ਸ਼ਹਾਦਤ


(ਗੁਰੂ) ਹਰਿਗੋਬਿੰਦ ਸਾਹਿਬ ਦਾ ਛੋਟੀ ਉਪਰ ਵਿਚ ਹੀ ਚੰਗਾ ਕਦ ਕਾਠ ਨਿਕਲ ਆਇਆ ਸੀ। ਉਨ੍ਹਾਂ ਦੀ ਮਨਮੋਹਣੀ ਸ਼ਖ਼ਸੀਅਤ ਨੂੰ ਵੇਖ ਕੇ ਹਰ ਵਿਅਕਤੀ ਕੀਲਿਆ ਜਾਂਦਾ ਸੀ।

ਜਦ ਅਕਬਰ ਦੇ ਇਕ ਦੀਵਾਨ ਚੰਦੂ ਨੇ ਕੁਝ ਪ੍ਰੋਹਤਾਂ ਨੂੰ ਆਪਣੀ ਲੜਕੀ ਵਾਸਤੇ ਵਰ ਲੱਭਣ ਲਈ ਕਿਹਾ ਤਾਂ ਉਹ ਘੁੰਮਦੇ ਘੁੰਮਾਉਂਦੇ ਅੰਮ੍ਰਿਤਸਰ ਪੁੱਜ ਗਏ।

ਜਦ ਉਹ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਤਾਂ (ਗੁਰੂ) ਹਰਿਗੋਬਿੰਦ ਸਾਹਿਬ ਦੀ ਆਭਾ ਨੂੰ ਵੇਖ ਕੇ ਦੰਗ ਰਹਿ ਗਏ। ਉਨ੍ਹਾਂ ਗੁਰੂ ਜੀ ਨਾਲ ਮਿਲ ਕੇ ਉਸੇ ਵੇਲੇ ਰਿਸ਼ਤਾ ਪੱਕਾ ਕਰ ਦਿੱਤਾ।

ਪਰ ਜਦ ਚੰਦੂ ਸ਼ਗਨ ਭੇਜਣ ਲੱਗਾ ਤਾਂ ਉਸ ਕਿਹਾ, 'ਰਿਸ਼ਤਾ ਤਾਂ ਮੈਨੂੰ ਮਨਜ਼ੂਰ ਹੈ, ਪਰ ਤੁਸੀਂ ਚੁਬਾਰੇ ਦੀ ਇੱਟ ਮੋਰੀ ਵਿਚ ਲਾ ਆਏ ਹੋ। ਇਹ ਤੁਸੀਂ ਚੰਗਾ ਨਹੀਂ ਕੀਤਾ'।

ਪ੍ਰੋਹਤਾਂ ਨਾਲ ਕੁਝ ਸਿੱਖ ਵੀ ਗਏ ਸਨ। ਜਦ ਉਨ੍ਹਾਂ ਚੰਦੂ ਦੇ ਇਹ ਅਪਮਾਨਜਨਕ ਸ਼ਬਦ ਸੁਣੇ ਤਾਂ ਉਹ ਗੁੱਸੇ ਵਿਚ ਆ ਗਏ।

ਉਨ੍ਹਾਂ ਪਹਿਲਾਂ ਹੀ ਇਕ ਸਿੱਖ ਨੂੰ ਅੰਮ੍ਰਿਤਸਰ ਭੇਜ ਦਿੱਤਾ। ਉਹ ਸਿੱਖ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ, 'ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਕਿਹਾ ਹੈ। ਇਸ ਲਈ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਚਾਹੀਦਾ'।

ਗੁਰੂ ਜੀ ਨੇ ਭਾਈ ਗੁਰਦਾਸ ਜੀ, ਭਾਈ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ। ਸਾਰਿਆਂ ਸਿੱਖਾਂ ਨੇ ਇਕ ਆਵਾਜ਼ ਹੋ ਕੇ ਕਿਹਾ ਕਿ ਇਹ ਰਿਸ਼ਤਾ ਨਹੀਂ ਲੈਣਾ ਚਾਹੀਦਾ।

ਅਗਲੇ ਦਿਨ ਜਦ ਸ਼ਗਨ ਪੁਜਾ ਤਾਂ ਗੁਰੂ ਜੀ ਨੇ ਸ਼ਗਣ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦ ਚੰਦੂ ਨੂੰ ਪ੍ਰੋਹਤਾਂ ਨੇ ਸ਼ਗਨ ਮੋੜਨ ਦੀ ਗੱਲ ਦੱਸੀ ਤਾਂ ਚੰਦੂ ਬੜਾ ਚਿੱਥਾ ਪੈ ਗਿਆ ਅਤੇ ਉਸ ਇਕ ਲੱਖ ਰੁਪਏ ਗੁਰੂ ਜੀ ਨੂੰ ਦੇਣ ਲਈ ਭੇਜੇ।

ਪਰ ਗੁਰੂ ਜੀ ਨੇ ਰੁਪਏ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਜੇ ਉਹ ਸਾਰੀ ਦੁਨੀਆਂ ਦੀ ਦੌਲਤ ਵੀ ਦੇਣੀ ਚਾਹੇ, ਰਿਸ਼ਤਾ ਉਹ ਤਦ ਵੀ ਮਨਜ਼ੂਰ ਨਹੀਂ ਕਰਨਗੇ।

ਚੰਦੂ ਨੂੰ ਜਦ ਇਹ ਅਨੁਭਵ ਹੋਇਆ ਕਿ ਉਸਦੀ ਲੜਕੀ ਸਾਰੀ ਉਮਰ ਕੰਵਾਰੀ ਰਹੇਗੀ ਤਾਂ ਉਹ ਗੁਰੂ ਦੇ ਬਹੁਤ ਖ਼ਿਲਾਫ਼ ਹੋ ਗਿਆ ਅਤੇ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁਧ ਭੜਕਾਉਂਦਾ ਰਹਿੰਦਾ।

ਪਰ ਜਹਾਂਗੀਰ ਤਾਂ ਬਾਦਸ਼ਾਹ ਬਣਨ ਤੋਂ ਪਹਿਲਾਂ ਹੀ ਗੁਰੂ ਜੀ ਦੇ ਖ਼ਿਲਾਫ ਸੀ। ਉਹ ਤਾਂ ਅਕਬਰ ਦੇ ਜੀਉਂਦਿਆਂ ਹੀ ਗੁਰੂ ਨਾਨਕ ਦੇ ਪ੍ਰਚਾਰ ਨੂੰ ਰੋਕਣ ਦਾ ਮਨ ਬਣਾ ਚੁਕਾ ਸੀ।

ਆਪਣੀ ਆਤਮ ਕਥਾ (ਤੁਜ਼ਿਕ) ਵਿਚ ਉਹ ਲਿਖਦਾ ਹੈ, 'ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਅਤੇ ਕਮੀਨੇ ਮੁਸਲਮਾਨਾਂ ਨੂੰ ਉਸ ਆਪਣੇ ਵਿਚਾਰ ਦੇ ਅਨੁਸਾਰ ਢਾਲ ਕੇ ਉਸ ਨੇ ਵਲੀ ਹੋਣ ਦੀ ਡੈਂਡੀ ਪਿਟਵਾਈ ਹੋਈ ਸੀ। ਤਿੰਨ ਚਾਰ ਭਿੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ। ਕਾਫ਼ੀ ਦੇਰ ਤੋਂ ਮੇਰਾ ਦਿਲ ਕਰਦਾ ਸੀ ਕਿ ਇਸ ਕੂੜ ਦੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਉਸ ਨੂੰ ਇਸਲਾਮ ਵਿਚ ਲੈ ਆਵਾਂ'।

ਇਸ ਤਰ੍ਹਾਂ ਜਹਾਂਗੀਰ ਚੰਦੂ ਵਾਲੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਬਾਰੇ ਮਨ ਬਣਾ ਚੁਕਾ ਸੀ।

ਉਹ ਤਾਂ ਕੇਵਲ ਕੋਈ ਬਹਾਨਾ ਹੀ ਲੱਭਦਾ ਸੀ। ਬਹਾਨਾ ਵੀ ਉਸ ਦੇ ਲੜਕੇ ਖੁਸਰੋ ਦੀ ਬਗਾਵਤ ਕਰਨ ਤੇ ਮਿਲ ਗਿਆ। ਖੁਸਰੋ ਗੁਰੂ ਅਰਜਨ ਦੇਵ ਨੂੰ ਆਪਣਾ ਮੁਰਸ਼ਦ ਮੰਨਦਾ ਸੀ। ਜਦ ਉਹ ਫੜੇ ਜਾਣ ਤੋਂ ਡਰਦਾ ਕਾਬਲ ਵੱਲ ਭੱਜਾ ਜਾ ਰਿਹਾ ਸੀ ਤਾਂ ਰਾਹ ਵਿਚ ਉਹ ਤਰਨਤਾਰਨ ਰੁਕਿਆ। ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਅਤੇ ਲੰਗਰ ਵਿਚ ਪ੍ਰਸ਼ਾਦ ਵੀ ਛਕਿਆ।

ਇਸ ਤਰ੍ਹਾਂ ਬਾਗੀ ਖੁਸਰੋ ਦਾ ਗੁਰੂ ਜੀ ਨੂੰ ਮਿਲਣਾ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਜਹਾਂਗੀਰ ਨੂੰ ਇਕ ਵਧੀਆ ਬਹਾਨਾ ਮਿਲ ਗਿਆ।

ਲਾਹੌਰ ਦਾ ਹਾਕਮ ਮੁਰਤਜ਼ਾ ਖਾਂ ਤਾਂ ਪਹਿਲਾਂ ਹੀ ਗੁਰੂ ਜੀ ਦੇ ਖ਼ਿਲਾਫ਼ ਰਿਪੋਰਟਾਂ ਭੇਜ ਚੁਕਾ ਸੀ। ਉਸ ਨੇ ਜਹਾਂਗੀਰ ਨੂੰ ਇਹ ਵੀ ਲਿਖਿਆ ਸੀ ਕਿ ਗੁਰੂ ਜੀ ਨੇ ਖੁਸਰੋ ਨੂੰ ਅਸੀਰਵਾਦ ਦਿੱਤਾ ਸੀ ਅਤੇ ਉਸ ਦੇ ਮੱਥੇ ਤਿਲਕ ਲਾਇਆ ਸੀ।

ਆਪਣੀ ਆਤਮ ਕਥਾ ਵਿਚ ਜਹਾਂਗੀਰ ਲਿਖਦਾ ਹੈ, 'ਇਨ੍ਹਾਂ ਵਿਚ ਖੁਸਰੋ ਉਸ ਰਾਹ ਤੋਂ ਲੰਘਿਆ। ਇਸ ਪੁਰਸ਼ (ਗੁਰੂ ਅਰਜਨ ਦੇਵ ਜੀ) ਨੇ ਇਰਾਦਾ ਕੀਤਾ ਕਿ ਖੁਸਰੋ ਨੂੰ ਮਿਲੇ। ਖੁਸਰੋ ਦਾ ਉਸ ਥਾਂ ਉਤੇ ਉਤਾਰਾ ਹੋਇਆ ਜਿਥੇ ਉਸ (ਗੁਰੂ ਅਰਜਨ ਦੇਵ ਜੀ) ਦਾ ਟਿਕਾਣਾ ਸੀ। ਉਸ ਆ ਕੇ ਉਸ ਨੂੰ ਵੇਖਿਆਂ ਤੇ ਮਿਲਿਆ।

ਕਈ ਗੱਲਾਂ ਕੀਤੀਆਂ ਅਤੇ ਉਸ ਦੇ ਮੱਥੇ ਉਤੇ ਆਪਣੀ ਉਂਗਲੀ ਨਾਲ ਕੇਸਰ ਦਾ, ਜਿਸ ਨੂੰ ਹਿੰਦੂ ਤਿਲਕ ਆਖਦੇ ਹਨ ਤੇ ਸ਼ਗਨ ਸਮਝਦੇ ਹਨ, ਲਗਾਇਆ।

ਜਦ ਇਹ ਖ਼ਬਰ ਮੇਰੇ ਕੰਨਾਂ ਤਕ ਪਹੁੰਚੀ, ਮੈਂ ਉਸਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਹੁਕਮ ਦਿੱਤਾ ਕਿ ਉਸ (ਗੁਰੂ ਅਰਜਨ ਦੇਵ ਜੀ) ਨੂੰ ਹਾਜ਼ਰ ਕੀਤਾ ਜਾਵੇ ਅਤੇ ਉਸ ਦੇ ਘਰ, ਘਾਟ, ਬੱਚੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤੇ ਜਾਣ।

ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇ'। ਜਹਾਂਗੀਰ ਨੂੰ ਇਹ ਵੱਡਾ ਦੁੱਖ ਸੀ ਕਿ ਮੁਸਲਮਾਨ ਗੁਰੂ ਅਰਜਨ ਦੇਵ ਜੀ ਦੇ ਸੇਵਕ ਕਿਉਂ ਬਣ ਰਹੇ ਹਨ, ਇਸ ਲਈ ਗੁਰੂ ਜੀ ਨੂੰ ਕਤਲ ਕਰਨ ਲਈ ਉਹ ਤੁੱਲ ਗਿਆ ਸੀ।

ਗੁਰੂ ਜੀ ਵੀ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਸਨ। ਜਹਾਂਗੀਰ ਦੇ ਵਿਚਾਰ ਵੀ ਉਨ੍ਹਾਂ ਤੱਕ ਪੁੱਜ ਰਹੇ ਸਨ। ਉਹ ਜਾਣਦੇ ਸਨ ਕਿ ਸ਼ਹੀਦੀ ਦਾ ਸਮਾਂ ਨੇੜੇ ਹੀ ਆ ਗਿਆ ਸੀ।

ਇਸ ਲਈ ਉਨ੍ਹਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਨਾਮਵਰ ਸਿੱਖਾਂ ਨੂੰ ਬੁਲਾਇਆ ਅਤੇ ੧੫ ਮਈ ੧੬੦੬ ਈ: ਨੂੰ ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸੌਂਪ ਦਿੱਤੀ।

ਉਨ੍ਹਾਂ ਹਰਿਗੋਬਿੰਦ ਸਾਹਿਬ ਨੂੰ ਉਪਦੇਸ਼ ਦਿੱਤਾ, 'ਸਿੱਖੀ ਦਾ ਪ੍ਰਚਾਰ ਅਸੀਂ ਸ਼ਾਂਤਮਈ ਢੰਗ ਨਾਲ ਕੀਤਾ ਸੀ ਪਰ ਹੁਣ ਵਕਤ ਬਦਲ ਗਿਆ ਹੈ। ਹੁਣ ਚੰਗਿਆਈ ਅਤੇ ਬੁਰਿਆਈ ਦੀ ਜੰਗ ਹੋਵੇਗੀ। ਇਸ ਲਈ ਤੁਹਾਨੂੰ ਹੁਣ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਆਪ ਸ਼ਸਤਰ ਪਹਿਨੋ ਅਤੇ ਸਿੱਖਾਂ ਨੂੰ ਸ਼ਸਤਰ ਧਾਰਨ ਦੀ ਆਗਿਆ ਕਰੋ'।

ਕੁਝ ਦਿਨਾਂ ਬਾਅਦ ਹੀ ਮੁਰਤਜ਼ਾ ਖਾਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ। ਲਾਹੌਰ ਪਹੁੰਚ ਕੇ ਗੁਰੂ ਜੀ ਨੂੰ ਜਹਾਂਗੀਰ ਦੇ ਦਰਬਾਰ ਵਿਚ ਪੇਸ਼ ਕੀਤਾ ਗਿਆ। ਜਹਾਂਗੀਰ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਗੁਰੂ ਜੀ ਨੇ ਢੁਕਵਾਂ ਉੱਤਰ ਦਿੱਤਾ।

ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਆਦਿ ਗ੍ਰੰਥ ਸਾਹਿਬ ਵਿਚ ਮੁਹੰਮਦ ਦੀ ਉਸਤਤ ਦੇ ਕੁਝ ਸ਼ਬਦ ਪਾਏ ਜਾਣ, ਪਰ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੂੰ ਮੁਸਲਮਾਨ ਬਣਨ ਵਾਸਤੇ ਕਿਹਾ ਗਿਆ।

ਗੁਰੂ ਜੀ ਨੇ ਕਿਹਾ ਕਿ ਅਸੀਂ ਸਰੀਰ ਤਿਆਗ ਸਕਦੇ ਹਾਂ ਪਰ ਧਰਮ ਨਹੀਂ। ਜਦ ਗੁਰੂ ਜੀ ਨੇ ਕੋਈ ਸ਼ਰਤ ਵੀ ਪ੍ਰਵਾਨ ਨਾ ਕੀਤੀ ਤਾਂ ਜਹਾਂਗੀਰ ਨੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ।

ਜਹਾਂਗੀਰ ਗੁਰੂ ਜੀ ਨੂੰ ਆਪਣੇ ਫ਼ੌਜਦਾਰ ਮੁਰਤਜ਼ਾ ਖਾਂ ਦੇ ਹਵਾਲੇ ਕਰਕੇ ਆਪ ਰਾਜਧਾਨੀ ਨੂੰ ਚਲਦਾ ਬਣਿਆ। ਮੁਰਤਜ਼ਾ ਖਾਂ ਨੂੰ ਇਕ ਲੱਖ ਰੁਪਿਆ ਭਰ ਕੇ ਚੰਦੂ ਲਾਲ ਨੇ ਗੁਰੂ ਜੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।

ਉਸਦਾ ਖ਼ਿਆਲ ਸੀ ਕਿ ਗੁਰੂ ਜੀ ਨੂੰ ਤਸੀਹੇ ਦੇ ਕੇ ਪਹਿਲਾਂ ਲੱਖ ਰੁਪਿਆ ਵਸੂਲ ਕਰਾਂਗਾ ਤੇ ਫਿਰ ਉਨ੍ਹਾਂ ਨੂੰ ਸ਼ਹੀਦ ਕਰਵਾ ਦਿਆਂਗਾ। ਪਰ ਰੁਪਇਆ ਉਸ ਨੂੰ ਕੋਈ ਨਾ ਮਿਲਿਆ। ਤਦ ਰੋਹ ਵਿਚ ਆ ਕੇ ਉਸ ਨੇ ਗੁਰੂ ਜੀ ਨੂੰ ਅਕਹਿ ਤੇ ਅਸਹਿ ਕਸ਼ਟ ਦੇਣੇ ਸ਼ੁਰੂ ਕੀਤੇ।

ਜੇਠ ਦਾ ਮਹੀਨਾ ਸੀ ਤੇ ਅੱਤ ਦੀ ਗਰਮੀ ਪੈ ਰਹੀ ਸੀ। ਗੁਰੂ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿਚ ਬੈਠਾਇਆ ਗਿਆ। ਹੇਠਾਂ ਅੱਗ ਬਲ ਰਹੀ ਸੀ ਤੇ ਉਪਰੋਂ ਆਪ ਦੇ ਕੋਮਲ ਸਰੀਰ ਤੇ ਗਰਮ ਰੇਤ ਪਾਈ ਗਈ।

ਗੁਰੂ ਜੀ ਨੇ ਅਤੀ ਹੌਂਸਲੇ ਤੇ ਸਬਰ ਨਾਲ ਇਹ ਕਸ਼ਟ ਸਹਿਣ ਕੀਤੇ। ਆਪਣੀ ਲਿਵ ਅਕਾਲ ਪੁਰਖ ਵਲ ਲਾਈ ਰਖੀ। ਅਗਲੇ ਦਿਨ ਆਪ ਨੂੰ ਤੱਤੀ ਲੋਹ ਤੇ ਬਿਠਾ ਕੇ ਹੇਠਾਂ ਅੱਗ ਬਾਲੀ ਗਈ ਤੇ ਉੱਤੋਂ ਭੱਖਦੀ ਰੇਤ ਆਪ ਦੀ ਦੇਹ ਤੇ ਪਾਈ ਗਈ।

ਇਸ ਨਾਲ ਆਪ ਦਾ ਸਰੀਰ ਛਾਲੇ ਛਾਲੇ ਹੋ ਗਿਆ। ਛਾਲਿਆਂ ਭਰੇ ਸਰੀਰ ਨੂੰ ਹੋਰ ਕਸ਼ਟ ਦੇਣ ਲਈ ਆਪ ਨੂੰ ਦਰਿਆ ਰਾਵੀ ਦੇ ਠੰਢੇ ਪਾਣੀ ਵਿਚ ਸੁੱਟਵਾ ਦਿਤਾ ਗਿਆ।

ਇਨ੍ਹਾਂ ਤਸੀਹਿਆਂ ਕਾਰਨ ਆਪ ਦਾ ਸਰੀਰ ਨਿਰਬਲ ਹੋ ਗਿਆ ਸੀ, ਉਹ ਦਰਿਆ ਦੇ ਵਹਾਅ ਸਾਹਮਣੇ ਨਾ ਠਹਿਰ ਸਕਿਆ ਤੇ ਪਾਣੀ ਦਾ ਵੇਗ ਉਨ੍ਹਾਂ ਦੀ ਦੇਹ ਨੂੰ ਰੋੜ੍ਹ ਕੇ ਲੈ ਗਿਆ।

ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਜੀ ਧਰਮ ਦੀ ਖ਼ਾਤਰ ਅਕਹਿ ਤੇ ਅਣ ਮਨੁੱਖੀ ਤਸੀਹੇ ਝੱਲ ਕੇ ਅਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਹੀਦ ਹੋ ਗਏ।

ਇਹ ਸਾਕਾ ਜੇਠ ਸੁਦੀ ਚੌਥ ਸੰਮਤ ੧੬੬੩ ਮੁਤਾਬਕ 30 ਮਈ, ਸੰਨ 1606 ਵਾਲੇ ਦਿਨ ਲਾਹੌਰ ਵਿਖੇ ਹੋਇਆ।

Disclaimer Privacy Policy Contact us About us