ਮੀਆਂ ਮੀਰ ਨਾਲ ਮਿਲਾਪ


ਗੁਰੂ ਰਾਮਦਾਸ ਜੀ ਨੂੰ ਜਦ ਇਹ ਅਨੁਭਵ ਹੋਇਆ ਕਿ ਉਨ੍ਹਾਂ ਦਾ ਪ੍ਰਭੂ ਜੋਤ ਵਿਚ ਵਿਲੀਨ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਉਨ੍ਹਾਂ ਵੀ ਪਹਿਲੇ ਗੁਰੂ ਸਾਹਿਬਾਨ ਵਾਂਗ ਆਪਣੇ ਉਤਰਾਧਿਕਾਰੀ ਦੀ ਪ੍ਰੀਖੀਆ ਲੈਣ ਬਾਰੇ ਵਿਚਾਰ ਬਣਾਇਆ।

ਉਨ੍ਹਾਂ ਦਿਨਾਂ ਵਿਚ ਹੀ ਲਾਹੌਰ ਵਿਖੇ ਗੁਰੂ ਰਾਮਦਾਸ ਜੀ ਦੇ ਇਕ ਰਿਸ਼ਤੇਦਾਰ ਭਾਈ ਸਿਹਾਰੀ ਮਲ ਦੇ ਲੜਕੇ ਦਾ ਵਿਆਹ ਸੀ। ਇਸ ਵਿਆਹ ਵਿਚ ਸ਼ਾਮਲ ਹੋਣ ਲਈ ਗੁਰੂ ਸਾਹਿਬ ਨੂੰ ਸੱਦਾ ਪੱਤਰ ਆਇਆ ਸੀ।

ਪਰ ਗੁਰੂ ਸਾਹਿਬ ਉਸ ਵਿਆਹ ਵਿਚ ਸ਼ਾਮਲ ਹੋਣਾ ਨਹੀਂ ਸੀ ਚਾਹੁੰਦੇ। ਉਹ ਸਮਝਦੇ ਸਨ ਕਿ ਲਾਹੌਰ ਵਿਖੇ ਉਨ੍ਹਾਂ ਦੀ ਸਿੱਖੀ ਸੇਵਕੀ ਏਨੀ ਵੱਧ ਗਈ ਹੈ ਕਿ ਵਿਆਹ ਵਿਚ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ।

ਉਨ੍ਹਾਂ ਸੋਚਿਆ ਕਿ ਇਸ ਵਿਆਹ ਵਿਚ ਹਾਜ਼ਰ ਹੋਣ ਲਈ ਕਿਸੇ ਪੁੱਤਰ ਦੀ ਜ਼ਿੰਮੇਵਾਰੀ ਲਾਉਣਗੇ। ਇਸ ਤੋਂ ਸਪੱਸ਼ਟ ਹੋ ਜਾਵੇਗਾ ਕਿ ਉਨ੍ਹਾਂ ਦਾ ਕਿਹੜਾ ਪੁੱਤਰ ਆਗਿਆਕਾਰੀ ਹੈ। ਜਿਹੜਾ ਪੁੱਤਰ ਜਾਣਾ ਮੰਨ ਜਾਵੇਗਾ ਉਸ ਨੂੰ ਇਹ ਪੱਕਾ ਕਰਨਗੇ ਕਿ ਉਨ੍ਹਾਂ ਦੀ ਆਗਿਆ ਬਗੈਰ ਅੰਮ੍ਰਿਤਸਰ ਨਾ ਆਵੇ।

ਇਸ ਤੋਂ ਹੋਰ ਵੀ ਪਤਾ ਲਗ ਜਾਵੇਗਾ ਕਿ ਸੱਚੇ ਦਿਲੋਂ ਕਿਹੜਾ ਆਗਿਆਕਾਰੀ ਹੈ। ਇਸ ਤਰ੍ਹਾਂ ਉਨ੍ਹਾਂ ਪ੍ਰੀਖਿਆ ਦਾ ਇਕ ਸੁਖਾਲਾ ਜੇਹਾ ਪਰਚਾ ਪਾ ਦਿੱਤਾ।

ਪਹਿਲਾ ਉਨ੍ਹਾਂ ਬਾਬਾ ਪ੍ਰਿਥੀ ਚੰਦ ਨੂੰ ਬੁਲਾਇਆ ਅਤੇ ਵਿਆਹ ਵਿਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ। ਪਰ ਉਸ ਤੋੜ ਕੇ ਜਵਾਬ ਦੇ ਦਿੱਤਾ ਕਿ ਉਹ ਏਡੇ ਵੱਡੇ ਕਾਰੋਬਾਰ ਨੂੰ ਛੱਡ ਕੇ ਨਹੀਂ ਜਾ ਸਕਦਾ।

ਫਿਰ ਉਨ੍ਹਾਂ ਦੂਸਰੇ ਪੁੱਤਰ ਮਹਾਂਦੇਵ ਨੂੰ ਬੁਲਾਇਆ, ਉਸ ਵੀ ਹਾਮੀ ਨਾ ਭਰੀ। ਉਹ ਕਹਿਣ ਲੱਗਾ ਕਿ ਉਹ ਤਾਂ ਬ੍ਰਹਮਚਾਰੀ ਹੈ ਅਤੇ ਦੁਨੀਆਂ ਦੇ ਰਿਸ਼ਤੇ ਨਾਤਿਆਂ ਨੂੰ ਵਿਸਾਰ ਚੁੱਕਾ ਹੈ। ਉਹ ਕਿਸੇ ਨੂੰ ਆਪਣਾ ਰਿਸ਼ਤੇਦਾਰ ਨਹੀਂ ਸਮਝਦਾ।

ਫਿਰ ਉਨ੍ਹਾਂ (ਗੁਰੂ) ਅਰਜਨ ਦੇਵ ਨੂੰ ਬੁਲਾ ਕੇ ਇਹ ਆਦੇਸ਼ ਸੁਣਾਇਆ। ਉਸ ਨੇ ਝੱਟ ਪ੍ਰਵਾਨ ਕਰ ਲਿਆ। ਜਦ ਉਹ ਜਾਣ ਲੱਗਾ ਤਾਂ ਗੁਰੂ ਜੀ ਨੇ ਇਹ ਕਹਿ ਦਿੱਤਾ ਕਿ ਜਦ ਤਕ ਅਸੀਂ ਬੁਲਾਉਂਦੇ ਨਹੀਂ, ਵਾਪਸ ਨਹੀਂ ਆਉਣਾ।

(ਗੁਰੂ) ਅਰਜਨ ਦੇਵ ਲਾਹੌਰ ਚਲੇ ਗਏ, ਵਿਆਹ ਵਿਚ ਸ਼ਾਮਿਲ ਹੋਏ। ਵਿਆਹ ਦੀ ਸਮਾਪਤੀ ਤੋਂ ਬਾਅਦ ਉਹ ਚੂਨਾ ਮੰਡੀ ਆਪਣੇ ਪਿਤਾ ਦੇ ਜੱਦੀ ਘਰ ਵਿਚ ਆ ਗਏ।

ਗੁਰੂ ਰਾਮਦਾਸ ਜੀ ਜਦ ਲਾਹੌਰ ਗਏ ਸਨ ਤਾਂ ਉਹ ਇਸ ਨੂੰ ਧਰਮਸਾਲਾ ਬਣਾ ਆਏ ਸਨ। ਏਥੇ ਰੋਜ਼ ਗੁਰੂ ਅਰਜਨ ਦੇਵ ਆਪ ਕੀਰਤਨ ਅਤੇ ਕਥਾ ਕਰਦੇ। ਉਨ੍ਹਾਂ ਦੀ ਆਵਾਜ਼ ਬਹੁਤ ਸੁਰੀਲੀ ਸੀ ਅਤੇ ਉਹ ਸਾਰੇ ਸਾਜ਼ ਵਜਾ ਲੈਂਦੇ ਸਨ।

ਗੁਰੂ ਘਰ ਦੇ ਪਿਆਰਿਆ ਨੂੰ ਤਾਂ ਮੌਜ ਹੋ ਗਈ। ਇਨ ਬਦਿਨ ਸੰਗਤ ਦੀ ਗਿਣਤੀ ਵਧਣ ਲੱਗੀ। ਲਾਹੌਰ ਪੀਰਾਂ ਫ਼ਕੀਰਾਂ ਦਾ ਸ਼ਹਿਰ ਸੀ। ਦਿਨ ਦੇ ਸਮੇਂ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਉਘੇ ਪੀਰਾਂ ਫ਼ਕੀਰਾਂ ਨੂੰ ਮਿਲਣ ਤੁਰ ਪੈਂਦੇ।

ਉਨ੍ਹਾਂ ਸਮਿਆਂ ਵਿਚ ਸਾਈਂ ਮੀਆਂ ਮੀਰ ਬਹੁਤ ਪੂਜਨੀਕ ਸੰਤ ਮੰਨੇ ਜਾਂਦੇ ਸਨ। ਵੱਡੇ ਵੱਡੇ ਹਾਕਮਾਂ ਤੋਂ ਲੈ ਕੇ ਬਾਦਸ਼ਾਹ ਤਕ ਉਨ੍ਹਾਂ ਨੂੰ ਸਿਜਦਾ ਕਰਨ ਆਉਂਦੇ ਸਨ।

ਗੁਰੂ ਜੀ ਸਾਈਂ ਮੀਆਂ ਮੀਰ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਡੇਰੇ ਪਹੁੰਚ ਗਏ। ਸਾਈਂ ਜੀ ਦਾ ਵੀ ਗੁਰੂ ਨਾਨਕ ਦੇ ਪੈਰੋਕਾਰਾਂ ਨਾਲ ਬਹੁਤ ਪਿਆਰ ਸੀ।

ਜਦ ਉਨ੍ਹਾਂ ਨੂੰ ਪਤਾ ਲੱਗਾ (ਗੁਰੂ) ਅਰਜਨ ਦੇਵ, ਅਮ੍ਰਿਤਸਰ ਸ਼ਹਿਰ ਵਸਾਉਣ ਵਾਲੇ ਗੁਰੂ ਰਾਮਦਾਸ ਦੇ ਪੁੱਤਰ ਹਨ, ਤਾਂ ਉਨ੍ਹਾਂ ਬੜੇ ਪਿਆਰ ਨਾਲ ਆਪਣੇ ਪਾਸ ਬਿਠਾਇਆ। (ਗੁਰੂ) ਅਰਜਨ ਦੇਵ ਜੀ ਦੇ ਵਿਚਾਰ ਸੁਣ ਕੇ ਉਹ ਏਨੇ ਪ੍ਰਭਾਵਿਤ ਹੋਏ ਕਿ ਸਦਾ ਲਈ ਉਹ ਉਨ੍ਹਾਂ ਦੇ ਹੀ ਹੋ ਗਏ।

(ਗੁਰੂ) ਅਰਜਨ ਦੇਵ ਜੀ ਹੁਣ ਅਕਸਰ ਉਨ੍ਹਾਂ ਪਾਸ ਜਾਣ ਲੱਗ ਪਏ। ਇਸ ਤੋਂ ਉਪਰੰਤ ਉਹ ਸ਼ਾਹ ਬਿਲਾਵਲ, ਸ਼ਾਹ ਹੂਸੈਨ, ਛਜੂ ਭਗਤ, ਕਾਹਨਾ ਭਗਤ ਅਤੇ ਪੀਲੂ ਭਗਤ ਨੂੰ ਵੀ ਮਿਲੇ।

ਇਸ ਤਰ੍ਹਾਂ ਲਾਹੌਰ ਰਹਿੰਦਿਆਂ (ਗੁਰੂ) ਅਰਜਨ ਦੇਵ ਜੀ ਦਾ ਦੋ ਸਾਲ ਤੋਂ ਵੀ ਵੱਧ ਸਮਾਂ ਬੀਤ ਗਿਆ, ਪਰ ਉਨ੍ਹਾਂ ਨੂੰ ਗੁਰੂ ਜੀ ਨੇ ਵਾਪਿਸ ਨਾ ਬੁਲਾਇਆ।

ਅੰਤ ਉਨ੍ਹਾਂ ਨੇ ਇਕ ਚਿੱਠੀ ਲਿਖੀ ਅਤੇ ਆਪਣੇ ਇਕ ਸਿੱਖ ਦੇ ਹੱਥ ਅੰਮ੍ਰਿਤਸਰ ਭੇਜੀ। ਪਰ ਪ੍ਰਿਥੀ ਚੰਦ ਨੇ ਉਸ ਨੂੰ ਗੁਰੂ ਜੀ ਤਕ ਜਾਣ ਹੀ ਨਾ ਦਿੱਤਾ।

ਫਿਰ ਕੁਝ ਸਮੇਂ ਬਾਅਦ ਉਨ੍ਹਾਂ ਦੂਜੀ ਚਿੱਠੀ ਲਿਖੀ। ਉਸ ਨੂੰ ਵੀ ਪ੍ਰਿਥੀ ਚੰਦ ਨੇ ਸੰਭਾਲ ਲਿਆ। ਇਸ ਤੋਂ ਬਾਅਦ ਉਨ੍ਹਾਂ ਤੀਜੀ ਚਿੱਠੀ ਲਿਖ ਕੇ ਆਪਣੇ ਸਿੱਖ ਨੂੰ ਕਿਹਾ ਕਿ ਉਹ ਚਿੱਠੀ ਗੁਰੂ ਜੀ ਨੂੰ ਆਪਣੇ ਹੱਥੀਂ ਦੇਣ।

ਜਦ ਗੁਰੂ ਜੀ ਨੇ ਉਹ ਚਿੱਠੀ ਪੜ੍ਹੀ ਅਤੇ ਉਸ ਉਤੇ ਤਿੰਨ ਦਾ ਅੱਖਰ ਅੰਕਤ ਵੇਖਿਆ ਤੀ ਉਨ੍ਹਾਂ ਸਿੱਖ ਨੂੰ ਪੁਛਿਆ ਕਿ ਬਾਕੀ ਦੀਆਂ ਦੋ ਚਿੱਠੀਆਂ ਕਿਥੇ ਗਈਆਂ। ਸਿੱਖ ਨੇ ਦਸਿਆ ਕਿ ਪਹਿਲੀਆਂ ਚਿੱਠੀਆਂ ਪ੍ਰਿਥੀ ਚੰਦ ਨੂੰ ਦਿਤਿਆਂ ਸਨ।

ਜਦ ਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਪੁਛਿਆ ਤਾਂ ਉਹ ਸਾਫ਼ ਮੁਕਰ ਗਿਆ। ਆਖ਼ਿਰ ਗੁਰੂ ਜੀ ਨੇ ਇਕ ਸਿੱਖ ਨੂੰ ਭੇਜ ਕੇ ਉਸਦੇ ਘਰ ਦੀ ਤਲਾਸ਼ੀ ਲਈ ਤਾਂ ਚਿੱਠੀਆਂ ਪ੍ਰਾਪਤ ਹੋ ਗਈਆਂ।

(ਗੁਰੂ) ਅਰਜਨ ਦੇਵ ਪ੍ਰੀਖਿਆ ਵਿਚ ਸਫਲ ਹੋ ਗਏ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਗੁਰ ਗੱਦੀ ਉਤੇ ਬਿਠਾ ਦਿੱੱਤਾ।

Disclaimer Privacy Policy Contact us About us