ਵਿਆਹ


(ਗੁਰੂ) ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਵਿਆਹ ਪਿੰਡ ਹੇਹਰ ਜ਼ਿਲ੍ਹਾ ਲਾਹੌਰ ਵਿਚ ਬੀਬੀ ਕਰਮੋ ਨਾਲ ਹੋਇਆ ਸੀ। ਬਾਬਾ ਮਹਾਂਦੇਵ ਨੇ ਵਿਆਹ ਕਰਨੋਂ ਇਨਕਾਰ ਕਰ ਦਿੱਤਾ ਸੀ।

ਜਦ (ਗੁਰੂ) ਅਰਜਨ ਦੇਵ ਜੀ ਗਿਆਰਾਂ ਸਾਲ ਦੇ ਹੋਏ ਤਾਂ ਗੁਰੂ ਅਮਰਦਾਸ ਜੀ ਨੇ ਇਹ ਮਨ ਬਣਾਇਆ ਕਿ ਉਹ ਆਪਣੇ ਛੋਟੇ ਦੇਹਤੇ ਦਾ ਵਿਆਹ ਵੀ ਆਪਣੇ ਜੀਉਂਦੇ ਜੀਅ ਕਰ ਜਾਣ।

ਪਿੰਡ ਮਉ (ਦੁਆਬਾ) ਵਿਖੇ ਉਨ੍ਹਾਂ ਦਾ ਇਕ ਪਿਆਰਾ ਸ਼ਰਧਾਲੂ ਕ੍ਰਿਸ਼ਨ ਚੰਦ ਰਹਿੰਦਾ ਸੀ। ਉਹ ਗੁਰੂ ਜੀ ਦੀ ਸੇਵਾ ਵਾਸਤੇ ਅਕਸਰ ਆਇਆ ਕਰਦਾ ਸੀ। ਇਕ ਵਾਰ ਜਦ ਉਹ ਪਰਿਵਾਰ ਸਹਿਤ ਆਇਆ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਇਕ ਛੋਟੀ ਧੀ ਗੰਗਾ ਦੇਵੀ ਵੀ ਸਨ।

ਉਸ ਬਾਲੜੀ ਦੇ ਪਿਆਰ, ਸਲੀਕੇ ਅਤੇ ਸੁਘੜ ਸੁਭਾਅ ਨੂੰ ਵੇਖ ਗੁਰੂ ਅਮਰਦਾਸ ਜੀ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਉਸੇ ਦਿਨ ਭਾਈ ਕ੍ਰਿਸ਼ਨ ਚੰਦ ਨੂੰ ਬੁਲਾਇਆ ਤੇ ਉਨ੍ਹਾਂ ਦੀ ਧੀ ਦਾ ਰਿਸ਼ਤਾ ਆਪਣੇ ਦੋਹਤੇ (ਗੁਰੂ) ਅਰਜਨ ਦੇਵ ਲਈ ਮੰਗ ਲਿਆ।

ਭਾਈ ਕ੍ਰਿਸ਼ਨ ਚੰਦ ਨੂੰ ਹੋਰ ਕੀ ਚਾਹੀਦਾ ਸੀ, ਗੁਰੂ ਘਰ ਨਾਲ ਰਿਸ਼ਤਾ ਜੋੜ ਕੇ ਉਸ ਦੀਆਂ ਤਾਂ ਕੁਲਾਂ ਹੀ ਤਰ ਜਾਣੀਆਂ ਸਨ।

ਉਹ ਬੜਾ ਖ਼ੁਸ਼ ਹੋ ਕੇ ਬੋਲਿਆ, 'ਮਹਾਰਾਜ! ਇਹ ਤਾਂ ਸਾਡੇ ਧੰਨ ਭਾਗ, ਮੇਰੀ ਬਾਲੜੀ ਨੂੰ ਜੇ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਹੋਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ।

(ਗੁਰੂ) ਅਰਜਨ ਦੇਵ ਨੂੰ ਮੈਂ ਵੇਖਿਆ ਹੋਇਆ ਹੈ ਉਹ ਤਾਂ ਇਕ ਇਲਾਹੀ ਜੋਤ ਹਨ'। ਕੁਝ ਦਿਨਾਂ ਬਾਅਦ ਹੀ ਰਿਸ਼ਤਾ ਪੱਕਾ ਹੋ ਗਿਆ ਅਤੇ ਵਿਆਹ ਦੀ ਤਾਰੀਖ਼ ਨਿਸਚਿਤ ਕਰ ਦਿੱਤੀ ਗਈ।

ਗੁਰੂ ਘਰ ਵਿਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਗਈਆਂ। ਗੁਰੂ ਅਮਰਦਾਸ ਅਤੇ (ਗੁਰੂ) ਰਾਮਦਾਸ ਵਿਆਹ ਦੀ ਤਿਆਰੀ ਵਿਚ ਰੁਝ ਗਏ। ਕਿਉਂਕਿ ਰਾਹ ਵਿਚ ਦਰਿਆ ਆਉਂਦਾ ਸੀ ਇਸ ਲਈ ਸਾਰੀ ਜੰਞ ਘੋੜੀਆਂ ਤੇ ਚੜ੍ਹ ਕੇ ਜਾਣ ਲਈ ਤਿਆਰ ਹੋ ਗਈ।

ਗੁਰੂ ਅਮਰਦਾਸ ਜੀ ਨੇ ਆਪਣੇ ਦੋਹਤੇ ਨੂੰ ਆਪਣੇ ਪਾਸ ਬੁਲਾ ਕੇ ਆਪ ਦਸਤਾਰ ਅਤੇ ਸਿਹਰਾ ਸਜਾ ਕੇ ਕਲਗੀ ਲਾਈ। ਸਾਰੇ ਪਿੰਡ ਦੇ ਬੰਦੇ ਅਤੇ ਇਸਤਰੀਆਂ ਸਵਾਗਤ ਲਈ ਪਿੰਡ ਤੋਂ ਬਾਹਰਵਾਰ ਹੀ ਆ ਮਿਲੇ।

ਸਭ ਤੋਂ ਪਹਿਲਾਂ ਪਿੰਡ ਦਾ ਮੁੱਖੀ ਗੁਰੂ ਅਮਰਦਾਸ ਜੀ ਨੂੰ ਆ ਮਿਲਿਆ ਅਤੇ ਗੁਰੂ ਜੀ ਦੀ ਚਰਨੀਂ ਹੱਥ ਲਾ ਕੇ ਕਹਿਣ ਲੱਗਾ, 'ਸਤਿਗੁਰੂ! ਸਾਡੀ ਇਕ ਬੇਨਤੀ ਹੈ ਕਿ ਇਸ ਪਿੰਡ ਦੀ ਰੀਤ ਹੈ ਕਿ ਲਾੜੇ ਨੂੰ ਪਹਿਲਾਂ ਘੋੜਾ ਭਜਾ ਕੇ ਇਕ ਕਿੱਲੀ ਨੇਜ਼ੇ ਨਾਲ ਪੁਟਣੀ ਪੈਂਦੀ ਹੈ। ਅਸੀਂ ਆਪ ਉਤੇ ਇਹ ਸ਼ਰਤ ਰਖਣੀ ਤਾਂ ਨਹੀਂ ਸੀ ਚਾਹੁੰਦੇ, ਪਰ ਪੁਰਾਣੀਆਂ ਸਮਿਆਂ ਤੋਂ ਇਹ ਰਸਮ ਚਲੀ ਆ ਰਹੀ ਹੈ'।

ਗੁਰੂ ਜੀ ਇਹ ਗੱਲ ਸੁਣ ਕੇ ਖਿੜ ਖਿੜਾ ਕੇ ਹੱਸ ਪਏ ਅਤੇ ਕਹਿਣ ਲੱਗੇ, 'ਉਹ ਮਹਾਂਪੁਰਸ਼ੋ! ਤੁਸੀਂ ਸਾਨੂੰ ਸਾਧ ਹੀ ਸਮਝ ਰੱਖਿਆ ਹੈ। ਅਸੀਂ ਇਹ ਕਿੱਲੀ ਪੁੱਟ ਕੇ ਹੀ ਪਿੰਡ ਵਿਚ ਦਾਖ਼ਿਲ ਹੋਵਾਂਗੇ। ਕਿਥੇ ਹੈ ਉਹ ਕਿੱਲੀ?' ਮੁਖੀਏ ਨੇ ਜੰਡ ਦੇ ਰੁੱਖ ਤੋਂ ਬਣਾਈ ਇਕ ਕਿੱਲੀ ਖੇਤ ਵਿਚ ਗੱਡੀ ਹੋਈ ਵਿਖਾਈ। ਜਾਞੀ ਸਾਰੇ ਹਥਿਆਰ ਬਧ ਸਨ, ਉਨ੍ਹਾਂ ਪਾਸ ਨੇਜ਼ੇ ਅਤੇ ਕਿਰਪਾਨਾਂ ਵੀ ਸਨ।

(ਗੁਰੂ) ਅਰਜਨ ਦੇਵ ਨੂੰ ਇਕ ਨੇਜ਼ਾ ਦਿੱਤਾ ਗਿਆ। ਉਨ੍ਹਾਂ ਨੇਜ਼ਾ ਫੜ ਆਪਣੇ ਘੋੜੇ ਨੂੰ ਬੜਾ ਤੇਜ਼ ਭਜਾਇਆ ਤੇ ਪਹਿਲੀ ਵਾਰੀ ਹੀ ਕਿੱਲੀ ਪੁੱਟ ਕੇ ਪਿੰਡ ਦੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਉਹ ਸਮਝਦੇ ਸਨ ਕਿ ਗਿਆਰਾਂ ਸਾਲ ਦਾ ਬੱਚਾ ਏਡੀ ਛੇਤੀ ਕਿੱਲੀ ਪੁੱਟ ਨਹੀਂ ਸਕੇਗਾ। ਏਧਰ ਜੰਞ ਵਾਲੇ ਵੀ (ਗੁਰੂ) ਅਰਜਨ ਦੇਵ ਦੀ ਇਸ ਨਿਸ਼ਾਨੇਬਾਜ਼ੀ ਉਤੇ ਬਹੁਤ ਖ਼ੁਸ਼ ਹੋਏ ਅਤੇ ਵਾਹ ਵਾਹ ਕਰ ਉਠੇ।

ਗੁਰੂ ਅਮਰਦਾਸ ਅਤੇ (ਗੁਰੂ) ਰਾਮਦਾਸ ਨੇ ਆਪਣੇ ਬਹਾਦਰ ਬਾਲਕ ਨੂੰ ਅਸ਼ੀਰਵਾਦ ਦਿੱਤਾ। ਜੰਞ ਫਿਰ ਘੋੜੀਆਂ ਤੋਂ ਉਤਰ ਗਈ ਅਤੇ ਪਿੰਡ ਵਾਲੇ ਇਕ ਇਕ ਘੋੜੀ ਫੜ ਕੇ ਚਾਰਾ ਪਾਉਣ ਵਾਸਤੇ ਲੈ ਗਏ।

ਜਦ ਜੰਞ ਇਕੱਠੀ ਹੋ ਗਈ ਤਾਂ ਭਾਈ ਕ੍ਰਿਸ਼ਨ ਚੰਦ ਹਾਰ ਲੈ ਕੇ ਆਪਣੇ ਕੁੜਮ ਨਾਲ ਮਿਲਣੀ ਕਰਨ ਵਾਸਤੇ ਆਇਆ। (ਗੁਰੂ) ਰਾਮਦਾਸ ਅਤੇ ਭਾਈ ਕ੍ਰਿਸ਼ਨ ਚੰਦ ਗਲਵਕਰੜੀ ਪਾ ਕੇ ਮਿਲੇ। ਫਿਰ ਉਹ ਸਾਰਿਆਂ ਨੂੰ ਆਪਣੇ ਘਰ ਲੈ ਗਏ।

ਘਰ ਜਾ ਕੇ ਕੁਝ ਖਾਣ ਪੀਣ ਪਿਛੋਂ ਬੀਬੀ ਗੰਗਾ ਦੇਵੀ ਅਤੇ (ਗੁਰੂ) ਅਰਜਨ ਦੇਵ ਦਾ ਗੁਰੂ ਮਰਯਾਦਾ ਅਨੁਸਾਰ ਵਿਆਹ ਹੋ ਗਿਆ। ਅਗਲੇ ਦਿਨ ਬਰਾਤ ਡੋਲੀ ਸਮੇਤ ਗੋਇੰਦਵਾਲ ਪਹੁੰਚ ਗਈ। ਦੋਵਾਂ ਦੀ ਇਕ ਅਨੂਪਮ ਜੋੜੀ ਬਣੀ। ਸਾਰੇ ਸ਼ਹਿਰ ਵਿਚ ਖੁਸ਼ੀਆਂ ਮਨਾਈਆਂ ਗਈਆਂ।

Disclaimer Privacy Policy Contact us About us