ਭਾਈ ਮਾਹਣਾ


ਭਾਈ ਮਾਹਣਾ ਲੰਗਰ ਦੀ ਸੇਵਾ ਕਰਦਾ ਸੀ। ਉਹ ਇਕ ਅਣਥੱਕ ਕਾਮਾ ਸੀ ਅਤੇ ਹਰ ਵੇਲੇ ਸੇਵਾ ਵਿਚ ਜੁਟਿਆ ਰਹਿੰਦਾ ਸੀ। ਉਹ ਏਨੀ ਸੇਵਾ ਕਰਦਾ ਸੀ ਕਿ ਉਸ ਨੂੰ ਇਹ ਅਹੰਕਾਰ ਹੋ ਗਿਆ ਕਿ ਉਸ ਤੋਂ ਚੰਗਾ ਹੋਰ ਕੋਈ ਸੇਵਾਦਾਰ ਨਹੀਂ ਹੈ। ਉਹ ਸੇਵਾ ਤਾਂ ਕਰਦਾ ਪਰ ਹਰ ਇਕ ਨਾਲ ਬਦਸਲੂਕੀ ਨਾਲ ਪੇਸ਼ ਆਉਂਦਾ ਸੀ। ਜੇ ਉਸ ਤੋਂ ਕੋਈ ਚੀਜ਼ ਮੰਗਦਾ ਤਾਂ ਉਹ ਅਗੋਂ ਕਹਿੰਦਾ, 'ਮੈਂ ਉਹਾਡੇ ਵਰਗੇ ਕੰਗਾਲਾਂ ਦਾ ਨੌਕਰ ਨਹੀਂ, ਮੈਂ ਗੁਰੂ ਦਾ ਸੇਵਕ ਹਾਂ, ਉਨ੍ਹਾਂ ਦਾ ਹੀ ਮੈ ਸੇਵਾਦਾਰ ਹਾਂ'।

ਸਿੱਖਾਂ ਨੇ ਜਦ ਉਸਦੇ ਅਜਿਹੇ ਦੁਰਵਿਹਾਰ ਦੀ ਸ਼ਿਕਾਇਤ ਗੁਰੂ ਜੀ ਪਾਸ ਕੀਤੀ ਤਾਂ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉਸ ਨੂੰ ਆਪਣੇ ਵਤੀਰੇ ਨੂੰ ਠੀਕ ਕਰਨਾ ਚਾਹੀਦਾ ਹੈ ਅਤੇ ਹਰ ਮਨੁੱਖ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਪਰ ਗੁਰੂ ਜੀ ਦੇ ਸਮਝਾਉਣ ਨਾਲ ਉਹ ਹੋਰ ਵੀ ਔਖਾ ਹੋ ਗਿਆ ਅਤੇ ਉਹ ਸਿੱਖਾਂ ਨੂੰ ਕਹਿਣ ਲੱਗ ਪਿਆ ਕਿ ਮੈਂ ਕਈ ਸਾਲਾਂ ਤੋਂ ਦਿਨ ਰਾਤ ਸੇਵਾ ਕਰਦਾ ਆ ਰਿਹਾ ਹਾਂ ਪਰ ਇਹ ਭੁੱਖੇ ਮੇਰੀਆਂ ਸ਼ਿਕਾਇਤਾਂ ਲਾਉਂਦੇ ਹਨ।

ਇਸ ਤੋਂ ਬਾਅਦ ਜਦ ਕੋਈ ਲੋੜਵੰਦ ਉਸ ਤੋਂ ਕੁਝ ਮੰਗਦਾ ਤਾਂ ਉਹ ਕਹਿ ਦਿੰਦਾ ਮੇਰੇ ਪਾਸ ਕੁਝ ਨਹੀਂ, ਗੁਰੂ ਜੀ ਪਾਸੋਂ ਜਾ ਕੇ ਲੈ ਲਵੋ, ਜਿਨ੍ਹਾਂ ਪਾਸ ਮੇਰੀਆਂ ਸ਼ਿਕਾਇਤਾਂ ਕਰਦੇ ਹੋ। ਜਦ ਗੁਰੂ ਜੀ ਨੂੰ ਉਸਦੇ ਰਵੱਈਏ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਬੁਲਾਇਆ ਅਤੇ ਕਿਹਾ, 'ਭਾਈ ਮਾਹਣਾ! ਤੇਰੀ ਸੇਵਾ ਦੀ ਸਾਨੂੰ ਕੋਈ ਲੋੜ ਨਹੀਂ ਹੈ। ਜਿਹੜਾ ਸਿੱਖਾਂ ਨਾਲ ਪਿਆਰ ਨਹੀਂ ਕਰਦਾ, ਉਹ ਗੁਰੂ ਘਰ ਨਾਲ ਕਦੇ ਪਿਆਰ ਨਹੀਂ ਕਰ ਸਕਦਾ। ਅਸਲੀ ਸੇਵਾ ਉਹ ਹੈ ਜਿਹੜੀ ਸੇਵਾ ਲੋੜਵੰਦਾਂ ਦੀ ਕੀਤੀ ਜਾਵੇ'।

ਭਾਈ ਮਾਹਣੇ ਨੂੰ ਸੋਝੀ ਆ ਗਈ ਅਤੇ ਉਸਦਾ ਸਾਰਾ ਅਹੰਕਾਰ ਜਾਂਦਾ ਰਿਹਾ। ਉਸ ਨੇ ਗੁਰੂ ਜੀ ਤੋਂ ਮੁਆਫੀ ਮੰਗੀ ਅਤੇ ਅੱਗੇ ਤੋਂ ਹਰ ਮਨੁੱਖ ਨਾਲ ਬੜੇ ਪਿਆਰ ਨਾਲ ਪੇਸ਼ ਆਉਣ ਦਾ ਵਾਅਦਾ ਕੀਤਾ। ਭਾਈ ਮਾਹਣੇ ਵੱਲ ਵੇਖ ਕੇ ਬਾਕੀ ਸਿਖਾਂ ਨੂੰ ਅਸਲੀ ਸਿੱਖੀ ਮਾਰਗ ਦੀ ਸੋਝੀ ਆ ਗਈ।

ਗੁਰੂ ਜੀ ਨੇ ਸਾਰੇ ਸ਼ਰਧਾਲੂਆਂ ਨੂੰ ਸਮਝਾਉਂਦਿਆਂ ਕਿਹਾ, 'ਸਿੱਖ ਦਾ ਸਭ ਤੋਂ ਪਹਿਲਾ ਕਰਮ ਹੈ ਹਰ ਲੋੜਵੰਦ ਦੀ ਸੇਵਾ ਕਰਨਾ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਛੱਡ ਕੇ ਨਿਮਰਤਾ ਵਾਲਾ ਜੀਵਨ ਬਤੀਤ ਕਰਨਾ। ਜਿਹੜਾ ਘੁਮੰਡ ਕਰਦਾ ਹੈ ਅਤੇ ਆਪਣੇ ਆਪ ਨੂੰ ਦੂਸਰੇ ਨਾਲੋਂ ਵਧੀਆ ਸਮਝਦਾ ਹੈ, ਉਹ ਭੁਲੇਖੇ ਵਿਚ ਹੈ। ਪ੍ਰਭੂ ਨੇ ਸਭ ਮਨੁੱਖ ਬਰਾਬਰ ਪੈਦਾ ਕੀਤੇ ਹਨ।

ਸਾਰੇ ਵਰਣ ਇਕ ਸਮਾਨ ਹਨ। ਕੋਈ ਉੱਚਾ, ਨੀਵਾਂ, ਅਛੂਤ ਜਾਂ ਨੀਚ ਨਹੀਂ ਹੈ। ਅਸਲ ਵਿਚ ਜਿਹੜਾ ਨੀਵਾਂ ਹੈ ਉਹ ਹੀ ਉੱਚਾ ਹੈ, ਉਹ ਹੀ ਮਹਾਨ ਹੈ'। ਗੁਰੂ ਸਾਹਿਬ ਦੀ ਇਹ ਸਿੱਖਿਆ ਸੁਣ ਕੇ ਸਭ ਸਿੱਖਾਂ ਨੇ ਸਿਰ ਝੁਕਾਇਆ। ਗੁਰੂ ਜੀ ਦੀ ਸਿੱਖਿਆ ਦਾ ਇਹ ਪ੍ਰਭਾਵ ਸੀ ਕਿ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕਈ ਬੜੇ ਪੂਜਨੀਕ ਸਿੱਖ ਹੋਏ ਹਨ।

ਭਾਈ ਗੁਰਦਾਸ ਜੀ ਨੇ ਇਨ੍ਹਾਂ ਸਾਰੇ ਕਰਨੀ ਵਾਲੇ ਸਿੱਖਾਂ ਦਾ ਆਪਣੀਆਂ ਵਾਰਾਂ ਵਿਚ ਵਰਣਨ ਕੀਤਾ ਹੈ।

Disclaimer Privacy Policy Contact us About us