ਤਰਨ ਤਾਰਨ ਵਸਾਉਣਾ


ਗੁਰੂ ਜੀ ਨੇ ਸਖੀ ਸਰਵਰਾਂ ਦੇ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਸਾਰੇ ਮਾਝੇ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ। ਉਹ ਜੰਡਿਆਲਾ, ਖਡੂਰ, ਗੋਇੰਦਵਾਲ, ਚੋਲ੍ਹਾ ਸਾਹਿਬ ਅਤੇ ਖਾਨਪੁਰ ਪਿੰਡ ਤੋਂ ਹੁੰਦੇ ਹੋਏ ਖਾਰਾ ਪਿੰਡ ਪੁੱਜੇ।

ਉਨ੍ਹਾਂ ਖਾਰੇ ਪਿੰਡ ਦੇ ਬਾਹਰ ਇਕ ਰਮਣੀਕ ਸਥਾਨ ਵੇਖ ਕੇ ਡੇਰਾ ਕੀਤਾ। ਉਥੇ ਨਿਰਮਲ ਜਲ ਦਾ ਇਕ ਕੁੰਡ ਸੀ ਅਤੇ ਚਾਰ ਚੁਫੇਰੇ ਅੰਬਾਂ, ਬੇਰੀਆਂ, ਆੜੂਆਂ ਆਦਿ ਦੇ ਬਾਗ ਸਨ।

ਗੁਰੂ ਜੀ ਨੇ ਅਜਿਹੇ ਰਮਣੀਕ ਸਥਾਨ ਉਤੇ ਇਕ ਨਗਰ ਵਸਾਉਣ ਦਾ ਮਨ ਬਣਾ ਲਿਆ। ਆਪਣੇ ਸਿੱਖਾਂ ਰਾਹੀਂ ਉਨ੍ਹਾਂ ਲੋੜੀਂਦੀ ਜ਼ਮੀਨ ਖਰੀਦ ਲਈ।

ਉਸ ਜਲ ਕੁੰਡ ਨੂੰ ਇਕ ਪੱਕਾ ਸਰੋਵਰ ਅਤੇ ਨਾਲ ਹੀ ਇਕ ਧਰਮਸ਼ਾਲਾ ਬਣਾਉਣ ਵਾਸਤੇ ਉਨ੍ਹਾਂ ਇੱਟਾਂ ਦੇ ਆਵੇ ਤਿਆਰ ਕਰਵਾਏ।

ਇਕ ਦਿਨ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਕਰਵਾ ਰਹੇ ਸਨ ਕਿ ਉਥੇ ਇਕ ਜੋਗੀ ਆਇਆ। ਜੋਗੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਸ ਪਾਸ ਇਕ ਸਵਾਹ ਦੀ ਪੋਟਲੀ ਹੈ। ਇਸ ਸਵਾਹ ਦੀ ਇਹ ਸਿਫਤ ਹੈ ਕਿ ਜੇ ਇਸ ਨੂੰ ਲੋਹੇ ਨਾਲ ਰਗੜਿਆ ਜਾਵੇ ਤਾਂ ਉਹ ਚਾਂਦੀ ਬਣ ਜਾਂਦਾ ਹੈ ਅਤੇ ਜੇ ਇਸ ਨੂੰ ਤਾਂਬੇ ਨਾਲ ਰਗੜਿਆ ਜਾਵੇ ਤਾਂ ਉਹ ਸੋਨਾ ਹੋ ਜਾਂਦਾ ਹੈ।

ਉਸ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਪੁਛਿਆ ਕਿ ਇਸ ਵਿਚ ਕੋਈ ਹੋਰ ਹੀ ਸਿਫਤ ਹੈ ਤਾਂ ਉਸ ਜੋਗੀ ਨੇ ਕਿਹਾ ਕਿ ਜੇ ਇਸ ਨੂੰ ਪਾਣੀ ਵਿਚ ਸੁੱਟਿਆ ਜਾਵੇ ਤੇ ਉਸ ਪਾਣੀ ਨਾਲ ਇਸ਼ਨਾਨ ਕੀਤਾ ਜਾਵੇ ਤਾਂ ਕੋੜ੍ਹ ਦੂਰ ਹੋ ਜਾਂਦਾ ਹੈ।

ਗੁਰੂ ਸਾਹਿਬ ਨੇ ਪੋਟਲੀ ਉਸ ਪਾਸੋਂ ਫੜ ਲਈ ਅਤੇ ਸਾਰੀ ਸਵਾਹ ਸਰੋਵਰ ਵਿਚ ਸੁੱਟ ਦਿੱਤੀ। ਜੋਗੀ ਇਹ ਵੇਖ ਕੇ ਬੜਾ ਦੁੱਖੀ ਹੋਇਆ, ਪਰ ਗੁਰੂ ਜੀ ਨੇ ਕਿਹਾ ਕਿ ਮਾਇਆ ਤਾਂ ਮਨੁੱਖ ਵਿਚ ਅਹੰਕਾਰ, ਕ੍ਰੋਧ ਅਤੇ ਲੋਭ ਉਤਪੰਨ ਕਰਦੀ ਹੈ, ਪਰ ਇਹ ਤਾਂ ਲੋਕ ਭਲਾਈ ਦਾ ਕੰਮ ਹੈ। ਜਿਹੜਾ ਵੀ ਕੋੜ੍ਹੀ ਇਸ ਸਰੋਵਰ ਵਿਚ ਇਸ਼ਨਾਨ ਕਰੇਗਾ ਉਸ ਦਾ ਰੋਗ ਨਵਿਰਤ ਹੋ ਜਾਵੇਗਾ।

ਇਕ ਦਿਨ ਗੁਰੂ ਜੀ ਸੈਰ ਵਾਸਤੇ ਜਾ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਵੇਖਿਆ ਕਿ ਚਾਰ ਵਿਅਕਤੀ ਰੋਂਦੇ ਕੁਰਲਾਂਦੇ ਇਕ ਮਨੁੱਖ ਨੂੰ ਮੰਜੇ ਉਤੇ ਲਿਟਾਏ ਚੁੱਕ ਕੇ ਲੈ ਜਾ ਰਹੇ ਸਨ।

ਗੁਰੂ ਜੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁਛਿਆ, 'ਇਸ ਰੋਗੀ ਵਿਅਕਤੀ ਨੂੰ ਕਿਥੇ ਲੈ ਜਾ ਰਹੇ ਹੋ ਅਤੇ ਇਹ ਕੌਣ ਹੈ?' ਉਨ੍ਹਾਂ ਕਿਹਾ, 'ਇਹ ਸਾਡੇ ਪਿਤਾ ਜੀ ਹਨ ਅਤੇ ਮੁਰਾਦਪੁਰ ਪਿੰਡ ਦੇ ਚੌਧਰੀ ਹਨ। ਇਨ੍ਹਾਂ ਨੂੰ ਕੋੜ੍ਹ ਦੀ ਬੀਮਾਰੀ ਨੇ ਬਹੁਤ ਦੁੱਖੀ ਕੀਤਾ ਹੈ। ਹੁਣ ਇਹ ਕਹਿੰਦੇ ਹਨ ਕਿ ਇਨ੍ਹਾਂ ਨੂੰ ਦਰਿਆ ਬਿਆਸ ਵਿਚ ਰੋੜ੍ਹ ਦਿੱਤਾ ਜਾਵੇ। ਇਸ ਕਰਕੇ ਅਸੀਂ ਇਨ੍ਹਾਂ ਨੂੰ ਦਰਿਆ ਬਿਆਸ ਵਿਚ ਜਲ ਪ੍ਰਵਾਹ ਕਰਨ ਲਈ ਜਾ ਰਹੇ ਹਾਂ'।

ਗੁਰੂ ਜੀ ਨੇ ਉਨ੍ਹਾਂ ਨੂੰ ਆਦੇਸ਼ ਕੀਤਾ ਕਿ, 'ਚੌਧਰੀ ਨੂੰ ਦਰਿਆ ਬਿਆਸ ਵਿਚ ਸੁਟਣ ਦੀ ਲੋੜ ਨਹੀਂ। ਇਨ੍ਹਾਂ ਨੂੰ ਮੇਰੇ ਨਾਲ ਲਿਆਉ ਅਤੇ ਸਰੋਵਰ ਵਿਚ ਇਸ਼ਨਾਨ ਕਰਾਉ। ਦੋ ਤਿੰਨ ਦਿਨ ਇਸ਼ਨਾਨ ਕਰਨ ਅਤੇ ਗੁਰਬਾਣੀ ਦਾ ਪਾਠ ਸੁਣਨ ਨਾਲ ਇਹ ਬਿਲਕੁਲ ਠੀਕ ਹੋ ਜਾਣਗੇ'।

ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਚੌਧਰੀ ਦੇ ਪੁੱਤਰ ਬਹੁਤ ਖੁਸ਼ ਹੋਏ ਅਤੇ ਚੌਧਰੀ ਦਾ ਮੰਜਾ ਲਿਆ ਕੇ ਉਨ੍ਹਾਂ ਸਰੋਵਰ ਦੇ ਕੰਢੇ ਰੱਖ ਦਿੱਤਾ।

ਫਿਰ ਆਦੇਸ਼ ਮੁਤਾਬਕ ਉਨ੍ਹਾਂ ਆਪਣੇ ਪਿਤਾ ਨੂੰ ਸਰੋਵਰ ਵਿਚ ਇਸ਼ਨਾਨ ਕਰਵਾਇਆ। ਪਹਿਲੇ ਦਿਨ ਹੀ ਇਸ਼ਨਾਨ ਕਰਨ ਨਾਲ ਚੌਧਰੀ ਨੇ ਆਪਣੇ ਆਪ ਨੂੰ ਹੌਲਾ ਹੌਲਾ ਅਨੁਭਵ ਕੀਤਾ। ਉਸਦੇ ਜਖ਼ਮ ਜਿਹੜੇ ਰਿਸਦੇ ਅਤੇ ਪੀੜ ਕਰਦੇ ਸਨ, ਠੀਕ ਹੋ ਗਏ।

ਉਹ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕੀਰਤਨ ਸੁਣਦਾ ਅਤੇ ਦੋ ਵਾਰ ਸਰੋਵਰ ਵਿਚ ਇਸ਼ਨਾਨ ਕਰਦਾ। ਕੁਝ ਦਿਨਾਂ ਵਿਚ ਉਹ ਬਿਲਕੁਲ ਅਰੋਗ ਹੋ ਗਿਆ।

ਚੌਧਰੀ ਦਾ ਕੌੜ੍ਹ ਠੀਕ ਹੋ ਜਾਣ ਬਾਅਦ ਗੁਰੂ ਜੀ ਨੇ ਉਥੇ ਕੋੜ੍ਹੀਘਰ ਖੋਲਿਆ, ਜਿਥੇ ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਆ ਕੇ ਕੋੜ੍ਹੇ ਰਹਿਣ ਲੱਗ ਪਏ। ਰੋਜ਼ ਬਾਣੀ ਦਾ ਕੀਰਤਨ ਸੁਣ ਕੇ ਸਰੋਵਰ ਵਿਚ ਇਸ਼ਨਾਨ ਕਰਦੇ।

ਜਦ ਉਹ ਅਰੋਗ ਹੋ ਜਾਂਦੇ ਸਨ ਤਾਂ ਆਪਣੇ ਘਰਾਂ ਨੂੰ ਮੁੜ ਜਾਂਦੇ ਸਨ। ਕੁਝ ਤਰਨਤਾਰਨ ਸ਼ਹਿਰ ਵਿਚ ਵੱਸ ਜਾਂਦੇ ਸਨ।

Disclaimer Privacy Policy Contact us About us