ਆਦਿ ਗ੍ਰੰਥ ਬਾਰੇ ਅਕਬਰ ਪਾਸ ਸ਼ਿਕਾਇਤ


ਜਦ ਗੁਰੂ ਜੀ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾ ਰਹੇ ਸਨ ਤਾਂ ਕਈ ਭਗਤ ਵੀ ਆਪਣੀਆਂ ਰਚਨਾਵਾਂ ਇਸ ਗ੍ਰੰਥ ਵਿਚ ਸ਼ਾਮਲ ਕਰਵਾਉਣ ਵਾਸਤੇ ਲਿਆਏ ਸਨ।

ਗੁਰੂ ਜੀ ਨੇ ਉਨ੍ਹਾਂ ਰਚਨਾਵਾਂ ਨੂੰ ਬੜੇ ਪਿਆਰ ਨਾਲ ਪੜ੍ਹਿਆ ਪਰ ਗੁਰ ਆਸ਼ੇ ਦੇ ਅਨੁਕੂਲ ਨਾ ਹੋਣ ਕਰਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਹੋਰ ਭਗਤ ਤਾਂ ਚੁੱਪ ਰਹੇ ਪਰ ਭਗਤ ਕਾਨ੍ਹਾ ਬਹੁਤ ਤੜਪਿਆ। ਕਾਨ੍ਹਾ ਰਿਸ਼ਤੇ ਵਿਚ ਚੰਦੂ ਦਾ ਚਾਚੇ ਦਾ ਪੁੱਤ ਸੀ। ਇਸ ਲਈ ਉਸ ਚੰਦੂ ਦੀ ਸਹਾਇਤਾ ਨਾਲ ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਲਾਉਣ ਲਈ ਹੋਰ ਫ਼ਕੀਰਾਂ ਅਤੇ ਭਗਤਾਂ ਨੂੰ ਇਕੱਠਿਆਂ ਕੀਤਾ।

ਬਾਦਸ਼ਾਹ ਅਕਬਰ ਨੇ ਗੁਰੂ ਜੀ ਪਾਸ ਸੁਨੇਹਾ ਭੇਜਿਆ ਕਿ ਉਹ ਉਨ੍ਹਾਂ ਦੇ ਰਚੇ ਗ੍ਰੰਥ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਇਸ ਲਈ ਇਸ ਨੂੰ ਬਟਾਲੇ ਭੇਜਿਆ ਜਾਵੇ।

ਪਰ ਹਾਲੇ ਉਹ ਇਹ ਵਿਉਂਤਾ ਬਣਾ ਹੀ ਰਿਹਾ ਸੀ ਕਿ ਉਸਦੀ ਮੌਤ ਹੋ ਗਈ। ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਇਹ ਅਫ਼ਵਾਹ ਉਡਾ ਦਿੱਤੀ ਕਿ ਭਗਤ ਕਾਨ੍ਹੇ ਨੂੰ ਗੁਰੂ ਅਰਜਨ ਦੇਵ ਜੀ ਨੇ ਮਰਵਾਇਆ ਹੈ।

ਫਿਰ ਉਨ੍ਹਾਂ ਇਕ ਸ਼ਿਕਾਇਤਨਾਮਾ ਤਿਆਰ ਕੀਤਾ ਅਤੇ ਉਸ ਵਿਚ ਲਿਖਿਆ ਕਿ ਗੁਰੂ ਅਰਜਨ ਦੇਵ ਨੇ ਇਕ ਗ੍ਰੰਥ ਤਿਆਰ ਕੀਤਾ ਹੈ ਜਿਸ ਵਿਚ ਮੁਸਲਮਾਨਾਂ ਦੇ ਪੀਰਾਂ, ਪੈਗੰਬਰਾਂ ਅਤੇ ਹਿੰਦੂਆਂ ਦੇ ਅਵਤਾਰਾਂ ਅਤੇ ਦੇਵੀ ਦੇਵਤਿਆਂ ਦੀ ਨਿੰਦਿਆ ਕੀਤੀ ਗਈ ਹੈ।

ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੂੰ ਮਿਲ ਚੁਕਿਆ ਸੀ, ਇਸ ਕਰਕੇ ਉਸ ਇਸ ਸ਼ਿਕਾਇਤਨਾਮੇ ਦੀ ਪ੍ਰਵਾਹ ਨਾ ਕੀਤੀ।

ਪਰ ਬ੍ਰਾਹਮਣਾਂ ਨੂੰ ਇਹ ਤਸੱਲੀ ਦੇ ਦਿੱਤੀ ਕਿ ਜਦ ਵੀ ਪੰਜਾਬ ਆਵੇਗਾ ਤਾਂ ਉਨ੍ਹਾਂ ਦੀ ਸ਼ਿਕਾਇਤ ਦੀ ਜਾਂਚ ਪੜਤਾਲ ਕਰੇਗਾ।

ਕੁਝ ਸਮੇਂ ਬਾਅਦ ਜਦ ਅਕਬਰ ਬਟਾਲੇ ਆਇਆ ਤਾਂ ਬ੍ਰਾਹਮਣ ਉਸ ਨੂੰ ਫਿਰ ਜਾ ਮਿਲੇ ਅਤੇ ਆਪਣੀ ਸ਼ਿਕਾਇਤ ਬਾਰੇ ਯਾਦ ਕਰਵਾਇਆ।

ਗੁਰੂ ਜੀ ਨੇ ਗ੍ਰੰਥ ਸਾਹਿਬ ਨੂੰ ਇਕ ਪਾਲਕੀ ਵਿਚ ਰਖਾ ਕੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਨਾਲ ਬਟਾਲੇ ਭੇਜ ਦਿੱਤਾ।

ਅਕਬਰ ਨੇ ਬ੍ਰਾਹਮਣਾਂ ਅਤੇ ਹੋਰ ਸ਼ਿਕਾਇਤੀਆਂ ਨੂੰ ਵੀ ਆਪਣੇ ਪਾਸ ਬੁਲਾ ਲਿਆ ਅਤੇ ਭਰੇ ਦਰਬਾਰ ਵਿਚ ਗ੍ਰੰਥ ਸਾਹਿਬ ਤੋਂ ਸ਼ਬਦ ਪੜ੍ਹਨ ਵਾਸਤੇ ਕਿਹਾ।

ਬਾਬਾ ਬੁੱਢਾ ਜੀ ਨੇ ਜਦ ਵਾਕ ਲਿਆ ਤਾਂ ਇਹ ਗੁਰਵਾਕ ਨਿਕਲਿਆ:-

ਖਾਕ ਨੂਰ ਕਰਦੰ ਆਲਮ ਦੁਨੀਆਇ॥
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ॥੧॥
ਬੰਦੇ ਚਸਮ ਦੀਦੰ ਫਨਾਇ॥
ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ॥ ਰਹਾਉ॥

ਅਕਬਰ ਤਾਂ ਇਹ ਸ਼ਬਦ ਸੁਣ ਕੇ ਬਹੁਤ ਖ਼ੁਸ਼ ਹੋਇਆ ਪਰ ਸ਼ਿਕਾਇਤੀ ਕਹਿਣ ਲੱਗੇ ਕਿ ਇਨ੍ਹਾਂ ਪਹਿਲਾਂ ਹੀ ਨਿਸ਼ਾਨੀ ਰੱਖੀ ਸੀ, ਇਸ ਲਈ ਕਿਸੇ ਹੋਰ ਪੰਨੇ ਤੋਂ ਪੜ੍ਹਿਆ ਜਾਏ।

ਦੂਸਰਾ ਵਾਕ ਇਹ ਸੀ:
ਅਲਹ ਅਗਮ ਖੁਦਾਈ ਬੰਦੇ॥
ਛੋਡਿ ਖਿਆਲ ਦੁਨੀਆ ਕੇ ਧੰਧੇ॥
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ॥੧॥

ਅਕਬਰ ਇਹ ਸ਼ਬਦ ਸੁਣ ਕੇ ਕਹਿਣ ਲੱਗਾ, 'ਇਹ ਤਾਂ ਰੱਬੀ ਬਾਣੀ ਹੈ, ਮੈਨੂੰ ਤਾਂ ਸੁਣ ਕੇ ਆਨੰਦ ਆ ਗਿਆ ਹੈ। ਹੁਣ ਮੇਰੀ ਬੇਨਤੀ ਉਤੇ ਇਕ ਹੋਰ ਸ਼ਬਦ ਸੁਣਾੳ'।

ਜਦ ਬਾਬਾ ਬੁੱਢਾ ਜੀ ਨੇ ਤੀਜਾ ਵਾਕ ਲਿਆ ਤਾਂ ਇਹ ਸ਼ਬਦ ਨਿਕਲਿਆ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥੧॥

ਅਕਬਰ ਤੀਸਰਾ ਵਾਕ ਸੁਣ ਕੇ ਹੋਰ ਖੇੜੇ ਵਿਚ ਆ ਗਿਆ। ਸ਼ਿਕਾਇਤੀਆਂ ਨੂੰ ਝਾੜ ਪਾਉਂਦੇ ਹੋਏ ਉਸ ਕਿਹਾ, 'ਇਸ ਗ੍ਰੰਥ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਘੱਟ ਹੈ। ਅਲਹ ਹੀ ਬੰਦਗੀ ਤੋਂ ਬਗੈਰ ਮੈਨੂੰ ਤਾਂ ਇਸ ਵਿਚ ਹੋਰ ਕੁਝ ਨਜ਼ਰ ਨਹੀਂ ਆਇਆ।

ਇਸ ਵਿਚ ਕਿਸੇ ਮਜ਼੍ਹਬ ਦੀ ਨਿੰਦਿਆ ਜਾਂ ਤੌਹੀਨ ਨਹੀਂ ਕੀਤੀ ਗਈ। ਇਸ ਵਿਚ ਤਾਂ ਇਕ ਅਲਹ ਦੀ ਉਸਤਤ ਕੀਤੀ ਗਈ ਹੈ'। ਅਕਬਰ ਉਸੇ ਵੇਲੇ ਆਪਣੇ ਆਸਣ ਤੋਂ ਉਠਿਆ ਤੇ ਗ੍ਰੰਥ ਸਾਹਿਬ ਅੱਗੇ ਸੌ ਅਸ਼ਰਫ਼ੀਆਂ ਭੇਂਟ ਕਰਕੇ ਸਿਜਦਾ ਕੀਤਾ।

ਸ਼ਿਕਾਇਤੀ ਸ਼ਰਮਿੰਦੇ ਹੋਏ ਅਕਬਰ ਦੀ ਕਰੋਪੀ ਤੋਂ ਡਰਦੇ ਖਿਸਕ ਗਏ।

Disclaimer Privacy Policy Contact us About us