ਭਾਈ ਬੁੱਧੂ ਸ਼ਾਹ


ਭਾਈ ਬੁੱਧੂ ਸ਼ਾਹ ਲਾਹੌਰ ਦਾ ਇਕ ਸਰਕਾਰੀ ਠੇਕੇਦਾਰ ਸੀ। ਉਸਦਾ ਅਸਲੀ ਨਾਂ ਸਾਧੂ ਸੀ। ਉਹ ਮਜ਼ਦੂਰਾਂ ਪਾਸੋਂ ਇੱਟਾਂ ਪਬਵਾ ਕੇ, ਫਿਰ ਆਵਿਆਂ ਵਿਚ ਪਕਾ ਕੇ ਸਰਕਾਰ ਨੂੰ ਵੇਚਿਆ ਕਰਦਾ ਸੀ।

ਉਹ ਗੁਰੂ ਜੀ ਦਾ ਵੀ ਬੜਾ ਪ੍ਰੇਮੀ ਸੀ। ਜਦ ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਠਹਿਰੇ ਸਨ ਤਾਂ ਉਹ ਉਨ੍ਹਾਂ ਦਾ ਬੜਾ ਸ਼ਰਧਾਲੂ ਬਣ ਗਿਆ ਸੀ।

ਇਕ ਵਾਰ ਇੱਟਾਂ ਪਬਵਾ ਕੇ ਜਦ ਉਸ ਆਵਿਆਂ ਵਿਚ ਪਾਈਆਂ ਤਾਂ ਉਨ੍ਹਾਂ ਇੱਟਾਂ ਦੇ ਚੰਗੀ ਤਰ੍ਹਾਂ ਪੱਕੀਆਂ ਨਿਕਲਣ ਲਈ ਉਸ ਗੁਰੂ ਸਾਹਿਬ ਨੂੰ ਅਰਦਾਸ ਕਰਨ ਦੀ ਬੇਨਤੀ ਕੀਤੀ।

ਉਸ ਆਪਣੀ ਹਵੇਲੀ ਵਿਚ ਲੰਗਰ ਲਾਇਆ ਅਤੇ ਗੁਰੂ ਅਤੇ ਹੋਰ ਸੰਗਤ ਨੂੰ ਬੁਲਾਇਆ। ਜਦ ਸੰਗਤ ਲੰਗਰ ਛਕ ਰਹੀ ਸੀ ਤਾਂ ਉਥੇ ਲਖੂ ਪਟੋਲੀਆ ਜਿਹੜਾ ਬਾਅਦ ਵਿਚ ਭਾਈ ਕਮਲੀਆ ਕਰਕੇ ਪ੍ਰਸਿਧ ਹੋਇਆ, ਲੰਗਰ ਛਕਣ ਵਾਸਤੇ ਗਿਆ।

ਪਰ ਉਸ ਦੇ ਪਾਟੇ ਕਪੜੇ ਵੇਖ ਨੌਕਰਾਂ ਨੇ ਉਸ ਨੂੰ ਅੰਦਰ ਪ੍ਰਵੇਸ਼ ਨਾ ਕਰਨ ਦਿੱਤਾ। ਉਹ ਬਹੁਤ ਰੌਲਾ ਪਾਉਂਦਾ ਰਿਹਾ ਪਰ ਉਸਦੀ ਕਿਸੇ ਨਾ ਸੁਣੀ।

ਲੰਗਰ ਛਕ ਕੇ ਜਦ ਇਕ ਸਿੱਖ ਨੂੰ ਅਰਦਾਸ ਕਰਨ ਵਾਸਤੇ ਕਿਹਾ ਗਿਆ ਅਤੇ ਜਦ ਉਸ ਸਿੱਖ ਨੇ ਅਰਦਾਸ ਵਿੱਚ ਕਿਹਾ ਕਿ ਆਵਿਆਂ ਵਿਚ ਪਾਈਆਂ ਗਈਆਂ ਇੱਟਾਂ ਪੂਰੀ ਤਰ੍ਹਾਂ ਪੱਕ ਕੇ ਨਿਕਲਣ ਤਾਂ ਬਾਹਰੋਂ ਬਾਈ ਕਮਲੀਆ ਉੱਚੀ ਉੱਚੀ ਬੋਲਿਆ,

'ਇਹ ਕੱਚੀਆਂ ਰਹਿਣਗੀਆਂ, ਇਹ ਕੱਚੀਆਂ ਰਹਿਣਗੀਆਂ। ਮੈਨੂੰ ਭੁੱਖਾ ਰੱਖਿਆ ਗਿਆ ਹੈ। ਇਸਦੇ ਨੌਕਰਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਕਹਿੰਦੇ ਹਨ ਲੰਗਰ ਖ਼ਤਮ ਹੋ ਗਿਆ ਹੈ। ਇਸ ਗਰੀਬ ਦੀ ਹਾਅ ਜ਼ਰੂਰ ਲਗੇਗੀ ਅਤੇ ਇੱਟਾਂ ਕੱਚੀਆਂ ਰਹਿਣਗੀਆਂ'।

ਅਰਦਾਸ ਦੀ ਸਮਾਪਤੀ ਦੇ ਬਾਅਦ ਜਦ ਭਾਈ ਬੁੱਧੂ ਸ਼ਾਹ ਨੇ ਭਾਈ ਕਮਲੀਏ ਦੇ ਇਨ੍ਹਾਂ ਦੁਰਬਚਨਾਂ ਬਾਰੇ ਗੁਰੂ ਜੀ ਨੂੰ ਦਸਿਆ ਤਾਂ ਗੁਰੂ ਜੀ ਬੋਲੇ, 'ਇਟਾਂ ਹੁਣ ਕੱਚੀਆਂ ਹੀ ਰਹਿਣਗੀਆਂ। ਕਿਉਂਕਿ ਇਕ ਗਰੀਬ ਦੀ ਕਹੀ ਗੱਲ ਅਜਾਈਂ ਨਹੀਂ ਜਾਂਦੀ।

ਤੇਰੇ ਮੁਲਾਜ਼ਮਾਂ ਨੇ ਉਸਦੇ ਪਾਟੇ ਕਪੜੇ ਵੇਖ ਕੇ ਉਸ ਨੂੰ ਅੰਦਰ ਨਹੀਂ ਲੰਘਣ ਦਿੱਤਾ, ਪਰ ਉਹ ਸੱਚੇ ਦਿਲੋਂ ਇਕ ਭਗਤ ਹੈ ਅਤੇ ਬੇਪ੍ਰਵਾਹ ਹੈ'।

ਭਾਈ ਬੁੱਧੂ ਸ਼ਾਹ ਬੜ੍ਹੀ ਚਿੰਤਾ ਵਿਚ ਡੁੱਬ ਗਿਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਸਾਡੀ ਅਰਦਾਸ ਦਾ ਕੋਈ ਲਾਭ ਨਹੀਂ ਹੋਵੇਗਾ?

ਗੁਰੂ ਜੀ ਨੇ ਕਿਹਾ, 'ਸੱਚੇ ਦਿਲੋਂ ਕੀਤੀ ਅਰਦਾਸ ਕਦੇ ਅਕਾਰਥ ਨਹੀਂ ਜਾਂਦੀ, ਪਰ ਗਰੀਬ ਦੀ ਕਹੀ ਗੱਲ ਵੀ ਪੂਰੀ ਹੋਣੀ ਹੈ। ਤੁਹਾਡੀ ਅਰਦਾਸ ਦਾ ਇਹ ਫ਼ਾਇਦਾ ਹੋਵੇਗਾ ਕਿ ਤੇਰੇ ਭੱਠਿਆਂ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉਤੇ ਹੀ ਵਿੱਕ ਜਾਣਗੀਆਂ'।

ਗੁਰੂ ਜੀ ਦੇ ਕਹੇ ਬਚਨ ਵੀ ਪੂਰੇ ਹੋਏ। ਉਸ ਸਮੇਂ ਏਨੀ ਜ਼ਿਆਦਾ ਬਾਰਸ਼ ਹੋਈ ਕਿ ਲੋਕਾਂ ਦੇ ਸਭ ਮਕਾਨ ਢਹਿ ਗਏ। ਇਥੋਂ ਤਕ ਕਿ ਸਰਕਾਰੀ ਕਿਲ੍ਹੇ ਦੀ ਇਕ ਦੀਵਾਰ ਵੀ ਡਿੱਗ ਪਈ। ਸੂਬੇਦਾਰ ਨੇ ਪੱਕੀਆਂ ਇੱਟਾਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੂੰ ਕਿਸੇ ਥਾਂ ਤੋਂ ਵੀ ਨਾ ਮਿਲੀਆਂ।

ਪਰ ਹਿਫ਼ਾਜ਼ਿਤ ਨੂੰ ਮੁਖ ਰੱਖ ਕੇ ਦੀਵਾਰ ਦੀ ਉਸਾਰੀ ਵੀ ਜ਼ਰੂਰੀ ਸੀ। ਇਸ ਲਈ ਉਸ ਭਾਈ ਬੁੱਧੂ ਸ਼ਾਹ ਦੀਆਂ ਕੱੱਚੀਆਂ ਪਿੱਲੀਆਂ ਇੱਟਾਂ ਵੀ ਪੱਕੀਆਂ ਇੱਟਾਂ ਦੇ ਭਾਅ ਉਤੇ ਖ਼ਰੀਦ ਲਈਆਂ।

ਭਾਈ ਬੁੱਧੂ ਸ਼ਾਹ ਗੁਰੂ ਜੀ ਦੇ ਕਹੇ ਵਚਨਾਂ ੳੇਤੇ ਬਹੁਤ ਖੁਸ਼ ਹੋਇਆ ਅਤੇ ਸ਼ੁਕਰਾਨੇ ਵਜੋਂ ਉਹ ਕਈ ਸੁਗਾਤਾਂ ਲੈ ਕੇ ਗੁਰੂ ਜੀ ਪਾਸ ਪੇਸ਼ ਹੋਇਆ।

ਸੁਗਾਤਾਂ ਵੇਖ ਕੇ ਗੁਰੂ ਜੀ ਨੇ ਕਿਹਾ, 'ਇਹ ਸੁਗਾਤਾਂ ਤੈਨੂੰ ਭਾਈ ਕਮਲੀਏ ਨੂੰ ਭੇਂਟ ਕਰਨੀਆਂ ਚਾਹੀਦੀਆ ਹਨ ਜਿਸ ਨੂੰ ਤੂੰ ਉਸ ਦਿਨ ਭੁੱਖਾ ਰਖਿਆ ਸੀ। ਜਾਂ ਤਾਂ ਲੰਗਰ ਲਾਈਏ ਨਾ, ਜੇ ਲਾਈਏ ਤਾਂ ਫਿਰ ਕਿਸੇ ਗਰੀਬ ਨੂੰ ਭੁੱਖਾ ਨਹੀਂ ਜਾਣ ਦੇਣਾ ਚਾਹੀਦਾ, ਕਿਉਂਕਿ ਗਰੀਬ ਹੀ ਅਸਲੀ ਰੱਬ ਦਾ ਰੂਪ ਹੁੰਦੇ ਹਨ। ਤੂੰ ਬਾਈ ਲੱਧੇ ਨੂੰ ਲੈ ਕੇ ਭਾਈ ਕਮਲੀਏ ਨੂੰ ਮਿਲ ਅਤੇ ਉਸ ਅੱਗੇ ਖਾਣ ਵਾਲੀਆਂ ਸੁਗਾਤਾਂ ਰੱਖ ਕੇ ਮੁਆਫ਼ੀ ਮੰਗ। ਜੇ ਉਹ ਤੈਨੂੰ ਮੁਆਫ਼ ਕਰ ਦੇਵੇਗਾ ਤਾਂ ਅੱਗੇ ਤੋਂ ਤੇਰੀਆਂ ਇੱਟਾਂ ਪੱਕੀਆਂ ਹੀ ਨਿਕਲਿਆ ਕਰਨਗੀਆਂ'। ਗੁਰੂ ਜੀ ਦੀ ਇਹ ਗੱਲ ਮੰਨ ਕੇ ਭਾਈ ਬੁੱਧੂ ਸ਼ਾਹ ਭਾਈ ਲੱਧੇ ਨੂੰ ਨਾਲ ਲੈ ਕੇ ਭਾਈ ਕਮਲੀਏ ਨੂੰ ਜਾ ਮਿਲਿਆ।

ਭਾਈ ਕਮਲੀਆ ਇਕ ਸਿੱਧਾ ਸਾਧਾ ਬੰਦਾ ਸੀ। ਆਪਣੇ ਅੱਗੇ ਸੁਗਾਤਾਂ ਪਾਈਆਂ ਵੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਭਾਈ ਬੁੱਧੂ ਸ਼ਾਹ ਨੂੰ ਇਸ ਸ਼ਰਤ ਉਤੇ ਮੁਆਫ਼ ਕਰ ਦਿੱਤਾ ਕਿ 'ਉਨ੍ਹਾਂ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਉਸ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ'।

Disclaimer Privacy Policy Contact us About us