ਭਾਈ ਮੰਝ


ਭਾਈ ਮੰਝ ਪਿੰਡ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਕ ਅਮੀਰ ਜ਼ਿਮੀਂਦਾਰ ਸੀ। ਉਹ ਸਖੀ ਸਰਵਰ ਦਾ ਸੇਵਕ ਸੀ ਅਤੇ ਸਖੀ ਸਰਵਰੀ ਦੇ ਪ੍ਰਚਾਰ ਨੂੰ ਵਧਾਉਣ ਵਾਸਤੇ ਉਸ ਕਈ ਪੀਰ ਖਾਨੇ ਬਣਾਏ ਹੋਏ ਸਨ।

ਇਕ ਵਾਰ ਭਾਈ ਮੰਝ ਆਪਣੇ ਸਾਥੀਆਂ ਦਾ ਇਕ ਜੱਥਾ ਲੈ ਕੇ ਨਿਗਾਹੇ ਪੀਰ ਦੀ ਯਾਤਰਾ ਉਤੇ ਗਿਆ। ਜਦ ਉਹ ਵਾਪਿਸ ਆ ਰਿਹਾ ਸੀ ਤਾਂ ਉਸ ਦਾ ਕਿਸੇ ਸਿੱਖ ਨਾਲ ਮੇਲ ਹੋਇਆ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣਨ ਦਾ ਅਵਸਰ ਪ੍ਰਾਪਤ ਹੋਇਆ।

ਗੁਰਬਾਣੀ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਆਪਣੀ ਖ਼ਾਹਿਸ਼ ਜ਼ਾਹਰ ਕੀਤੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਉਤੇ ਬਿਰਾਜਮਾਨ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ।

ਉਸ ਨੂੰ ਦਸਿਆ ਗਿਆ ਕਿ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ ਦੇ ਰੂਪ ਵਿਚ ਆਤਮਕ ਗਿਆਨ ਪ੍ਰਦਾਨ ਕਰ ਰਹੇ ਹਨ।

ਅੰਮ੍ਰਿਤਸਰ ਆ ਕੇ ਉਸ ਵੇਖਿਆ ਕਿ ਗੁਰੂ ਜੀ ਦੇ ਸਿੱਖ ਬੜੀ ਨਿਮਰਤਾ, ਸ਼ਰਧਾ ਅਤੇ ਪਿਆਰ ਨਾਲ ਸੇਵਾ ਵਿਚ ਲੱਗੇ ਹੋਏ ਸਨ। ਉਸਾਰੀ ਦੇ ਕੰਮ ਵੀ ਚੱਲ ਰਹੇ ਸਨ।

ਸਰੋਵਰ ਨੂੰ ਵੇਖ ਕੇ ਉਹ ਬਹੁਤ ਖ਼ੁਸ਼ ਹੋਇਆ ਅਤੇ ਜਦ ਅੰਮ੍ਰਿਤ ਦੇ ਸਰੋਵਰ ਦੀ ਮਹਿਮਾ ਸੁਣੀ ਤਾਂ ਉਸ ਨੇ ਬੜੀ ਸ਼ਰਧਾ ਨਾਲ ਇਸ਼ਨਾਨ ਕੀਤਾ। ਫਿਰ ਉਹ ਗੁਰੂ ਦਰਬਾਰ ਪੁਜਾ ਅਤੇ ਇਲਾਹੀ ਕੀਰਤਨ ਸੁਣਿਆ।

ਕੀਰਤਨ ਸੁਣ ਕੇ ਉਸ ਨੂੰ ਬਹੁਤ ਅਨੰਦ ਆਇਆ ਅਤੇ ਉਸ ਨੇ ਨਿਰਣਾ ਕੀਤਾ ਕਿ ਉਹ ਵੀ ਗੁਰੂ ਜੀ ਦਾ ਸਿੱਖ ਬਣੇਗਾ। ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਅਤੇ ਬੇਨਤੀ ਕੀਤੀ, 'ਮਹਾਰਾਜ! ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ ਮੇਰੇ ਉਤੇ ਕਿਰਪਾ ਕਰੋ'।

ਗੁਰੂ ਜੀ ਨੇ ਫ਼ਰਮਾਇਆ, 'ਤੂੰ ਸਖੀ ਸਰਵਰ ਦਾ ਸੇਵਕ ਏਂ ਪਰ ਸਿੱਖ ਹੋਣਾ ਆਸਾਨ ਨਹੀਂ। ਸਿੱਖੀ ਵਾਲ ਨਾਲੋਂ ਵੀ ਬਾਰੀਕ ਅਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ। ਸਖੀ ਸਰਵਰੀ ਦਾ ਪੰਥ ਸੌਖਾ ਹੈ। ਸਿੱਖ ਬਣਨ ਲਈ ਕਰੋਧ, ਲੋਭ, ਮੋਹ ਅਤੇ ਅਹੰਕਾਰ ਛੱਡਣਾ ਪੈਂਦਾ ਹੈ'।

ਭਾਈ ਮੰਝ ਨੇ ਫਿਰ ਸਨਿਮਰ ਬੇਨਤੀ ਕੀਤੀ, 'ਮਹਾਰਾਜ! ਮੈਂ ਸਭ ਕੁਝ ਛੱਡਣ ਨੂੰ ਤਿਆਰ ਹਾਂ'। ਪਰ ਗੁਰੂ ਜੀ ਨੇ ਫੁਰਮਾਇਆ, 'ਤੂੰ ਸਭ ਕੁਝ ਕਰ ਸਕਦਾ ਹੈਂ ਪਰ ਸਿੱਖੀ ਉਤੇ ਸਿੱਖੀ ਨਹੀਂ ਟਿਕ ਸਕਦੀ'। ਆਖ਼ਰੀ ਸ਼ਬਦ ਭਾਈ ਮੰਝ ਨੂੰ ਵਿੰਨ੍ਹ ਕੇ ਲੈ ਗਏ। ਉਸ ਨੂੰ ਅਸਲ ਗੱਲ ਦੀ ਸੋਝ ਆ ਗਈ। ਉਹ ਆਪਣੇ ਪਿੰਡ ਪਰਤ ਗਿਆ।

ਉਸ ਆਪਣੇ ਘਰ ਵਿਚ ਬਣਿਆ ਪੀਰਖਾਨਾ ਢਾਹ ਦਿੱਤਾ। ਸਾਰਾ ਪਿੰਡ ਉਸਦੇ ਖ਼ਿਲਾਫ਼ ਹੋ ਗਿਆ। ਚੌਧਰਪੁਣਾ ਉਸ ਤੋਂ ਖੋਹ ਲਿਆ ਗਿਆ। ਅੰਤ ਉਹ ਅੰਮ੍ਰਿਤਸਰ ਆ ਗਿਆ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਪਰ ਮੂੰਹੋਂ ਕੁਝ ਨਾ ਬੋਲਿਆ। ਬਾਕੀ ਸਿੱਖਾਂ ਵਾਂਗ ਉਹ ਵੀ ਸੇਵਾ ਵਿਚ ਜੁੱਟ ਗਿਆ।

ਉਹ ਜੰਗਲ ਵਿਚ ਜਾਂਦਾ ਅਤੇ ਲੱਕੜੀਆਂ ਕੱਟ ਕੇ ਲਿਆਉਂਦਾ। ਸਾਰਾ ਦਿਨ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਵਿਚ ਲੱਗਾ ਰਹਿੰਦਾ। ਇਕ ਵਾਰ ਜਦ ਉਹ ਲੱਕੜਾਂ ਦੀ ਪੰਡ ਚੁੱਕ ਕੇ ਅੰਮ੍ਰਿਤਸਰ ਨੂੰ ਆ ਰਿਹਾ ਸੀ ਤਾਂ ਬੜੇ ਜ਼ੋਰ ਦੀ ਹਨੇਰੀ ਆਈ ਅਤੇ ਚਾਰ ਚੁਫੇਰੇ ਹਨ੍ਹੇਰਾ ਛਾ ਗਿਆ।

ਉਸ ਹਨੇਰੇ ਵਿਚ ਉਹ ਇਕ ਖੂਹ ਵਿਚ ਡਿੱਗ ਗਿਆ। ਪਰ ਉਸ ਲੱਕੜਾਂ ਨੂੰ ਭਿੱਜਣ ਨਾ ਦਿੱਤਾ, ਆਪਣੇ ਸਿਰ ਉਤੇ ਹੀ ਟਿਕਾਈ ਰੱਖੀਆਂ ਅਤੇ ਆਪ ਪਾਠ ਕਰਨ ਲੱਗ ਗਿਆ।

ਜਦ ਉਹ ਰਾਤ ਡੇਰੇ ਨਾ ਪੁੱਜਾ ਤਾਂ ਦੂਜੇ ਸਿੱਖਾਂ ਨੂੰ ਫ਼ਿਕਰ ਪੈ ਗਿਆ ਅਤੇ ਉਸ ਨੂੰ ਲੱਭਣ ਲਈ ਨਿਕਲ ਤੁਰੇ। ਇਕ ਖੂਹ ਵਿਚੋਂ ਉਨ੍ਹਾਂ ਨੂੰ ਗੁਰਬਾਣੀ ਪੜ੍ਹਨ ਦੀ ਆਵਾਜ਼ ਆਈ।

ਜਦ ਉਨ੍ਹਾਂ ਵੇਖਿਆ ਤਾਂ ਭਾਈ ਮੰਝ ਲੱਕੜਾਂ ਦੀ ਪੰਡ ਸਿਰ ਉਤੇ ਟਿਕਾਈ ਖੂਹ ਵਿਚ ਖਲੋਤਾ ਪਾਠ ਕਰ ਰਿਹਾ ਸੀ। ਉਹ ਉਸੇ ਵੇਲੇ ਗੁਰੂ ਦੇ ਡੇਰੇ ਵੱਲ ਭੱਜੇ ਅਤੇ ਰੱਸੇ ਲੈ ਕੇ ਆ ਗਏ।

ਰੱਸਾ ਲਮਕਾ ਕੇ ਉਨ੍ਹਾਂ ਭਾਈ ਮੰਝ ਨੂੰ ਕਿਹਾ, 'ਕਿ ਰੱਸਾ ਫੜ ਕੇ ਬਾਹਰ ਆ ਜਾੳ'। ਪਰ ਭਾਈ ਮੰਝ ਨੇ ਕਿਹਾ, 'ਪਹਿਲਾਂ ਇਹ ਸੁੱਕੀਆਂ ਲੱਕੜਾਂ ਬਾਹਰ ਕਢੋ, ਫਿਰ ਮੈਂ ਵੀ ਨਿਕਲ ਆਵਾਂਗਾ'।

ਜਦ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਖੂਹ ਉਤੇ ਪਹੁੰਚ ਗਏ। ਗੁਰੂ ਜੀ ਨੂੰ ਖੂਹ ਉਤੇ ਵੇਖ ਕੇ ਭਾਈ ਮੰਝ ਗੁਰੂ ਜੀ ਦੇ ਚਰਨਾਂ ਵਿਚ ਢਹਿ ਪਿਆ। ਗੁਰੂ ਜੀ ਨੇ ਕਿਹਾ, 'ਭਾਈ ਮੰਝ ਤੇਰੀ ਕਮਾਈ ਹੁਣ ਸਫਲ ਹੋਈ ਹੈ, ਕੁਝ ਮੰਗੋ'।

ਭਾਈ ਮੰਝ ਨੇ ਕਿਹਾ, 'ਗੁਰੂ ਜੀ! ਮੈਨੂੰ ਬਖ਼ਸ਼ੋ ਕਿ ਮੈਂ ਨਾਮ ਦਾ ਸਿਮਰਨ ਕਦੇ ਨਾ ਭੁੱਲਾਂ ਅਤੇ ਸਿਦਕ ਦਾਨ ਨਾਲ ਮੇਰੀ ਝੋਲੀ ਭਰ ਦਿੳ'।

ਗੁਰੂ ਜੀ ਭਾਈ ਮੰਝ ਦੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਫ਼ੁਰਮਾਇਆ:-

ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ।
ਮੰਝ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ।

ਭਾਈ ਮੰਝ ਦੀ ਘਾਲਣਾ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਪਿੰਡ ਪ੍ਰਚਾਰਕ ਬਣਾ ਕੇ ਭੇਜ ਦਿੱਤਾ।

Disclaimer Privacy Policy Contact us About us