕੁਝ ਚੋਣਵੇਂ ਅਹਿਲਕਾਰਾਂ ਤੋਂ ਉਪਰੰਤ ਉਨ੍ਹਾਂ ਦੀ ਵਿਦਵਾਨ ਭੈਣ ਗੁਲਬਦਨ ਵੀ ਸੀ। ਹਿਮਾਯੂੰ ਜਦ ਖਡੂਰ ਸਾਹਿਬ ਪੁੱਜਾ ਤਾਂ ਉਸ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੁਰ ਗੱਦੀ ਉੱਤੇ ਬੈਠਣ ਵਾਲਾ ਫਕੀਰ ਕਿਸੇ ਛੋਟੇ ਮੋਟੇ ਮਕਾਨ ਜਾਂ ਝੋਪੜੀ ਵਿਚ ਰਹਿੰਦਾ ਹੋਵੇਗਾ। ਪਰ ਜਦ ਖਡੂਰ ਸਾਹਿਬ ਆ ਕੇ ਉਨ੍ਹਾਂ ਗੁਰੂ ਨਾਨਕ ਦੇ ਵਾਰਿਸ ਬਾਰੇ ਪੁਛਿਆ ਤਾਂ ਪਿੰਡ ਦੇ ਲੋਕਾਂ ਨੇ ਦਸਿਆ ਕਿ ਉਨ੍ਹਾਂ ਦਾ ਦਰਬਾਰ ਉੱਚੇ ਟਿੱਬੇ ਉੱਤੇ ਸਥਿਤ ਹੈ।

ਹਿਮਾਯੂੰ ਘੋੜਾ ਭਜਾਉਂਦਾ ਹੋਇਆ ਆਪਣੇ ਅਹਿਲਕਾਰਾਂ ਸਮੇਤ ਦਰਬਾਰ ਦੇ ਨੇੜੇ ਪੁੱਜਾ। ਉਸ ਸਮੇਂ ਦਰਬਾਰ ਲੱਗਾ ਹੋਇਆ ਸੀ ਅਤੇ ਗੁਰੂ ਜੀ ਇਲਾਹੀ ਬਾਣੀ ਦੀ ਵਿਆਖਿਆ ਕਰ ਰਹੇ ਸਨ। ਦਰਬਾਰ ਦੇ ਬਾਹਰ ਕੁਝ ਸਿੱਖ ਖੜੇ ਸਨ। ਉਨ੍ਹਾਂ ਨੇ ਘੋੜਿਆਂ ਉੱਤੇ ਚੜ੍ਹੇ ਆਉਂਦੇ ਕੁਝ ਬੰਦਿਆਂ ਨੂੰ ਵੇਖਿਆ ਤਾਂ ਰੁਕਣ ਵਾਸਤੇ ਕਿਹਾ।

ਇਕ ਦਰਬਾਰੀ ਜਿਹੜਾ ਪੰਜਾਬ ਦਾ ਰਹਿਣ ਵਾਲਾ ਸੀ, ਨੇ ਉਨ੍ਹਾਂ ਸੇਵਾਦਾਰਾਂ ਨੂੰ ਕਿਹਾ ਕਿ ਬਾਦਸ਼ਾਹ ਹਿਮਾਯੂੰ ਗੁਰੂ ਅੰਗਦ ਦੇਵ ਜੀ ਨੂੰ ਮਿਲਣਾ ਚਾਹੁੰਦਾ ਹੈ। ਉਨ੍ਹਾਂ ਸੇਵਾਦਾਰਾਂ ਕਿਹਾ ਕਿ ਹਾਲੇ ਦਰਬਾਰ ਲੱਗਾ ਹੋਇਆ ਹੈ ਇਸ ਸਮੇਂ ਗੁਰੂ ਜੀ ਕਿਸੇ ਨੂੰ ਨਹੀਂ ਮਿਲ ਸਕਦੇ, ਪਰ ਜੇ ਤੁਸੀ ਸਤਸੰਗ ਸੁਣਨਾ ਹੈ ਤਾਂ ਪੈਦਲ ਅੰਦਰ ਜਾ ਕੇ ਧਰਤੀ ਉੱਤੇ ਬੈਠ ਸਕਦੇ ਹੋ।

ਪਰ ਹਿਮਾਯੂੰ ਨੇ ਇਹ ਗੱਲ ਨਾ ਮੰਨੀ ਅਤੇ ਘੋੜਿਆਂ ਉੱਤੇ ਸਵਾਰ ਹੀ ਖੜੇ ਰਹੇ। ਜਦ ਸਤਸੰਗ ਸਮਾਪਤ ਹੋਇਆ ਤਾਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਬਾਹਰ ਨਿਕਲਦਾ ਵੇਖ ਹਿਮਾਯੂੰ ਬਹੁਤ ਹੈਰਾਨ ਹੋਇਆ।

ਫਿਰ ਉਹ ਘੋੜਿਆਂ ਤੋਂ ਉੱਤਰ ਕੇ ਦਰਬਾਰ ਵਿਚ ਗੁਰੂ ਜੀ ਦੇ ਸਨਮੁਖ ਹੋਇਆ। ਗੁਰੂ ਜੀ ਉਸ ਸਮੇਂ ਕੁਝ ਸਿਖਾਂ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ। ਜਦ ਕਾਫੀ ਸਮਾਂ ਉਨ੍ਹਾਂ ਹਿਮਾਯੂੰ ਵਲ ਨਾ ਤੱਕਿਆ ਤਾਂ ਹਿਮਾਯੂੰ ਗੁੱਸੇ ਵਿਚੋ ਤਲਵਾਰ ਕੱਢਣ ਲੱਗਾ। ਗੁਰੂ ਜੀ ਨੇ ਜਦ ਨਜ਼ਰ ਭਰ ਕੇ ਉਸ ਵਲ ਵੇਖਿਆ ਤਾਂ ਹੱਥ ਤਲਵਾਰ ਦੀ ਮੁੱਠ ਉੱਤੇ ਹੀ ਰਹਿ ਗਿਆ।

ਗੁਰੂ ਜੀ ਨੇ ਫੁਰਮਾਇਆ, 'ਹਿਮਾਯੂੰ ਇਸ ਤਲਵਾਰ ਨੂੰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਕੱਢਣਾ ਸੀ, ਫਕੀਰਾਂ ਉੱਤੇ ਤਲਵਾਰਾਂ ਚਲਾਉਣਾ ਕੋਈ ਬਹਾਦਰੀ ਨਹੀਂ ਹੈ'। ਹਿਮਾਯੂੰ ਸ਼ਰਮਿੰਦਾ ਹੋ ਗਿਆ ਅਤੇ ਉਥੋਂ ਹੀ ਵਾਪਿਸ ਮੁੜ ਗਿਆ। ਅਸੀਸ ਲੈਣ ਆਇਆ ਸੀ, ਇਕ ਵਿਲੱਖਣ ਸਿੱਖਿਆ ਲੈ ਕੇ ਚਲਾ ਗਿਆ।

ਹਿਮਾਯੂੰ ਨੇ ਜਿਹੜੀ ਸਿਖਿਆ ਗੁਰੂ ਜੀ ਪਾਸੋਂ ਲਈ, ਉਸ ਨੇ ਉਸਦੀ ਕਾਇਆ ਹੀ ਪਲਟ ਦਿੱਤੀ। ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹ ਇਕ ਡਰਪੋਕ ਸੀ, ਬੁਜ਼ਦਿਲ ਸੀ, ਏਸੇ ਕਰਕੇ ਉਹ ਹਾਰਿਆ ਸੀ।

ਕਈ ਵਾਰ ਗੁਰੂ ਜੀ ਦਾ ਗੌਰਵਮਈ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਆਉਂਦਾ ਅਤੇ ਉਸ ਨੂੰ ਬਾਰ ਬਾਰ ਇਹ ਪ੍ਰੇਰਨਾ ਮਿਲਦੀ ਕਿ ਬਹਾਦਰ ਦਾ ਕੰਮ ਹੈ, ਆਪ ਤੋਂ ਹੀ ਵੱਡੇ ਵੈਰੀ ਨਾਲ ਲੜਨਾ। ਇਸ ਪ੍ਰੇਰਨਾ ਸਦਕਾ ਉਹ ਕਾਮਯਾਬ ਵੀ ਹੋਇਆ ਅਤੇ ਇਕ ਵਾਰੀ ਫਿਰ ਆਗਰੇ ਦੇ ਤਖਤ ਦਾ ਵਾਰਿਸ ਬਣਿਆ।

ਗੁਰੂ ਜੀ ਦੀ ਸ਼ਖ਼ਸੀਅਤ ਦਾ ਇਹੋ ਵੱਡਾ ਪਹਿਲੂ ਸੀ ਕਿ ਹਰ ਵਿਅਕਤੀ ਨੂੰ ਕੁਝ ਲਫਜ਼ਾਂ ਵਿਚ ਇਕ ਵੱਡੀ ਸਿਖਿਆ ਦੇ ਦਿੰਦੇ ਸਨ।

Disclaimer Privacy Policy Contact us About us