ਸੱਤਾ ਤੇ ਬਲਵੰਡ


ਗੁਰੂ ਰਾਮਦਾਸ ਜੀ ਨੇ ਗੁਰ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਸੰਗਤ ਨੂੰ ਇਹ ਦ੍ਰਿੜ੍ਹ ਕਰਵਾਇਆ ਕਿ ਗੁਰੂ ਅਰਜਨ ਦੇਵ ਜੀ ਉਨ੍ਹਾਂ ਦਾ ਹੀ ਰੂਪ ਹਨ। ਕੇਵਲ ਇਨ੍ਹਾਂ ਨੂੰ ਗੁਰੂ ਮੰਨਣਾ ਹੈ ਅਤੇ ਹੋਰ ਕਿਸੇ ਦੇ ਮਗਰ ਨਹੀਂ ਲੱਗਣਾ ਹੈ।

ਅਗਲੇ ਦਿਨ ਗੁਰੂ ਰਾਮਦਾਸ ਜੀ ਗੋਇੰਦਵਾਲ ਚਲੇ ਗਏ। ਉਨ੍ਹਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਅਤੇ ਹੋਰ ਸਿੱਖ ਵੀ ਸਨ। ਇਕ ਰਾਤ ਉਥੇ ਠਹਿਰੇ ਅਤੇ ਅਗਲੇ ਦਿਨ ਪ੍ਰਭੂ ਦੀ ਜੋਤ ਵਿਚ ਵਿਲੀਨ ਹੋ ਗਏ। ਆਖ਼ਰੀ ਰਸਮਾਂ ਪੂਰੀਆਂ ਕਰਕੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆ ਗਏ।

ਇਥੇ ਫਿਰ ਗੁਰੂ ਰਾਮਦਾਸ ਵਾਲੀ ਮਰਯਾਦਾ ਚਲ ਪਈ। ਰੋਜ਼ ਸਵੇਰੇ ਬਾਣੀ ਦਾ ਕੀਰਤਨ ਹੁੰਦਾ ਅਤੇ ਗੁਰੂ ਅਰਜਨ ਦੇਵ ਜੀ ਕਥਾ ਕਰਦੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ।

ਉਸ ਸਮੇਂ ਸੱਤਾ ਅਤੇ ਉਸਦਾ ਪੁੱਤਰ ਬਲਵੰਡ ਦਰਬਾਰ ਵਿਚ ਕੀਰਤਨ ਕਰਿਆ ਕਰਦੇ ਸਨ। ਉਨ੍ਹਾਂ ਦਾ ਮਨੋਹਰ ਕੀਰਤਨ ਸੁਣ ਕੇ ਗੁਰੂ ਜੀ ਅਤੇ ਸੰਗਤਾਂ ਬਹੁਤ ਪ੍ਰਸੰਨ ਹੁੰਦੀਆਂ ।

ਇਕ ਦਿਨ ਸੱਤੇ ਨੂੰ ਗੁਰੂ ਜੀ ਨੂੰ ਕਿਹਾ, 'ਮਹਾਰਾਜ ਮੇਰੀ ਲੜਕੀ ਦਾ ਵਿਆਹ ਹੈ, ਸਾਡੀ ਕੁਝ ਸਹਾਇਤਾ ਕਰੋ'। ਗੁਰੂ ਜੀ ਨੇ ਕਿਹਾ, 'ਫਿਕਰ ਨਾ ਕਰੋ ਅੱਜ ਦੇ ਦਿਨ ਜੋ ਵੀ ਚੜ੍ਹਾਵਾ ਆਵੇਗਾ ਉਹ ਸਾਰਾ ਤੁਹਾਨੂੰ ਦੇ ਦਿੱਤਾ ਜਾਵੇਗਾ'।

ਸ਼ਾਮ ਦੇ ਕੀਰਤਨ ਦੀ ਸਮਾਪਤੀ ਪਿਛੋਂ ਜਿੰਨਾ ਵੀ ਚੜ੍ਹਾਵਾ ਆਇਆ, ਸਾਰਾ ਉਨ੍ਹਾਂ ਦੀ ਝੋਲੀ ਵਿਚ ਪਾ ਦਿੱਤਾ। ਪਰ ਜਦ ਉਨ੍ਹਾਂ ਮਾਇਆ ਦੀ ਗਿਣਤੀ ਕੀਤੀ ਤਾਂ ਰਕਮ ਬਹੁਤ ਥੋੜ੍ਹੀ ਬਣੀ। ਉਸ ਦਿਨ ਚੜ੍ਹਾਵਾ ਹੀ ਬਹੁਤ ਘੱਟ ਚੜ੍ਹਿਆ ਸੀ। ਉਹ ਥੋੜੀ ਰਕਮ ਵੇਖ ਕੇ ਬਹੁਤ ਦੁੱਖੀ ਹੋਏ।

ਜਦ ਪ੍ਰਿਥੀ ਚੰਦ ਨੂੰ ਪਤਾ ਲੱਗਾ ਤਾਂ ਉਸ ਅਜਿਹੇ ਮੌਕੇ ਦਾ ਫ਼ਾਇਦਾ ਲੈਣਾ ਚਾਹਿਆ। ਉਹ ਉਸੇ ਸਮੇਂ ਸੱਤੇ ਅਤੇ ਬਲਵੰਡ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਕਿਹਾ, 'ਅੱਜ ਤਾਂ ਗੁਰੂ ਨੇ ਸੰਗਤਾਂ ਨੂੰ ਚੜ੍ਹਾਵਾ ਦੇਣੋਂ ਹੀ ਰੋਕ ਦਿੱਤਾ ਸੀ ਕਿਉਂਕਿ ਇਹ ਚੜ੍ਹਾਵਾ ਤੁਹਾਨੂੰ ਦਿੱਤਾ ਜਾਣਾ ਸੀ। ਇਹ ਚੜ੍ਹਾਵਾ ਕੇਵਲ ਤੁਹਾਡੇ ਕੀਰਤਨ ਕਰਕੇ ਆਉਂਦਾ ਹੈ। ਜੇ ਤੁਸੀਂ ਕੀਰਤਨ ਕਰਨਾ ਛੱਡ ਦੇਵੋਗੇ ਤਾਂ ਗੁਰੂ ਪਾਸ ਇਕ ਡੰਗ ਦੇ ਪ੍ਰਸ਼ਾਦੇ ਵੀ ਨਹੀਂ ਰਹਿਣਗੇ'।

ਸੱਤਾ ਅਤੇ ਬਲਵੰਡ ਪ੍ਰਿਥੀ ਚੰਦ ਦੀ ਚੁਕਣਾ ਵਿਚ ਆ ਗਏ। ਉਹ ਗੁਰੂ ਜੀ ਪਾਸ ਗਏ ਅਤੇ ਗੁਰੂ ਘਰ ਵਿਰੁੱਧ ਉੱਚਾ ਨੀਵਾਂ ਬੋਲਣ ਲੱਗ ਪਏ। ਉਹ ਏਥੋਂ ਤਕ ਕਹਿ ਗਏ ਕਿ ਸਾਡੇ ਕੀਰਤਨ ਕਰਕੇ ਏਥੇ ਸੰਗਤਾਂ ਆਉਂਦਿਆਂ ਹਨ, ਜੇ ਅਸੀਂ ਨਾ ਆਈਏ ਤਾਂ ਤੁਹਾਨੂੰ ਕੋਈ ਗੁਰੂ ਨਾ ਆਖੇ।

ਗੁਰੂ ਜੀ ਨੇ ਉਨ੍ਹਾਂ ਨੂੰ ਬੜੀ ਨਿਮਰਤਾ ਨਾਲ ਸਮਝਾਇਆ, ਪਰ ਉਹ ਹੋਰ ਉੱਚੀ ਉੱਚੀ ਬੋਲਣ ਲੱਗ ਪਏ। ਜਦ ਉਹ ਚੁੱਪ ਨਾ ਕੀਤੇ ਤਾਂ ਗੁਰੂ ਜੀ ਨੇ ਸੰਗਤ ਨੂੰ ਕਿਹਾ, 'ਇਨ੍ਹਾਂ ਨੇ ਗੁਰੂ ਨਾਨਕ ਘਰ ਦੀ ਨਿੰਦਿਆ ਕੀਤੀ ਹੈ, ਇਸ ਲਈ ਇਨ੍ਹਾਂ ਨੂੰ ਕੋਈ ਮੱਥੇ ਨਾ ਲਾਏ'।

ਗੁਰੂ ਜੀ ਆਪ ਸਾਜ਼ ਵਜਾਉਣਾ ਅਤੇ ਕੀਰਤਨ ਕਰਨਾ ਜਾਣਦੇ ਸਨ। ਇਸ ਲਈ ਉਨ੍ਹਾਂ ਆਪ ਸਾਜ਼ ਚੁੱਕੇ ਅਤੇ ਕੀਰਤਨ ਕਰਨ ਲੱਗ ਗਏ।

ਜਦ ਸੰਗਤਾਂ ਨੇ ਉਨ੍ਹਾਂ ਦਾ ਕੀਰਤਨ ਸੁਣਿਆਂ ਤਾਂ ਅਨੰਦਮਈ ਵਿਸਮਾਦ ਵਿਚ ਪਹੁੰਚ ਗਈਆਂ। ਅਜਿਹਾ ਕੀਰਤਨ ਉਨ੍ਹਾਂ ਕਦੇ ਸੁਣਿਆਂ ਹੀ ਨਹੀਂ ਸੀ।

ਜਦ ਸੱਤੇ ਅਤੇ ਬਲਵੰਡ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਆਪ ਕੀਰਤਨ ਕਰਨ ਲੱਗ ਗਏ ਹਨ ਅਤੇ ਸੰਗਤਾਂ ਅੱਗੇ ਨਾਲੋਂ ਕਿਤੇ ਵੱਧ ਆਉਣ ਲੱਗ ਪਈਆਂ ਹਨ, ਤਾਂ ਉਹ ਬਹੁਤ ਪਛਤਾਏ।

ਅਖ਼ੀਰ ਉਨ੍ਹਾਂ ਨੂੰ ਕਿਸੇ ਦਸਿਆ ਕਿ ਭਾਈ ਲੱਧੇ ਪਰਉਪਕਾਰੀ ਪਾਸ ਲਾਹੌਰ ਜਾਵੋ, ਉਹ ਹੀ ਤੁਹਾਡੀ ਕੁਝ ਸਹਾਇਤਾ ਕਰ ਸਕਦਾ ਹੈ।

ਭਾਈ ਲੱਧੇ ਨੇ ਉਨ੍ਹਾਂ ਦੀ ਵਾਰਤਾ ਸੁਣਕੇ ਕਿਹਾ, 'ਤੁਸੀਂ ਬਹੁਤ ਮਾੜਾ ਕੰਮ ਕੀਤਾ ਹੈ, ਤੁਸੀਂ ਗੁਰੂ ਘਰ ਦੀ ਨਿੰਦਿਆ ਕੀਤੀ ਹੈ। ਮੈਂ ਤੁਹਾਡੀ ਗੱਲ ਤਾਂ ਮੰਨ ਸਕਦਾ ਹਾਂ ਪਰ ਗੁਰੂ ਜੀ ਨੇ ਸ਼ਰਤ ਵੀ ਬੜੀ ਵੱਡੀ ਰੱਖੀ ਹੈ ਕਿ ਜਿਹੜਾ ਇਨ੍ਹਾਂ ਦੀ ਸਿਫ਼ਾਰਿਸ਼ ਲੈ ਕੇ ਆਵੇਗਾ ਉਸ ਦਾ ਮੂੰਹ ਕਾਲਾ ਕਰਕੇ ਖੋਤੇ ਉਤੇ ਚੜ੍ਹਾਇਆ ਜਾਵੇਗਾ'।

ਫਿਰ ਉਹ ਬਾਰ ਬਾਰ ਕਹਿਣ ਲੱਗੇ ਕਿ ਤੁਹਾਡਾ ਕਿਹਾ ਉਹ ਨਹੀਂ ਮੋੜ ਸਕਦੇ। ਅੰਤ ਭਾਈ ਲੱਧੇ ਨੇ ਆਪਣਾ ਮੂੰਹ ਕਾਲਾ ਕੀਤਾ ਅਤੇ ਇਕ ਖੋਤੇ ਉਤੇ ਚੜ੍ਹ ਕੇ ਉਨ੍ਹਾਂ ਦੇ ਅੱਗੇ ਚਲ ਪਿਆ।

ਅੰਮ੍ਰਿਤਸਰ ਆ ਕੇ ਖੋਤੇ ਉੱਤੇ ਚੜ੍ਹਿਆ ਹੀ ਉਹ ਗੁਰੂ ਕੇ ਮਹਿਲ ਆ ਗਿਆ। ਗੁਰੂ ਜੀ ਕਹਿਣ ਲੱਗੇ, 'ਭਾਈ ਲੱਧਿਆ ਤੂੰ ਤਾਂ ਇਨ੍ਹਾਂ ਦੀ ਸਿਫਾਰਿਸ਼ ਪਾਉਣ ਆ ਗਿਆ ਹੈਂ, ਪਰ ਤੈਨੂੰ ਪਤਾ ਹੈ ਇਨ੍ਹਾਂ ਗੁਰੂ ਘਰ ਦੀ ਬੜੀ ਨਿੰਦਿਆ ਕੀਤੀ ਹੈ। ਜੇ ਹੁਣ ਇਹ ਆਪਣੇ ਆਪ ਨੂੰ ਬਖ਼ਸ਼ਾਉਣਾ ਚਾਹੁੰਦੇ ਹਨ ਤਾਂ ਜਿਸ ਜ਼ਬਾਨ ਨਾਲ ਇਨ੍ਹਾਂ ਨਾਨਕ ਘਰ ਦੀ ਨਿੰਦਿਆ ਕੀਤੀ ਹੈ, ਉਸੇ ਜ਼ਬਾਨ ਨਾਲ ਉਸ ਘਰ ਦੀ ਸਿਫ਼ਤ ਕਰਨ, ਫਿਰ ਇਨ੍ਹਾਂ ਦੀ ਬੀਮਾਰੀ ਵੀ ਠੀਕ ਹੋ ਜਾਵੇਗੀ'।

ਉਹ ਦੋਵੇਂ ਮੰਨ ਗਏ ਅਤੇ ਗੁਰੂ ਘਰ ਦੀ ਉਸਤਤ ਵਿਚ ਉਨ੍ਹਾਂ 'ਸੱਤੇ ਤੇ ਬਲਵੰਡ ਦੀ ਵਾਰ' ਲਿਖੀ, ਜਿਹੜੀ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ ਪੰਨਾ ੯੬੬ ਤੋਂ ੯੬੮ ਉਤੇ ਦਰਜ ਹੈ।

Disclaimer Privacy Policy Contact us About us