ਪੜ੍ਹਾਈ


ਗੁਰੂ ਜੀ ਦੀ ਉਮਰ ਚਾਰ ਸਾਲ ਦੀ ਸੀ। ਉਹ ਬੜੀ ਦਿਲਚਸਪੀ ਨਾਲ ਗੁਰੂ ਅਮਰਦਾਸ ਜੀ ਤੋਂ ਪੜ੍ਹਦੇ ਸਨ ਅਤੇ ਛੇਤੀ ਹੀ ਰਾਗ ਵਿਦਿਆ ਦੇ ਵੀ ਮਾਹਰ ਹੋ ਗਏ।

ਜਦ ਗੁਰੂ ਅਮਰਦਾਸ ਜੀ ਨੇ ਇਹ ਸਮਝ ਲਿਆ ਕਿ (ਗੁਰੂ) ਅਰਜਨ ਦੇਵ ਜੀ ਵਿਦਿਆ ਵਿਚ ਨਿਪੁੰਨ ਹੋ ਗਏ ਹਨ ਅਤੇ ਹਰ ਰਾਗ ਨੂੰ ਬੜੀ ਸੁੰਦਰ ਆਵਾਜ਼ ਵਿਚ ਗਾ ਸਕਦੇ ਹਨ ਤਦ ਉਨ੍ਹਾਂ ਬਾਬਾ ਮੋਹਰੀ ਜੀ ਨੂੰ ਉਨ੍ਹਾਂ ਨੂੰ ਗਣਿਤ ਪੜ੍ਹਾਉਣ ਵਾਸਤੇ ਲਾ ਦਿੱਤਾ।

ਬਾਬਾ ਮੋਹਰੀ ਜੀ ਗਣਿਤ ਵਿਦਿਆ ਦੇ ਬੜੇ ਮਾਹਰ ਸਨ, ਇਸ ਲਈ (ਗੁਰੂ) ਅਰਜਨ ਦੇਵ ਨੂੰ ਉਨ੍ਹਾਂ ਗਣਿਤ ਵਿਦਿਆ ਵਿਚ ਚੰਗਾ ਮਾਹਰ ਬਣਾ ਦਿੱਤਾ।

ਹਿੰਦੀ, ਸੰਸਕ੍ਰਿਤ ਪੜ੍ਹਾਉਣ ਵਾਸਤੇ ਬੇਣੀ ਦੀ ਜ਼ਿਮੇਵਾਰੀ ਲਾ ਦਿੱਤੀ। ਉਸ ਸਮੇਂ ਮੁਸਲਮਾਨੀ ਹਕੂਮਤ ਹੋਣ ਕਰਕੇ ਸਰਕਾਰੀ ਭਾਸ਼ਾ ਫ਼ਾਰਸੀ ਸੀ। ਇਸ ਲਈ ਇਕ ਫ਼ਾਰਸੀ ਦੇ ਮੌਲਵੀ ਨੂੰ ਉਨ੍ਹਾਂ ਨੂੰ ਫ਼ਾਰਸੀ ਪੜ੍ਹਾਉਣ ਵਾਸਤੇ ਨਿਯੁਕਤ ਕਰ ਦਿੱਤਾ।

(ਗੁਰੂ) ਅਰਜਨ ਦੇਵ ਜੀ ਨੇ ਆਪਣੀ ਦਸ ਸਾਲ ਦੀ ਉਮਰ ਤਕ ਹਰ ਪ੍ਰਕਾਰ ਦੀ ਪੜ੍ਹਾਈ ਮੁਕੰਮਲ ਕਰ ਲਈ। ਪਰ ਸਭ ਤੋਂ ਵੱਧ ਉਨ੍ਹਾਂ ਦਾ ਗੁਰਬਾਣੀ ਨਾਲ ਬਹੁਤ ਪਿਆਰ ਸੀ, ਉਹ ਗੁਰਬਾਣੀ ਨੂੰ ਜ਼ਬਾਨੀ ਯਾਦ ਕਰਕੇ ਸ਼ਾਮ ਨੂੰ ਆਪਣੇ ਪਿਤਾ (ਗੁਰੂ) ਰਾਮਦਾਸ ਜੀ ਨੂੰ ਸੁਣਾਉਂਦੇ।

(ਗੁਰੂ) ਰਾਮਦਾਸ ਜੀ ਉਨ੍ਹਾਂ ਦੀ ਰਾਗ ਵਿਦਿਆ ਦੀ ਏਨੀ ਮੁਹਾਰਤ ਵੇਖ ਕੇ ਬਹੁਤ ਪ੍ਰਸੰਨ ਹੁੰਦੇ। (ਗੁਰੂ) ਅਰਜਨ ਦੇਵ ਨੂੰ ਘੋੜ ਸਵਾਰੀ ਅਤੇ ਨੇਜ਼ੇ ਬਾਜ਼ੀ ਦਾ ਵੀ ਬਹੁਤ ਸ਼ੋਕ ਸੀ। ਉਹ ਜਦ ਸਵੇਰੇ ਆਪਣੇ ਪਿਤਾ ਜੀ ਅਤੇ ਭਰਾਵਾਂ ਨਾਲ ਸੈਰ ਕਰਨ ਜਾਂਦੇ ਤਾਂ ਘੋੜ ਸਵਾਰੀ ਦੇ ਹਰ ਦਾਅ ਪੇਚ ਚੰਗੀ ਤਰ੍ਹਾਂ ਸਿੱਖਦੇ। ਕਈ ਵਾਰ ਭਰਾਵਾਂ ਵਿਚ ਨੇਜ਼ੇ ਬਾਜ਼ੀ ਦਾ ਮੁਕਾਬਲਾ ਵੀ ਹੁੰਦਾ।

(ਗੁਰੂ) ਅਰਜਨ ਦੇਵ ਜੀ ਬਾਬਾ ਮੋਹਨ ਦਾ ਵੀ ਬਹੁਤ ਸਤਿਕਾਰ ਕਰਦੇ ਸਨ, ਉਹ ਉਨ੍ਹਾਂ ਨੂੰ ਪੂਰਨ ਸੰਤ ਸਮਝਦੇ ਸਨ। ਆਪਣੇ ਮਾਤਾ ਪਿਤਾ ਨਾਲ ਵੀ ਉਨ੍ਹਾਂ ਦਾ ਬਹੁਤ ਪਿਆਰ ਸੀ। ਉਹ ਸਦਾ ਉਨ੍ਹਾਂ ਸੰਗ ਰਹਿੰਦੇ ਸਨ ਅਤੇ ਉਨ੍ਹਾਂ ਦੇ ਹਰ ਹੁਕਮ ਦੀ ਪਾਲਣਾ ਕਰਦੇ ਸਨ।

ਮਾਤਾ ਭਾਨੀ ਨੇ ਉਨ੍ਹਾਂ ਨੂੰ ਭਾਣਾ ਮੰਨਣਾ ਸਿਖਾਇਆ ਅਤੇ ਗੁਰੂ ਰਾਮਦਾਸ ਜੀ ਨੇ ਸੱਚੀ ਸੁੱਚੀ ਸੇਵਾ ਦ੍ਰਿੜ੍ਹ ਕਰਾਈ।

Disclaimer Privacy Policy Contact us About us