ਸੁਲਬੀ ਖਾਂ ਤੇ ਸੁਲਹੀ ਖਾਂ


ਇਕ ਵਾਰ ਪ੍ਰਿਥੀ ਚੰਦ ਨੂੰ ਇਹ ਖ਼ਬਰ ਮਿਲੀ ਕਿ ਉਸਦਾ ਇਕ ਦੋਸਤ ਹਾਕਮ ਸੁਲਹੀ ਖਾਂ ਉਸ ਦੇ ਸਹੁਰੇ ਪਿੰਡ ਹੇਹਰ ਆ ਰਿਹਾ ਹੈ। ਪ੍ਰਿਥੀ ਚੰਦ ਨਿਮਰਤਾ ਸਹਿਤ ਉਸ ਨੂੰ ਅਗੋਂ ਜਾ ਮਿਲਿਆ ਅਤੇ ਆਪਣਾ ਦੁੱਖ ਫਿਰ ਦੁਹਰਾਇਆ।

ਸੁਲਹੀ ਖਾਂ ਨੇ ਉਸ ਦੀ ਸ਼ਿਕਾਇਤ ਨੂੰ ਬੜੇ ਧੀਰਜ ਨਾਲ ਸੁਣਿਆ ਅਤੇ ਕਿਹਾ, 'ਦੇਖੋ! ਹਾਲੇ ਮੈਂ ਬਹੁਤ ਜ਼ਰੂਰੀ ਕੰੰਮਾਂ ਵਿਚ ਰੁਝਾ ਹੋਇਆ ਹਾਂ। ਇਸ ਲਈ ਮੈਂ ਆਪਣੇ ਭਤੀਜੇ ਸੁਲਬੀ ਖਾਂ ਨੂੰ ਹਦਾਇਤ ਕਰਾਂਗਾ ਕਿ ਉਹ ਅੰਮ੍ਰਿਤਸਰ ਜਾਵੇ ਤੇ ਗੁਰ ਗੱਦੀ ਦਾ ਖੋਹਿਆ ਹੋਇਆ ਹੱਕ ਤੁਹਾਨੂੰ ਵਾਪਸ ਦਿਲਾਵੇ।

ਸੁਲਹੀ ਖਾਂ ਦਾ ਸੁਨੇਹਾ ਲੈ ਕੇ ਉਹ ਖ਼ੁਦ ਸੁਲਬੀ ਖਾਂ ਨੂੰ ਜਾ ਮਿਲਿਆ। ਪਰ ਸੁਲਬੀ ਖਾਂ ਮਾਰੋਮਾਰ ਕਰਦਾ ਜਦ ਬਿਆਸ ਪੁਜਿਆਂ ਤਾਂ ਦਰਿਆ ਪਾਰ ਕਰਨ ਤੋਂ ਪਹਿਲਾ ਉਸਦਾ ਇਕ ਔਹਦੇਦਾਰ ਹਸਨ ਅਲੀ ਨਾਲ ਝਗੜਾ ਹੋ ਗਿਆ।

ਹਸਨ ਅਲੀ ਇਕ ਬਲਵਾਨ ਸੂਰਮਾ ਸੀ। ਕ੍ਰੋਧ ਵਿਚ ਆ ਕੇ ਉਸ ਸੁਲਬੀ ਖਾਂ ਦੀ ਧੌਣ ਲਾਹ ਦਿੱਤੀ। ਜਦ ਪ੍ਰਿਥੀ ਚੰਦ ਨੂੰ ਇਹ ਪਤਾ ਲੱਗਾ ਕਿ ਸੁਲਬੀ ਖਾਂ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਨੂੰ ਬਹੁਤ ਦੁੱਖ ਹੋਇਆ।

ਉਸ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ। ਉਹ ਸੁਲਹੀ ਖਾਂ ਪਾਸ ਗਿਆ ਅਤੇ ਮਿੰਨਤਾਂ ਤਰਲੇ ਕਰ ਕੇ ਉਸ ਨੂੰ ਅੰਮ੍ਰਿਤਸਰ ਉਤੇ ਹਮਲਾ ਕਰਨ ਲਈ ਮਨਾ ਲਿਆ। ਪ੍ਰਿਥੀ ਚੰਦ ਨੇ ਉਸ ਨੂੰ ਕਾਫ਼ੀ ਰਕਮ ਦੇਣ ਦਾ ਵਾਇਦਾ ਕੀਤਾ।

ਜਦ ਸਿੱਖਾਂ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਰੰਤ ਬਾਦਸ਼ਾਹ ਅਕਬਰ ਨੂੰ ਖ਼ਬਰ ਦੇਣੀ ਚਾਹੀਦੀ ਹੈ।

ਪਰ ਗੁਰੂ ਜੀ ਨੇ ਇਹ ਗੱਲ ਪ੍ਰਵਾਨ ਨਾ ਕੀਤੀ ਅਤੇ ਕਿਹਾ, 'ਸਾਨੂੰ ਵਾਹਿਗੁਰੂ ਉਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਉਸ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ'।

ਸੁਲਹੀ ਖਾਂ ਆਪਣੀਆਂ ਫ਼ੌਜਾਂ ਲੈ ਕੇ ਹੇਹਰ ਆ ਪੁੱਜਾ। ਪ੍ਰਿਥੀ ਚੰਦ ਨੇ ਉਸ ਦੀ ਬੜੀ ਸੇਵਾ ਕੀਤੀ। ਸ਼ਾਮ ਨੂੰ ਪ੍ਰਿਥੀ ਚੰਦ ਉਸ ਨੂੰ ਆਪਣੇ ਨਵੇਂ ਚਾਲੂ ਕੀਤੇ ਇੱਟਾਂ ਦੇ ਭੱਠੇ ਨੂੰ ਵਿਖਾਉਣ ਲੈ ਗਿਆ।

ਸੁਲਹੀ ਖਾਂ ਬੜਾ ਘੁਮੰਡੀ ਅਤੇ ਆਕੜਬਾਜ਼ ਸੀ। ਉਸ ਪਾਸ ਇਕ ਸਭ ਤੋਂ ਵਧੀਆਂ ਨਸਲ ਦਾ ਘੋੜਾ ਸੀ। ਉਸ ਘੋੜੇ ਉਤੇ ਵੀ ਉਸ ਨੂੰ ਬਹੁਤ ਮਾਣ ਸੀ।

ਜਦ ਉਸਦਾ ਘੋੜਾ ਬਲਦੇ ਭੱਠੇ ਦੇ ਕੋਲ ਗਿਆ ਤਾਂ ਉਹ ਇਕ ਪੰਛੀ ਦੇ ਉਡਣ ਕਰਕੇ ਡਰ ਗਿਆ ਅਤੇ ਛਾਲ ਮਾਰ ਕੇ, ਭੱਠੇ ਦੀ ਕੰਧ ਟੱਪ ਕੇ ਸੁਲਹੀ ਖਾਂ ਸਮੇਤ ਬਲਦੇ ਭੱਠੇ ਵਿਚ ਜਾ ਡਿੱਗਾ।

ਪ੍ਰਿਥੀ ਚੰਦ ਰੌਲਾ ਹੀ ਪਾਉਂਦਾ ਰਹਿ ਗਿਆ ਤੇ ਸੁਲਹੀ ਖਾਂ ਸੜ ਕੇ ਸਵਾਹ ਹੋ ਗਿਆ। ਪ੍ਰਿਥੀ ਚੰਦ ਦਾ ਇਹ ਯਤਨ ਵੀ ਨਾਕਾਮ ਰਿਹਾ, ਫ਼ੌਜਾਂ ਵਾਪਸ ਲਾਹੌਰ ਚਲੀ ਗਈਆਂ।

ਵਾਪਸ ਮੁੜਨ ਲਗਿਆਂ ਫ਼ੌਜਾਂ ਦੇ ਛੋਟੇ ਕਮਾਂਡਰ ਨੇ ਪ੍ਰਿਥੀ ਚੰਦ ਨੂੰ ਸੁਲਹੀ ਖਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਅਤੇ ਇਹ ਵੀ ਤਾੜਨਾ ਕਰ ਗਏ ਕਿ ਉਸ ਨੂੰ ਇਸਦਾ ਸਿੱਟਾ ਭੁਗਤਣਾ ਪਵੇਗਾ।

ਜਦ ਪ੍ਰਿਥੀ ਚੰਦ ਨੂੰ ਇਹ ਪਤਾ ਲੱਗਾ ਕਿ ਮੁਗਲ ਹਕੂਮਤ ਵੀ ਉਸਦੇ ਖਿਲਾਫ਼ ਹੋ ਗਈ ਹੈ ਤਾਂ ਉਹ ਦੜ੍ਹ ਵੱਟ ਕੇ ਬਹਿ ਗਿਆ ਅਤੇ ਦੁਬਾਰਾ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕੀਤੀ।

Disclaimer Privacy Policy Contact us About us