ਆਦਿ (ਗੁਰੂ) ਗ੍ਰੰਥ ਸਾਹਿਬ ਜੀ ਦੀ ਬੀੜ


ਪ੍ਰਿਥੀ ਚੰਦ ਬੇਸ਼ਕ ਹਾਰ ਮੰਨ ਚੁਕਿਆ ਸੀ ਪਰ ਉਸਦਾ ਪੁੱਤਰ ਇਕ ਗ੍ਰੰਥ ਤਿਆਰ ਕਰ ਰਿਹਾ ਸੀ ਜਿਸ ਵਿਚ ਉਸ ਚਾਰ ਗੁਰੂਆਂ ਦੀ ਬਾਣੀ ਅਤੇ ਪੀਰਾਂ ਫ਼ਕੀਰਾਂ ਦੀਆਂ ਵਾਰਾਂ ਸ਼ਾਮਿਲ ਕੀਤੀਆਂ ਸਨ।

ਉਸ ਗੁਰੂ ਨਾਨਕ ਦੇ ਨਾਂ ਹੇਠ ਆਪ ਵੀ ਬਾਣੀ ਲਿਖੀ ਸੀ। ਇਸ ਤਰ੍ਹਾਂ ਗੁਰੂਆਂ ਦੀ ਬਾਣੀ ਨੂੰ ਉਸ ਇਸ ਤਰ੍ਹਾਂ ਮਿਸ਼ਰਤ ਕਰ ਦਿੱਤਾ ਕਿ ਸੱਚੀ ਬਾਣੀ ਅਤੇ ਕੱਚੀ ਬਾਣੀ ਦਾ ਨਿਰਣਾ ਕਰਨਾ ਮੁਸ਼ਕਿਲ ਹੋ ਗਿਆ ਸੀ।

ਗੁਰੂ ਅਰਜਨ ਦੇਵ ਜੀ ਨੂੰ ਜਦ ਇਹ ਪਤਾ ਲੱਗਾ ਤਾਂ ਉਨ੍ਹਾਂ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨਾਲ ਸਲਾਹ ਮਸ਼ਵਰਾ ਕਰਕੇ ਸਾਰੇ ਗੁਰੂਆਂ ਅਤੇ ਭਗਤਾਂ ਦੀ ਬਾਣੀ ਨੂੰ ਇਕ ਗ੍ਰੰਥ ਵਿਚ ਸੰਕਲਨ ਕਰਨ ਦਾ ਫ਼ੈਸਲਾ ਕੀਤਾ।

ਬਾਬਾ ਬੁੱਢਾ ਜੀ ਨੂੰ ਉਨ੍ਹਾਂ ਦਰਬਾਰ ਸਾਹਿਬ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਆਪ ਰਾਮਸਰ ਵਿਖੇ ਇਸ ਕਾਰਜ ਨੂੰ ਪੂਰਾ ਕਰਨ ਦਾ ਮਨ ਬਣਾ ਲਿਆ।

ਰਾਮਸਰ ਵਿਖੇ ਪਹਿਲਾਂ ਉਨ੍ਹਾਂ ਇਕ ਸਰੋਵਰ ਬਣਵਾਇਆ ਅਤੇ ਸਰੋਵਰ ਦੇ ਕੰਢੇ ਤੰਬੂ ਲਵਾ ਦਿੱਤੇ। ਗੁਰੂ ਰਾਮਦਾਸ ਜੀ ਆਪਣੀ ਬਾਣੀ ਸਮੇਤ ਸਾਰੇ ਗੁਰੂਆਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਨੂੰ ਦੇ ਗਏ ਸਨ।

ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਪਾਸ ਸਾਰੇ ਗੁਰੂ ਸਾਹਿਬਾਨ ਦੀਆਂ ਹੱਥ ਲਿਖਤ ਬਾਣੀਆਂ ਮੌਜੂਦ ਸਨ। ਇਨ੍ਹਾਂ ਬਾਣੀਆਂ ਤੋਂ ਉਪਰੰਤ ਗੁਰੂ ਨਾਨਕ ਦੇਵ ਜੀ ਨੇ ਭਗਤਾਂ ਦੀਆਂ ਬਾਣੀਆਂ ਵੀ ਸੰਪਾਦਤ ਕੀਤੀਆਂ ਸਨ ਅਤੇ ਟਿੱਪਣੀਆਂ ਸਹਿਤ ਉਹ ਵੀ ਉਨ੍ਹਾਂ ਪਾਸ ਸਨ।

ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਰਾਗਾਂ ਅਨੁਸਾਰ ਤਰਤੀਬ ਕਰ ਦਿੱਤੀ, ਪਰ ਬਾਣੀ ਨੂੰ ਉਸੇ ਤਰ੍ਹਾਂ ਰਖਿਆ ਜਿਵੇਂ ਇਹ ਪ੍ਰਗਟ ਹੋਈ ਸੀ।

ਉਨ੍ਹਾਂ ਭਾਈ ਬੰਨੋ ਨੂੰ ਬੀੜ ਦੀ ਸੁੰਦਰ ਜਿਲਦਬੰਦੀ ਕਰਵਾਉਣ ਵਾਸਤੇ ਲਾਹੌਰ ਭੇਜਿਆ। ਉਸ ਨੇ ਬੀੜ ਦੀ ਜਿਲਦਬੰਦੀ ਕਰਵਾਉਣ ਸਮੇਂ ਬੀੜ ਦਾ ਇਕ ਉਤਾਰਾ ਵੀ ਕਰ ਲਿਆ।

ਉਸ ਬੀੜ ਨੂੰ ਗੁਰੂ ਸਾਹਿਬ ਨੇ ਪ੍ਰਵਾਨ ਨਾ ਕੀਤਾ ਅਤੇ ਖਾਰੀ ਬੀੜ ਹੋਣ ਦਾ ਸਰਾਪ ਦਿੱਤਾ। ਜਦ ਹੋਰ ਭਗਤਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਅਜਿਹਾ ਗ੍ਰੰਥ ਤਿਆਰ ਕਰ ਰਹੇ ਹਨ ਜਿਸ ਵਿਚ ਭਗਤਾਂ ਦੀਆਂ ਬਾਣੀਆਂ ਵੀ ਸ਼ਾਮਲ ਕੀਤੀਆਂ ਜਾ ਰਹੀਆ ਹਨ ਤਾਂ ਕਈ ਭਗਤ ਅੰਮ੍ਰਿਤਸਰ ਆ ਕੇ ਗੁਰੂ ਜੀ ਨੂੰ ਮਿਲੇ।

ਪਰ ਗੁਰੂ ਜੀ ਨੇ ਅਜਿਹੇ ਭਗਤਾਂ ਦੀ ਬਾਣੀ ਜਿਹੜੀ ਗੁਰ ਆਸ਼ੇ ਦੇ ਅਨੁਕੂਲ ਨਹੀਂ ਸੀ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਭਗਤ ਕਾਨ੍ਹਾ, ਛਜੂ, ਪੀਲੂ ਅਤੇ ਸ਼ਾਹ ਹੂਸੈਨ ਨਿਰਾਸ਼ ਵਾਪਿਸ ਮੁੜ ਗਏ।

ਆਦਿ ਗ੍ਰੰਥ ਨੂੰ ਸੰਪੂਰਨ ਕਰਨ ਵਿਚ ਤਿੰਨ ਸਾਲ ਲੱਗ ਗਏ। ਜਦ ਬੀੜ ਮੁਕੰਮਲ ਹੋ ਗਈ ਤਾਂ ਦੂਰ ਦੂਰ ਸਿੱਖਾਂ ਨੂੰ ਸੁਨੇਹੇ ਭੇਜੇ ਗਏ ਕਿ ਭਾਦੋਂ ਸੁਦੀ ਏਕਮ ਸਮੰਤ ੧੬੬੧ ਨੂੰ ਆਦਿ ਗ੍ਰੰਥ ਦੀ ਬੀੜ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਜਾ ਰਿਹਾ ਹੈ।

ਗੁਰੂ ਜੀ ਨੇ ਸੰਗਤ ਨੂੰ ਸੰਬੋਧਤ ਕਰਦਿਆਂ ਕਿਹਾ, 'ਇਹ ਗ੍ਰੰਥ ਸੰਸਾਰ ਸਾਗਰ ਤਰਨ ਲਈ ਇਕ ਜਹਾਜ਼ ਬਣਾਇਆ ਹੈ। ਜਿਹੜਾ ਵਿਅਕਤੀ ਵੀ ਚਿੱਤ ਲਾ ਕੇ ਪੜ੍ਹੇਗਾ, ਸੁਣੇਗਾ ਅਤੇ ਵੀਚਾਰੇਗਾ, ਉਹ ਸਹਿਜੇ ਹੀ ਤਰ ਜਾਵੇਗਾ'।

ਬਾਬਾ ਬੁੱਢਾ ਜੀ ਦੇ ਸਿਰ ਉਤੇ ਰੱਖ ਕੇ ਬੀੜ ਨੂੰ ਦਰਬਾਰ ਸਾਹਿਬ ਲਿਆਂਦਾ ਗਿਆ। ਬਾਬਾ ਬੁੱਢਾ ਜੀ ਨੂੰ ਹੀ ਪਹਿਲਾ ਗ੍ਰੰਥੀ ਥਾਪਿਆ ਗਿਆ। ਇਸ ਗ੍ਰੰਥ ਦੇ ਉਸ ਸਮੇਂ ੯੭੪ ਪੰਨੇ ਸਨ।

ਹਰਿਮੰਦਰ ਸਾਹਿਬ ਪੁੱਜ ਕੇ ਬੀੜ ਨੂੰ ਸਜਾਏ ਗਏ ਤਖ਼ਤ ਤੇ ਟਿਕਾਇਆ ਗਿਆ ਅਤੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਵਾਕ ਲੈਣ ਵਾਸਤੇ ਕਿਹਾ। ਬਾਬਾ ਬੁੱਢਾ ਜੀ ਨੇ ਵਾਕ ਲਿਆ।

ਫਿਰ ਜਦ ਰਾਤ ਪਈ ਤਾਂ ਬਾਬਾ ਜੀ ਨੇ ਪੁਛਿਆ ਕਿ ਗ੍ਰੰਥ ਸਾਹਿਬ ਨੂੰ ਰਾਤ ਕਿਥੇ ਬਿਸਰਾਮ ਕਰਾਉਣਾ ਹੈ? ਗੁਰੂ ਜੀ ਨੇ ਉੱਤਰ ਦਿਤਾ, 'ਉਸ ਨਵੇਂ ਬਣਾਏ ਪਲੰਘ ਉਤੇ ਨਵੇਂ ਬਸਤਰ ਵਿਛਾ ਕੇ ਟਿਕਾਵੋ ਜਿਹੜਾ ਕਿ ਵਿਸ਼ੇਸ਼ ਤੌਰ ਤੇ ਮੇਰੇ ਕਮਰੇ ਵਿਚ ਰਖਿਆ ਗਿਆ ਹੈ'।

ਇਸ ਤਰ੍ਹਾਂ ਰਾਤ ਨੂੰ ਆਦਿ ਗ੍ਰੰਥ ਨੂੰ ਨਵੇਂ ਪਲੰਘ ਉਤੇ ਬਿਸਰਾਮ ਕਰਾਇਆ ਅਤੇ ਆਪ ਗੁਰੂ ਜੀ ਨੇ ਆਪਣਾ ਬਿਸਤਰਾ ਜ਼ਮੀਨ ਉਤੇ ਵਿਛਾ ਲਿਆ। ਸੰਗਤਾਂ ਹੁਮ ਹੁਮਾ ਕੇ ਪੁਜੀਆਂ।

Disclaimer Privacy Policy Contact us About us