ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ


ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹਨ। ਇਹਨਾਂ ਨੇ 1539ਈ. ਤੋਂ ਲੈ ਕੇ 1552ਈ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ। ਭਾਰਤ ਉੱਪਰ ਉਸ ਸਮੇਂ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ। ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਕਾਲ ਭਾਰਤ ਵਿੱਚ ਰਾਜਨੀਤਿਕ ਦ੍ਰਿਸ਼ਟੀ ਤੋਂ ਆਰਜਾਕਤਾ ਦਾ ਦੌਰ ਸੀ। ਗੁਰੂ ਜੀ ਨੇ ਗੁਰਮੁੱਖੀ ਲਿਪੀ ਦੀ ਸਥਾਪਨਾ ਕੀਤੀ। ਉਹਨਾਂ ਨੇ ਲੰਗਰ ਪ੍ਰਥਾ ਵੀ ਚਲਾਈ ਤੇ ਸੰਗਤ ਤੇ ਪੰਗਤ ਦੀ ਪ੍ਰਥਾ ਵੀ ਚਲਾਈ।


ਸ਼ੁਰੂਆਤੀ ਜੀਵਨ


ਸ੍ਰੀ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਬੈਠਣ ਵਾਲੇ ਦੂਜੇ ਗੁਰਦੇਵ ਗੁਰੂ ਅੰਗਦ ਸਾਹਿਬ ਜੀ ਦਾ ਜਨਮ 5 ਵੈਸਾਖ 1561 ਬਿਕ੍ਰਮੀ ਅਰਥਾਤ 31 ਮਾਰਚ 1504 ਈਸਵੀਂ ਨੂੰ ਭਾਈ ਫੇਰੂਮਾਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ 'ਮੱਤੇ ਦੀ ਸਰਾਂ' ਵਿਖੇ ਹੋਇਆ। ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਸੰਘਰ ਪਿੰਡ ਵਿਖੇ ਹੋਇਆ। ਆਪ ਜੀ ਦੇ ਦੋ ਸਾਹਿਬਜਦੇ ਸ੍ਰੀ ਦਾਤੂ ਜੀ ਤੇ ਸ੍ਰੀ ਦਾਸੂ ਜੀ ਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਣੋਖੀ ਜੀ ਸਨ। ਆਪ ਜੀ ਦਾ ਪਹਿਲਾ ਨਾ ਭਾਈ ਲਹਿਣਾ ਸੀ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ ਇਹ ਸੰਨ 1504 ਤੋਂ 1533 ਤੀਕ ਦਾ ਹੈ। ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿੱਚ ਗੁਜਰਿਆ ਸੰਨ 1532 ਤੋਂ 1534 ਤੀਕ ਦਾ ਹੈ , ਤੀਜਾ ਆਪ ਨੇ ਗੁਰਗਦੀ ਬਿਰਾਜਮਾਨ ਹੋ ਕੇ ਪ੍ਰਥਮ ਗੁਰੂ ਨਾਨਕ ਸਾਹਿਬ ਜੀ ਦੇ ਨਿਪੁਨ ਨੂੰ ਅਗੇ ਵਧਾਦਿਆ ਇਹ ਸੰਨ 1439 ਤੇ 1552 ਤੀਕ ਦਾ ਹੈ।

ਨਾਨਕ ਕੁਲਿ ਨਿੰਮਲ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਆ॥
ਗੁਰੂ ਅਮਰਦਾਸ ਤਾਰਣ ਤਰਣ ਜਨਮ-ਜਨਮਪਾ ਸਰਣਿਤੁਅ॥


ਕਾਰਜ


ਗੁਰੂ ਜੀ ਨੇ ਖਡੂਰ ਸਾਹਿਬ ਨੂੰ ਆਪਣਾ ਸਦਰ ਮੁਕਾਮ ਬਣਾਇਆ ਅਤੇ ਇਥੋਂ ਹੀ ਅਗਲੇਰੇ ਕਾਰਜ ਕਰਦੇ ਰਹੇ । ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦਾ ਪਹਿਲਾ ਬਾਲ ਬੋਧ ਜ਼ਾਰੀ ਕੀਤਾ ਗਿਆ । ਗੁਰੂ ਅੰਗਦ ਸਾਹਿਬ ਜੀ ਖੁਦ ਬਾਲਾਂ ਨੂੰ ਆਪਣੀ ਗੋਦ ਵਿਚ ਬਿਠਾ ਕੇ ਅੱਗੇ ਗਿਆਨ ਵੰਡਦੇ ਰਹੇ ।

ਗੁਰੂ ਅੰਗਦ ਜੀ, ਨਾਨਕ ਨਿੰਰਕਾਰੀ ਦੀ ਜੋਤ ਸਨ ਜਿਸਨੇ ਸਿੱਖਾਂ ‘ਚ ਅਜਿਹੀ ਵਿਲੱਖਣ ਕੌਮ ਨੂੰ ਕੇਸਗੜ੍ਹ ਵਿਖੇ ਪ੍ਰਗਟ ਕਰਨਾ ਸੀ । ਇਸ ਲਈ ਨਰੋਏ ਤੇ ਤੰਦਰੁਸਤ ਸਰੀਰਾਂ ਦੀ ਚੇਤਨਾ ਪੈਦਾ ਕਰਨ ਲਈ ਉਹਨਾਂ ਨੇ “ਆਪੇ ਛਿੰਝ ਪਵਾਇ ਮੱਲਾਖਾੜਾ ਰਚਿਆ” ਮੱਲ ਅਖਾੜਾ ਸਥਾਪਤ ਕੀਤਾ । ਗੁਰੂ ਜੀ ਆਪਣੀ ਨਿਗਰਾਨੀ ਅਤੇ ਸਰਪ੍ਰਸਤੀ ਹੇਠ ਵਰਜ਼ਿਸ ਕਰਵਾਉੇਂਦੇ ਰਹੇ । ਗੁਰੂ ਜੀ ਦੁਆਰਾ ਨਰੋਈ ਦੇਹ ਦੀ ਪੈਦਾ ਕੀਤੀ ਚੇਤਨਾ ਵਿਚੋਂ ਹੀ ਸਿੱਖਾਂ ਵਿਚ ਇਕ ਸੱਭਿਆਚਾਰ ਪੈਦਾ ਹੋਇਆ ਜੋ ਖਾਲਸਾ ਫੌਜ ਦੇ ਵਿੱਲਖਣ ਕਾਰਨਾਮਿਆਂ ਦਾ ਆਧਾਰ ਬਣਿਆ ।

ਉਹਨਾਂ ਲੰਗਰ ਦੀ ਪ੍ਰਥਾ ਸਥਾਪਿਤ ਕੀਤੀ । ਜਿਸ ਵਿਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ । ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ । ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਿਆਈ ਦਾ ਲਗਭਗ ੧੩ ਸਾਲ ਦਾ ਅਰਸਾ ਖਡੂਰ ਸਾਹਿਬ ਵਿਖੇ ਹੀ ਬਤੀਤ ਕੀਤਾ ਅਤੇ ਸਿੱਖੀ ਦੇ ਸੰਸਥਾਗਤ ਢਾਂਚੇ ਦੀ ਉਸਾਰੀ ਕੀਤੀ । ਇਸੇ ਸੰਸਥਾਗਤ ਢਾਂਚੇ ਕਰਕੇ ਸਿੱਖ ਕੌਮ ਦੀ ਵਿੱਲਖਣ ਹਸਤੀ ਅਤੇ ਇਸਦਾ ਸੱਭਿਆਚਾਰ ਹੋਂਦ ਵਿਚ ਆਇਆ ।

ਗੁਰੂ ਸਾਹਿਬ ਜੀ ਨੇ ਮਨੁੱਖਤਾ ਦੀ ਸਮਾਨਤਾ ਦਾ ਉਪਦੇਸ਼ ਦਿੱਤਾ। ਦੁਨੀਆਂ ਵਿਚ ਧਨੀ ਲੋਕਾਂ ਦਾ ਦਬ-ਦਬਾ ਬਣਿਆ ਹੁੰਦਾ ਹੈ ਅਤੇ ਜਿਆਦਾ ਲੋਕ ਖਾਸ ਕਰਕੇ ਗਰੀਬ ਉਨ੍ਹਾਂ ਦੀ ਖੁਸ਼ਾਮਦ ਕਰਦੇ ਹਨ। ਇਸ ਤਰ੍ਹਾਂ ਉਹਨਾਂ ਵਿਚੋਂ ਅਣਖ ਨਾਲ ਜੀਊਣ ਦਾ ਖਿਆਲ ਉੱਡ ਜਾਂਦਾ ਹੈ। ਗੁਰੂ ਅੰਗਦ ਦੇਵ ਜੀ ਨੇ ਪ੍ਰਚਾਰਿਆ ਕਿ ਧਨੀ ਲੋਕਾਂ ਨੂੰ ਵੀ ਗਰੀਬਾਂ ਵਾਂਗ ਇਕੋ ਜਿਹਾ ਦਰਗਾਹੀ ਸੱਦਾ ਆਉਂਦਾ ਹੈ। ਦੁਨੀਆਂ ਦੇ ਧਨ-ਮਾਲ ਦੀ ਖ਼ਾਤਰ ਧਨੀ ਲੋਕਾਂ ਦੀ ਖ਼ੁਸਾਮਦ ਕਰਦੇ ਫਿਰਨਾ ਜੀਵਨ ਦਾ ਸਹੀ ਰਸਤਾ ਨਹੀਂ ਹੈ।


ਅੰਤਿਮ ਸਮਾਂ


ਗੁਰੂ ਅੰਗਦ ਦੇਵ ਜੀ ਦਾ ਬਹੁਤਾ ਜੀਵਨ ਖਡੂਰ ਸਾਹਿਬ ਵਿਚ ਸਿੱਖੀ ਪ੍ਰਚਾਰ ਕਰਨ ਵਿਚ ਬਤੀਤ ਹੋਇਆ ਸੀ। 29 ਮਾਰਚ 1552 ਨੂੰ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਆਖਿਆ ਕਿ ਆਪ ਹੁਣ ਗੋਇੰਦਵਾਲ ਸਾਹਿਬ ਰਹਿਕੇ ਸਿੱਖੀ ਦਾ ਪ੍ਰਚਾਰ ਕਰਨਾ। ਗੁਰੂ ਨਾਨਕ ਸਾਹਿਬ ਜੀ ਵਲੋਂ ਦਿੱਤੀ ਸਾਰੀ ਬਾਣੀ ਅਤੇ ਆਪਣੀ ਰਚੀ ਹੋਈ ਬਾਣੀ ਗੁਰੂ ਅਮਰਦਾਸ ਜੀ ਨੂੰ ਸੌਪ ਦਿੱਤੀ। ਆਪ ਵਲੋਂ ਸਿੱਖਾਂ ਵਿਚ ਗੁਰਮੁਖੀ ਨੂੰ ਪ੍ਰਚਲਤ ਕਰਨਾ ਅਤੇ ਨਾਮ ਜਪਣ ਦੇ ਨਾਲ-ਨਾਲ ਸਰੀਰਕ ਕਸਰਤ ਕਰਨ ਨੂੰ ਵੀ ਜੀਵਨ ਵਿਚ ਧਾਰਨਾ, ਆਉਣ ਵਾਲੇ ਸਮੇਂ ਲਈ ਬਹੁਤ ਲਾਭਦਾਇਕ ਸਾਬਤ ਹੋਇਆ। ਆਪ ਦੀ ਚੰਗੀ ਸੂਝ-ਬੂਝ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਪ੍ਰਚਾਰੇ ਗਏ ਉਪਦੇਸ਼ਾ ਨੂੰ ਪੱਕੇ ਪੈਰਾਂ ਤੇ ਖੜ੍ਹਾ ਕਰ ਦਿਤਾ ਅਤੇ ਆਮ ਲੋਕਾਂ ਨੇ ਇਹਨਾਂ ਤੋਂ ਫੈਦਾ ਉੱਠਾਇਆ। ਥੋੜੇ ਸਬਦਾਂ ਵਿਚ ਅਸੀਂ ਆਖ ਸਕਦੇ ਹਾਂ ਕਿ ਆਪ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਯੋਗ ਅਤੇ ਸਫਲ ਵਾਰਸ ਸਨ।


ਰਚਨਾਵਾਂ


ਗੁਰੂ ਅੰਗਦ ਸਾਹਿਬ ਜੀ ਨੇ 63 ਸਲੋਕਾਂ ਦੀ ਰਚਨਾ ਕੀਤੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਰੂ ਅੰਗਦ ਦੇਵ ਜੀ ਨੇ ਮਹਲਾ 2 ਸਿਰਲੇਖ ਹੇਠ 9 ਰਾਗਾਂ ਅਧੀਨ ਬਾਣੀ ਉਚਾਰੀ। ਆਪ ਜੀ ਨੇ ਰਾਗ ਸਿਰੀ ਅਧੀਨ 2 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 83, 89); ਰਾਗ ਮਾਝ ਅਧੀਨ 12 ਸਲੋਕ, (ਗੁਰੂ ਗ੍ਰੰਥ ਸਾਹਿਬ, ਪੰਨਾ 138-150); ਰਾਗ ਆਸਾ ਅਧੀਨ 15 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 463-475); ਰਾਗ ਸੋਰਠ ਅਧੀਨ ਇਕ ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 653); ਰਾਗ ਸੂਹੀ ਅਧੀਨ 11 ਸਲੋਕ, (ਗੁਰੂ ਗ੍ਰੰਥ ਸਾਹਿਬ, ਪੰਨਾ 787-792); ਰਾਗ ਰਾਮਕਲੀ ਅਧੀਨ 7 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 954-955); ਰਾਗ ਮਾਰੂ ਅਧੀਨ 1 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1093); ਰਾਗ ਸਾਰੰਗ ਅਧੀਨ 9 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1237-1245); ਰਾਗ ਮਲਾਰ ਅਧੀਨ 5 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 1279-1290) ਦੀ ਰਚਨਾ ਕੀਤੀ।

Disclaimer Privacy Policy Contact us About us