ਸੱਚਖੰਡ ਸ੍ਰੀ ਹਰਿਮੰਦਰ ਸਾਹਿਬ


ਸ੍ਰੀ ਗੁਰੂ ਰਾਮਦਾਸ ਜੀ ਦੀ ਅਭਿਲਾਖਾ ਸੀ ਕਿ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਿਮੰਦਰ ਦੀ ਉਸਾਰੀ ਕੀਤੀ ਜਾਏ। ਗੁਰੂ ਪਿਤਾ ਦੀ ਇਸ ਅਭਿਲਾਖਾ ਦਾ ਗੁਰੂ ਅਰਜਨ ਦੇਵ ਜੀ ਨੂੰ ਗਿਆਨ ਸੀ।

ਜਦੋਂ ਸਰੋਵਰ ਪੂਰਨ ਤੇ ਪੱਕਾ ਹੋ ਗਿਆ ਤਦ ਆਪ ਨੇ ਹਰਿਮੰਦਰ ਸਾਹਿਬ ਦੀ ਸਾਜਣਾ ਲਈ ਆਪ ਨਕਸ਼ਾ ਵਿੳਂਤ ਤਿਆਰ ਕੀਤਾ ਅਤੇ ਪਹਿਲੀ ਮਾਘ ਸੰਮਤ ੧੬੪੫ ਨੂੰ ਇਸ ਦੀ ਤਿਆਰੀ ਆਰੰਭ ਕੀਤੀ।

ਹਰਿਮੰਦਰ ਸਾਹਿਬ ਦੀ ਨੀਂਹ ਆਪ ਨੇ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ ਜੋ ਇਕ ਪਹੁੰਚੇ ਹੋਏ ਫ਼ਕੀਰ ਸਨ ਅਤੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਗੁਰੂ ਜੀ ਤੇ ਸ਼ਰਧਾ ਰੱਖਦੇ ਸਨ।

ਇਸ ਗੱਲ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸਿੱਖ ਧਰਮ ਵਿੱਚ ਕਿੰਨੀ ਉਦਾਰਤਾ ਤੇ ਮਨੁੱਖੀ ਸਰਬ ਸਾਂਝ ਦੀ ਭਾਵਨਾ ਭਰੀ ਹੋਈ ਸੀ। ਇਸ ਵਿੱਚ ਧਾਰਮਕ ਤੰਗਦਿਲੀ ਨਹੀਂ ਸੀ, ਵਿਤਕਰਾ ਨਹੀਂ ਸੀ। ਇਹ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਧਰਮ ਸੀ।

ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਚੰਹੁ ਪਾਸੀਂ ਰੱਖੇ ਗਏ। ਇਹ ਇਸ ਗੱਲ ਦੇ ਪ੍ਰਤੀਕ ਸਨ ਕਿ ਹਰਿਮੰਦਰ ਦੇ ਦੁਆਰ ਸਭਨਾਂ ਜਾਤਾਂ, ਧਰਮਾਂ ਤੇ ਨਸਲਾਂ ਲਈ ਖੁਲ੍ਹੇ ਹਨ। ਕਿਸੇ ਵੀ ਵਰਣ ਜਾਂ ਰੰਗ ਦੇ ਪ੍ਰਾਣੀ ਨੂੰ ਇਥੇ ਆਉਣ ਦੀ ਪੂਰੀ ਖੁਲ੍ਹ ਹੈ।

ਚਾਰ ਦੁਆਰ ਇਸ ਗੱਲ ਦੇ ਵੀ ਪ੍ਰਤੀਕ ਸਨ ਕਿ ਸਿੱਖ ਧਰਮ ਵਿੱਚ ਕਿਸੇ ਵਿਸ਼ੇਸ਼ ਦਿਸ਼ਾ ਨੂੰ ਕੋਈ ਵਿਸ਼ੇਸ਼ ਮਹਤੱਤਾ ਪ੍ਰਾਪਤ ਨਹੀਂ ਹੈ ਜਿਵੇਂ ਕਿ ਹਿੰਦੂ ਪੂਰਬ ਨੂੰ ਅਤੇ ਮੁਸਲਮਾਨ ਪੱਛਮ ਦਿਸ਼ਾ ਨੂੰ ਪਵਿੱਤਰ ਮੰਨਦੇ ਸਨ ਤੇ ਵਿਸ਼ਵਾਸ਼ ਰੱਖਦੇ ਸਨ ਕਿ ਰੱਬ ਦਾ ਘਰ ਫਲਾਣੀ ਦਿਸ਼ਾ ਵਲ ਹੈ।

ਗੁਰਮੱਤ ਵਿੱਚ ਰੱਬ ਨੂੰ ਸਭ ਜਗ੍ਹਾ ਸਗੋਂ ਕਣ ਕਣ ਵਿੱਚ ਵਸਿਆ ਮੰਨਿਆ ਗਿਆ ਹੈ। ਇਸ ਪ੍ਰਕਾਰ ਹਰਿਮੰਦਰ ਸਾਹਿਬ ਮਨੁੱਖ ਮਾਤਰ ਦਾ ਸਾਂਝਾ ਤੀਰਥ ਬਣ ਗਿਆ।

ਹਰਿਮੰਦਰ ਸਾਹਿਬ ਦੀ ਉਸਾਰੀ ਵਿਚ ਪੂਰੇ ਤਿੰਨ ਸਾਲ ਲੱਗ ਗਏ। ਮੁਕੰਮਲ ਹੋ ਜਾਣ ਤੇ ਗੁਰੂ ਜੀ ਨੇ ਧੰਨਵਾਦ ਵਜੋਂ ਸੂਹੀ ਰਾਗ ਵਿਚ ਇਹ ਸ਼ਬਦ ਉਚਾਰਿਆ :-

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥

ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਸੰਪੂਰਨ ਹੋ ਗਈ ਤਾਂ ਸੰਮਤ ੧੬੬੧ ਵਿੱਚ ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।

ਮਹਾਨ ਵਿਦਵਾਨ ਬਾਬਾ ਬੁੱਢਾ ਜੀ ਇਸ ਦੇ ਪਹਿਲੇ ਗ੍ਰੰਥੀ ਥਾਪੇ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਆਪ ਸਰੰਦੇ ਨਾਲ ਗੁਰਬਾਣੀ ਦਾ ਕੀਰਤਨ ਕੀਤਾ। ਉਸ ਸਮੇਂ ਤੋਂ ਇਥੇ ਅੰਮ੍ਰਿਤ ਵੇਲੇ ਤੋਂ ਲੈ ਕੇ ਚੋਖੀ ਰਾਤ ਤੀਕ ਅਖੰਡ ਕੀਰਤਨ ਹੁੰਦਾ ਆ ਰਿਹਾ ਹੈ।

Disclaimer Privacy Policy Contact us About us