ਕਰਤਾਰਪੁਰ


ਤਰਨਤਾਰਨ ਦੀ ਉਸਾਰੀ ਤੋਂ ਬਾਅਦ ਗੁਰੂ ਜੀ ਨੇ ਦੁਆਬਾ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਦੁਆਬੇ ਵਿਚ ਆ ਕੇ ਗੁਰੂ ਜੀ ਨੂੰ ਇਹ ਅਨੁਭਵ ਹੋਇਆ ਕਿ ਇਥੇ ਵੀ ਕੋਈ ਸ਼ਹਿਰ ਵਸਾਉਣਾ ਚਾਹੀਦਾ ਹੈ ਤਾਂਕਿ ਸਿੱਖੀ ਦੇ ਪ੍ਰਚਾਰ ਵਿਚ ਆਸਾਨੀ ਹੋ ਸਕੇ।

ਜਦ ਉਹ ਡੱਲੇ ਵਿਖੇ ਠਹਿਰੇ ਹੋਏ ਸਨ ਤਾਂ ਇਥੇ ਹੀ ਜਲੰਧਰ ਦਾ ਨਵਾਬ ਨਜ਼ੀਮ ਖਾਂ ਉਨ੍ਹਾਂ ਦੇ ਦਰਸ਼ਨਾਂ ਲਈ ਆਇਆ। ਉਹ ਗੁਰੂ ਜੀ ਦੀ ਸਿੱਖਿਆ ਅਤੇ ਸਾਂਝੇ ਲੰਗਰ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਇਆ।

ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, 'ਮਹਾਰਾਜ! ਕਿਹੜਾ ਮਜ਼੍ਹਬ ਚੰਗਾ ਹੈ?' ਤਾਂ ਗੁਰੂ ਜੀ ਨੇ ਉਤਰ ਦਿੱੱਤਾ, 'ਸਜ਼੍ਹਬ ਤਾਂ ਸਾਰੇ ਚੰਗੇ ਹਨ, ਅਮਲਾਂ ਦੀ ਗੱਲ ਹੈ, ਜਿਹੜਾ ਮਨੁੱਖ ਸਭ ਭਰਮ, ਭੁਲੇਖੇ ਭੁਲਕੇ ਇਕ ਅੱਲਾਹ ਦੀ ਬੰਦਗੀ ਕਰਦਾ ਹੈ, ਉਸ ਨੂੰ ਸਭ ਮਨੁੱਖ ਇਕੋ ਅਲਾਹ ਦੀ ਔਲਾਦ ਜਾਪਦੇ ਹਨ'।

ਬਾਅਦ ਵਿਚ ਨਵਾਬ ਨਜ਼ੀਮ ਖਾਂ ਨੇ ਇਹ ਬੇਨਤੀ ਕੀਤੀ ਕਿ ਜਲੰਧਰ ਦੇ ਨੇੜੇ ਕੋਈ ਸ਼ਹਿਰ ਵਸਾਇਆ ਜਾਏ ਜਿਥੇ ਆਪ ਮਨੁੱਖਤਾ ਦੇ ਕਲਿਆਣ ਵਾਸਤੇ ਠਹਿਰ ਸਕੋ।

ਉਸ ਇਹ ਵੀ ਕਿਹਾ ਕਿ ਜਲੰਧਰ ਦੇ ਨੇੜੇ ਉਸ ਦੀ ਬਹੁਤ ਸਾਰੀ ਜ਼ਮੀਨ ਹੈ ਉਹ ਉਨ੍ਹਾਂ ਨੂੰ ਨਗਰ ਵਸਾਉਣ ਵਾਸਤੇ ਮੁਫ਼ਤ ਦੇ ਸਕਦਾ ਹੈ।

ਪਰ ਗੁਰੂ ਜੀ ਨੇ ਕਿਹਾ ਕਿ ਉਹ ਮੁਫ਼ਤ ਵਿਚ ਜ਼ਮੀਨ ਨਹੀਂ ਲੈ ਸਕਦੇ, ਅਸੀਂ ਇਸ ਦਾ ਮੁਲ ਤਾਰ ਦੇਵਾਂਗੇ ਤਾਂਕਿ ਨਗਰ ਦੀ ਆਜ਼ਾਦ ਹੋਂਦ ਰਹਿ ਸਕੇ।

ਨਵਾਬ ਮੰਨ ਗਿਆ ਅਤੇ ਗੁਰੂ ਜੀ ਕਰਤਾਰਪੁਰ ਵਾਲੀ ਥਾਂ ਉਤੇ ਆ ਗਏ। ਜ਼ਮੀਨ ਦਾ ਪਟਾ ਆਪਣੇ ਨਾਂ ਕਰਵਾ ਕੇ ਗੁਰੂ ਜੀ ਨੇ ਦਸੰਬਰ, ੧੫੯੪ ਵਿਚ ਨਗਰ ਦੀ ਨੀਂਹ ਆਪਣੇ ਹੱਥੀਂ ਰੱਖੀ।

ਮੋੜ੍ਹੀ ਗੱਡਣ ਦੀ ਥਾਂ ਟਾਹਲੀ ਦਾ ਇਹ ਬਹੁਤ ਵੱਡਾ ਥੰਮ੍ਹ ਗੱਡਿਆ ਗਿਆ। ਕੁਝ ਰਿਹਾਇਸ਼ੀ ਮਕਾਨ ਬਣਾਉਣ ਤੋਂ ਬਾਅਦ ਗੁਰੂ ਜੀ ਇਕ ਵੱਡਾ ਖੂਹ ਲਵਾਇਆ। ਇਸ ਖੂਹ ਦਾ ਨਾਂ ਉਨ੍ਹਾਂ ਗੰਗਾਸਰ ਰਖਿਆ।

ਜਦ ਖੂਹ ਦਾ ਨਿਰਮਾਨ ਸੰਪੂਰਨ ਹੋਇਆ ਤਾਂ ਗੁਰੂ ਜੀ ਨੇ ਸਭ ਸੰਗਤ ਨੂੰ ਆਗਿਆ ਕੀਤੀ ਕਿ ਹੁਣ ਕਿਸੇ ਨੂੰ ਗੰਗਾ ਜਾਣ ਦੀ ਲੋੜ ਨਹੀਂ। ਇਸ ਖੂਹ ਵਿਚ ਗੰਗਾ ਵੱਗਦੀ ਹੈ। ਗੰਗਾਸਰ ਦਾ ਇਸ਼ਨਾਨ ਗੰਗਾ ਦੇ ਇਸ਼ਨਾਨ ਤੋਂ ਵੀ ਉੱਤਮ ਹੈ।

ਕਰਤਾਰਪੁਰ ਦੀ ਉਸਾਰੀ ਪੂਰੇ ਜ਼ੋਰਾਂ ਨਾਲ ਹੋ ਰਹੀ ਸੀ। ਗੁਰੂ ਜੀ ਨੇ ਉਸਾਰੀ ਭਾਈ ਕਲਿਆਨ ਅਤੇ ਭਗਤੂ ਦੇ ਜ਼ਿੰਮੇ ਲਾਈ। ਕੁਝ ਸਮਾਂ ਉਥੇ ਠਹਿਰ ਕੇ ਆਪ ਅੰਮ੍ਰਿਤਸਰ ਵਾਪਸ ਮੁੜ੍ਹ ਗਏ।

Disclaimer Privacy Policy Contact us About us