ਮਲੂਕਾ ਸ਼ਰਾਬੀ


ਖਡੂਰ ਸਾਹਿਬ ਵਿਖੇ ਇਕ ਜਵਾਹਰ ਲਾਲ ਨਾਮੀਂ ਚੌਧਰੀ ਰਹਿੰਦਾ ਸੀ। ਬਹੁਤ ਜ਼ਿਆਦਾ ਸ਼ਰਾਬ ਪੀਣ ਕਰਕੇ ਲੋਕ ਉਸ ਨੂੰ ਮਲੂਕਾ ਸ਼ਰਾਬੀ ਕਹਿੰਦੇ ਸਨ। ਜਦ ਗੁਰੂ ਜੀ ਦੀ ਸੌਭਾ ਦੂਰ ਦੂਰ ਤਕ ਹੋਣ ਲੱਗੀ ਅਤੇ ਵੱਡੇ ਵੱਡੇ ਪਤਵੰਤੇ ਅਤੇ ਸੰਤ ਮਹਾਤਮਾ ਉਨ੍ਹਾਂ ਦੇ ਦਰਬਾਰ ਵਿਚ ਆਉਣ ਲੱਗੇ ਤਾਂ ਉਹ ਬਹੁਤ ਈਰਖਾ ਕਰਨ ਲੱਗਾ।

ਉਹ ਨਿੱਤ ਗੁਰੂ ਦੀਆਂ ਸੰਗਤਾਂ ਨੂੰ ਤੰਗ ਕਰਨ ਲੱਗਾ। ਕਈ ਵਾਰ ਸ਼ਰਾਬ ਪੀ ਕੇ ਉਹ ਸ਼ਰਧਾਲੂਆਂ ਨੂੰ ਗਾਲ੍ਹਾਂ ਵੀ ਕੱਢਦਾ। ਜਦ ਸਿੱਖ ਗੁਰੂ ਜੀ ਪਾਸ ਸ਼ਿਕਾਇਤ ਕਰਦੇ ਤਾਂ ਉਹ ਕਹਿੰਦੇ, 'ਰੱਬ ਦੀ ਰਜ਼ਾ ਵਿਚ ਰਹਿਣਾ ਸਿਖੋ, ਜੇ ਕੋਈ ਮਾੜਾ ਕਰਮ ਕਰਦਾ ਹੈ ਤਾਂ ਸਾਨੂੰ ਵੀ ਮਾੜੇ ਨਹੀਂ ਹੋ ਜਾਣਾ ਚਾਹੀਦਾ।

ਜਿਸ ਤਰ੍ਹਾਂ ਕੋਈ ਕਰਮ ਕਰਦਾ ਹੈ ਅਜਿਹਾ ਹੀ ਫਲ ਪਾ ਲੈਂਦਾ ਹੈ, ਤੁਸੀਂ ਉਸ ਦੀਆਂ ਗੱਲਾਂ ਵਲ ਧਿਆਨ ਨਾ ਦੇਵੇ'। ਕੁਝ ਸਮੇਂ ਬਾਅਦ ਜ਼ਿਆਦਾ ਸ਼ਰਾਬ ਪੀਣ ਕਾਰਨ ਮਲੂਕੇ ਨੂੰ ਮਿਰਗੀ ਪੈਣ ਲੱਗ ਗਈ। ਮਲੂਕੇ ਨੂੰ ਇਸ ਰੋਗ ਨੇ ਬਹੁਤ ਦੁਖੀ ਕੀਤਾ। ਪਿੰਡ ਦੇ ਲੋਕਾਂ ਨੇ ਉਸ ਨੂੰ ਸਮਝਾਇਆ ਕਿ ਗੁਰੂ ਅੰਗਦ ਦੇਵ ਜੀ ਰੱਬੀ ਜੋਤ ਹਨ, ਤੁਸੀਂ ਉਨ੍ਹਾਂ ਦੀ ਨਿੰਦੀਆ ਕਰਦੇ ਰਹੇ ਹੋ ਇਸ ਲਈ ਤੁਹਾਨੂੰ ਇਸ ਰੋਗ ਨੇ ਘੇਰ ਲਿਆ ਹੈ।

ਪਰ ਉਹ ਫਿਰ ਵੀ ਸਦਾ ਦਿਆਲੂ ਹਨ। ਅੰਮ੍ਰਿਤ ਵੇਲੇ ਉਹ ਜਿਸ ਨੂੰ ਤੱਕ ਲੈਣ ਉਸਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਅਤੇ ਜਿਹੜਾ ਉਨ੍ਹਾਂ ਦੇ ਚਰਨੀਂ ਜਾ ਲੱਗੇ ਉਸ ਦਾ ਬੇੜਾ ਪਾਰ ਹੋ ਜਾਂਦਾ ਹੈ। ਲੋਕਾਂ ਦੇ ਸਮਝਾਉਣ ਉੱਤੇ ਮਲੂਕਾ ਗੁਰੂ ਜੀ ਦੇ ਦਰਸ਼ਨਾਂ ਨੂੰ ਗਿਆ। ਉਸ ਨੇ ਗੁਰੂ ਜੀ ਨੂੰ ਆਪਣੀ ਬੀਮਾਰੀ ਬਾਰੇ ਵੀ ਦੱਸਿਆ।

ਗੁਰੂ ਜੀ ਉਸ ਉੱਤੇ ਬੜੇ ਪ੍ਰਸੰਨ ਹੋਏ ਅਤੇ ਉਨ੍ਹਾਂ ਕਿਹਾ, ਚੌਧਰੀ ਜੀ! ਹੁਣ ਸ਼ਰਾਬ ਛੱਡ ਦੇਵੋ, ਮਿਰਗੀ ਉਸੇ ਦਿਨ ਤੋਂ ਹੱਟ ਜਾਵੇਗੀ'। ਮਲੂਕੇ ਨੇ ਗੁਰੂ ਜੀ ਦੀ ਗੱਲ ਮੰਨ ਲਿਤੀ ਅਤੇ ਸ਼ਰਾਬ ਛੱਡ ਦਿੱਤੀ। ਅਗਲੇ ਦਿਨ ਤੋਂ ਹੀ ਮਿਰਗੀ ਪੂਰੀ ਬੰਦ ਹੋ ਗਈ ਅਤੇ ਮਲੂਕਾ ਅਰੋਗ ਹੋ ਗਿਆ।

ਹੁਣ ਉਹ ਗੁਰੂ ਦੇ ਸਿੱਖਾਂ ਨੂੰ ਗਾਲ੍ਹਾਂ ਕੱਢਣ ਦੀ ਬਜਾਏ ਉਨ੍ਹਾਂ ਦੀ ਸੇਵਾ ਕਰਦਾ। ਪਰ ਜਦ ਇਕ ਜੋਗੀ ਨੇ ਵੇਖਿਆ ਕਿ ਮਲੂਕਾ ਤਾਂ ਗੁਰੂ ਦਾ ਸਿੱਖ ਹੀ ਬਣ ਗਿਆ ਹੈ ਤਾਂ ਉਸ ਮਲੂਕੇ ਨੂੰ ਕਿਹਾ, 'ਚੌਧਰੀ! ਸ਼ਰਾਬ ਦਾ ਮਿਰਗੀ ਨਾਲ ਕੋਈ ਸੰਬੰਧ ਨਹੀਂ, ਅਸੀਂ ਜੋਗੀ ਹਰ ਰੋਗ ਬਾਰੇ ਜਾਣਦੇ ਹਾਂ ਅਤੇ ਉਸਦੇ ਇਲਾਜ ਦਾ ਵੀ ਸਾਨੂੰ ਗਿਆਨ ਹੈ।

ਤੁਸੀਂ ਇਸ ਇਲਾਕੇ ਦੇ ਚੌਧਰੀ ਹੋ, ਖਾਣਾ ਪੀਣਾ ਤਾਂ ਤੁਹਾਡਾ ਹੱਕ ਹੈ, ਇਸ ਲਈ ਸ਼ਰਾਬ ਪੀੳ, ਮਾਸ ਖਾੳ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਜੋਗੀ ਨੇ ਇਹ ਵੀ ਕਿਹਾ ਕਿ ਗੁਰੂ ਜੀ ਤਰਾ ਕੀ ਵਿਗਾੜ ਲੈਣਗੇ।

ਮਲੂਕਾ ਜੋਗੀ ਦੀਆਂ ਗੱਲਾਂ ਵਿਚ ਆ ਗਿਆ ਤੇ ਅਗਲੇ ਦਿਨ ਉਸ ਫਿਰ ਸ਼ਰਾਬ ਪੀ ਲਈ। ਉਹ ਸ਼ਰਾਬ ਉਸ ਨੂੰ ਏਨੀਂ ਚੜ੍ਹੀ ਕਿ ਉਹ ਘੁੰਮਣ ਘੇਰੀਆਂ ਖਾਂਦਾ, ਕੋਠੇ ਤੋਂ ਥੱਲੇ ਡਿੱਗ ਕੇ ਮਰ ਗਿਆ।

ਜਦ ਗੁਰੂ ਜੀ ਨੂੰ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਉਨ੍ਹਾਂ ਸਾਰੀ ਸੰਗਤ ਨੂੰ ਅਲਾਹਣੀਆਂ ਦਾ ਪਾਠ ਕਰਨ ਨੂੰ ਕਿਹਾ ਤਾਂ ਕਿ ਕੋਈ ਸਿੱਖ ਭੈੜੀ ਵਾਦੀ ਅਤੇ ਭੈੜੀ ਸੰਗਤ ਨਾ ਗ੍ਰਹਿਣ ਕਰੇ। ਸਾਰੇ ਲੋਕ ਸਮਝ ਗਏ ਸਨ ਕਿ ਸਤਿਗੁਰਾਂ ਦਾ ਜੋ ਬਚਨ ਨਹੀਂ ਮੰਨਦਾ, ਉਸ ਦਾ ਇਹੋ ਹਾਲ ਹੁੰਦਾ ਹੈ।

ਗੁਰੂ ਜੀ ਨੇ ਸਤਿਸੰਗ ਵਿਚ ਸਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ, 'ਸਾਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਕਿਸੇ ਪ੍ਰਕਾਰ ਦਾ ਨਸ਼ਾ ਵੀ ਠੀਕ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ

ਭਾਬਾ ਹੋੁਰ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥

'ਸਾਨੂੰ ਅਜਿਹੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡਾ ਸਰੀਰ ਵੀ ਦੁਖੀ ਹੋਵੇ ਅਤੇ ਮਨ ਵਿਚ ਕਈ ਪ੍ਰਕਾਰ ਦੇ ਭੈੜੇ ਵਿਕਾਰ ਪੈਦਾ ਹੋਣ'।

Disclaimer Privacy Policy Contact us About us