ਪ੍ਰਕਾਸ਼


ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ਬੀਬੀ ਭਾਨੀ ਅਤੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਜੀ ਸਨ।

ਬੀਬੀ ਬਾਨੀ ਕਿਉਂਕਿ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸੀ ਇਸ ਲਈ ਉਹ ਉਨ੍ਹਾਂ ਦੇ ਨਾਨਾ ਜੀ ਲਗਦੇ ਸਨ। ਉਸ ਸਮੇਂ ਗੁਰੂ ਰਾਮਦਾਸ ਜੀ ਹਾਲੇ ਗੁਰੂ ਨਹੀਂ ਸਨ ਬਣੇ ਅਤੇ ਗੁਰੂ ਅਮਰਦਾਸ ਜੀ ਦੀ ਸੇਵਾ ਹੀ ਕਰਦੇ ਸਨ।

ਜਦ ਗੁਰੂ ਅਮਰਦਾਸ ਜੀ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੀ ਪੁੱਤਰੀ ਦੇ ਘਰ ਤੀਜੇ ਪੁੱਤਰ ਨੇ ਜਨਮ ਲਿਤਾ ਹੈ ਤਾਂ ਉਹ ਆਪਣੇ ਦੇਹਤਰੇ ਨੂੰ ਵੇਖਣ ਲਈ ਗਏ।

ਪਹਿਲੀ ਨਜ਼ਰ ਹੀ ਵੇਖਦਿਆ ਉਨ੍ਹਾਂ ਕਹਿ ਦਿੱਤਾ, 'ਇਹ ਭਾਰੀ ਪੁਰਸ਼ ਬਣੇਗਾ'। ਗੁਰੁ ਅਮਰਦਾਸ ਜੀ ਆਪਣੇ ਇਸ ਦੋਹਤਰੇ ਨੂੰ ਬਹੁਤ ਪਿਆਰ ਕਰਦੇ ਸਨ। ਇਸ ਲਈ (ਗੁਰੂ) ਅਰਜਨ ਦੇਵ ਜੀ ਉਨ੍ਹਾਂ ਪਾਸ ਜਾਣ ਲਈ ਉਤਾਵਲੇ ਰਹਿੰਦੇ ਸਨ। ਉਹ ਆਮ ਤੌਰ ਉਤੇ ਗੁਰੂ ਘਰ ਵਿਚ ਹੀ ਆ ਕੇ ਖੇਡਦੇ ਸਨ।

ਇਕ ਵਾਰ ਜਦ ਉਹ ਖੇਡ ਰਹੇ ਸਨ ਤਾਂ ਉਨ੍ਹਾਂ ਦੀ ਗੇਂਦ ਰਿੜ੍ਹਦੀ ਹੋਈ ਗੁਰੂ ਅਮਰਦਾਸ ਜੀ ਦੇ ਪਲੰਘ ਹੇਠ ਚਲੀ ਗਈ। ਗੁਰੂ ਜੀ ਉਸ ਵੇਲੇ ਆਰਮ ਕਰ ਰਹੇ ਸਨ।

ਜਦ (ਗੁਰੂ) ਅਰਜਨ ਦੇਵ ਗੇਂਦ ਲੈਣ ਵਾਸਤੇ ਪਲੰਘ ਹੇਠ ਗਏ ਤਾਂ ਪਲੰਘ ਹੀ ਉੱਚਾ ਚੁਕਿਆ ਗਿਆ ਅਤੇ ਗੁਰੂ ਜੀ ਦੀ ਨੀਂਦ ਖੁੱਲ੍ਹ ਗਈ। ਮੰਜੀ ਹਿਲਦੀ ਵੇਖ ਕੇ ਉਨ੍ਹਾਂ ਸਹਿਜ ਸੁਬਾੳੇ ਆਖਿਆ :
'ਇਹ ਕਿਹੜਾ ਵੱਡਾ ਪੁਰਖ ਹੈ ਭਾਰੀ,
ਜਿਸ ਮੰਜੀ ਹਿਲਾਈ ਸਾਡੀ ਸਾਰੀ'।

ਜਦ ਗੁਰੂ ਜੀ ਇਹ ਬਚਨ ਕਰ ਰਹੇ ਸਨ ਤਾਂ ਉਨ੍ਹਾਂ ਦੀ ਸਪੁੱਤਰੀ ਬੀਬੀ ਭਾਨੀ ਵੀ ਉਥੇ ਪੁੱਜ ਗਈ। ਉਹ ਕਹਿਣ ਲੱਗੀ, 'ਇਹ ਤੁਹਾਡਾ ਦੋਹਿਤਾ ਜੇ ਦੋਹਿਤਾ'।

ਜਦ ਗੁਰੂ ਜੀ ਨੇ ਇਹ ਸ਼ਬਦ ਸੁਣੇ ਤਾਂ ਉਹ ਫਿਰ ਬੋਲੇ, 'ਦੋਹਿਤਾ ਬਾਣੀ ਦਾ ਬੋਹਿਥਾ'। ਫਿਰ ਉਨ੍ਹਾਂ (ਗੁਰੂ) ਅਰਜਨ ਦੇਵ ਨੂੰ ਆਪਣੇ ਪਾਸ ਬੁਲਾ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਕਹਿਣ ਲੱਗੇ, 'ਅਜ ਤੋਂ ਸਾਡੇ ਪਾਸ ਪੜ੍ਹਨੇ ਆਇਆ ਕਰ ਅਸੀਂ ਤੈਨੂੰ ਪੰਜਾਬੀ ਅਤੇ ਗੁਰਬਾਣੀ ਪੜ੍ਹਾਵਾਂਗੇ, ਰਾਗ ਵਿਦਿਆ ਸਿਖਾਵਾਂਗੇ'।

ਉਨ੍ਹਾਂ ਬੀਬੀ ਭਾਨੀ ਨੂੰ ਵੀ ਹਿਦਾਇਤ ਕਰ ਦਿੱਤੀ ਕਿ ਉਹ ਬੱਚੇ ਨੂੰ ਲੈ ਕੇ ਰੋਜ਼ ਉਨ੍ਹਾਂ ਪਾਸ ਆਇਆ ਕਰਨ।

Disclaimer Privacy Policy Contact us About us