ਅਵਤਾਰ ਧਾਰਿਆ


ਪੂਰਬਲੇ ਜਨਮ ਵਿਚ ਹੇਮਕੁੰਟ ਸਾਹਿਬ ਵਿਖੇ ਗੁਰੂ ਸਾਹਿਬ ਪ੍ਰਭੂ ਦੇ ਚਰਨਾਂ ਵਿਚ ਜੁੜੇ ਹੋਏ ਸਨ। ਉਸ ਸਮੇਂ ਭਾਰਤ ਵਿਚ ਜ਼ੁਲਮ ਦੀ ਹੱਦ ਮੁਕ ਗਈ ਸੀ।

ਹਾਕਮ ਲੋਕ ਪਰਜਾ ਉਤੇ ਅਤਿ ਜ਼ੁਲਮ ਢਾਹ ਰਹੇ ਸਨ। ਪ੍ਰਭੂ ਦਾ ਨਾਮ ਜਪਣ ਦੀ ਬਜਾਏ ਲੋਕ ਇਕ ਦੂਸਰੇ ਦਾ ਖ਼ੂਨ ਵਹਾ ਰਹੇ ਸਨ।

ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਅੱਲਾ ਦੀ ਇਬਾਦਤ ਕਰਨ ਅਤੇ ਇਕ ਦੂਸਰੇ ਨਾਲ ਭਰਾਵਾਂ ਵਾਲਾ ਸਲੂਕ ਕਰਨ।

ਪਰ ਮੁਸਲਮਾਨ ਹਾਕਮ ਇਬਾਦਤ ਕਰਨ ਦੀ ਬਜਾਏ ਲੁੱਟ ਮਾਰ ਅਤੇ ਕਤਲੌ ਗਾਰਤ ਕਰ ਰਹੇ ਸਨ। ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਸੀ।

ਬਾਦਸ਼ਾਹ ਔਰੰਗਜ਼ੇਬ ਅੱਲਾ ਦੇ ਨਾਂ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਾਂ ਕਤਲ ਕਰ ਰਿਹਾ ਸੀ।

ਅਕਾਲ ਪੁਰਖ ਪਾਸੋਂ ਵੀ ਅਜਿਹੇ ਕਠੋਰ ਜ਼ੁਲਮ ਸਹਿਣ ਨਹੀਂ ਸਨ ਹੋ ਰਹੇ। ਉਨ੍ਹਾਂ ਨੇ ਇਹ ਸੋਚਿਆ ਕਿ ਕਿਸੇ ਮਹਾਂਪੁਰਸ਼ ਨੂੰ ਦੁਨੀਆਂ ਵਿਚ ਭੇਜਿਆ ਜਾਏ ਜਿਹੜਾ ਇਸ ਜ਼ੁਲਮ ਦਾ ਨਾਸ ਕਰੇ ਅਤੇ ਲੋਕਾਂ ਨੂੰ ਪ੍ਰਭੂ ਨਾਮ ਜਪਣ ਵਲ ਲਾਏ।

ਇਸ ਲਈ ਅਕਾਲ ਪੁਰਖ ਨੇ ਤਪੱਸਵੀ ਗੁਰੂ ਸਾਹਿਬ ਨੂੰ ਇਹ ਆਦੇਸ਼ ਕੀਤਾ ਕਿ ਉਹ ਭਾਰਤ ਵਿਚ ਜਨਮ ਲੈਣ।

ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈ: ਨੂੰ ਬਿਹਾਰ ਪ੍ਰਾਂਤ ਦੀ ਰਾਜਧਾਨੀ ਪਟਨਾ ਵਿਖੇ ਅਵਤਾਰ ਧਾਰਿਆ।

ਆਪ ਜੀ ਦੇ ਪਿਤਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਸਨ ਅਤੇ ਆਪ ਜੀ ਦਾ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਸੀ।

ਗੁਰੂ ਤੇਗ ਬਹਾਦਰ ਜੀ ਉਸ ਸਮੇਂ ਆਸਾਮ ਵਲ ਗਏ ਹੋਏ ਸਨ। ਉਨ੍ਹਾਂ ਨੂੰ ਆਸਾਮ ਵਿਖੇ ਹੀ ਖ਼ਬਰ ਭੇਜੀ ਗਈ।

ਪਟਨਾ ਸ਼ਹਿਰ ਦੇ ਲੋਕਾਂ ਨੂੰ ਜਦ ਇਹ ਖ਼ੁਸ਼ਖਬਰੀ ਮਿਲੀ ਤਾਂ ਸਾਰੇ ਲੋਕ ਬਹੁਤ ਖੁਸ਼ ਹੋਏ।

ਗੁਰੂ ਸਾਹਿਬ ਜੀ ਦੀ ਦਾਦੀ ਮਾਤਾ ਨਾਨਕੀ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ। ਖੁਲ੍ਹੇ ਲੰਗਰ ਲਾਏ ਅਤੇ ਰਾਤ ਨੂੰ ਦੀਪਮਾਲਾ ਕੀਤੀ।

ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਵੀ ਉਥੇ ਮੌਜੂਦ ਸਨ। ਉਹ ਗੁਰੂ ਜੀ ਦੀ ਪੂਰੀ ਸੇਵਾ ਸੰਭਾਲ ਕਰਦੇ ਸਨ ਅਤੇ ਵਾਰ ਵਾਰ ਕਹਿੰਦੇ ਸਨ ਕਿ ਸਾਡੇ ਘਰ ਆਪ ਗੋਬਿੰਦ ਨੇ ਅਵਤਾਰ ਧਾਰਿਆ ਹੈ। ਇਸ ਲਈ ਬਾਲਾ ਪ੍ਰੀਤਮ ਦਾ ਨਾਮ ਗੋਬਿੰਦ ਰਾਏ ਰਖਿਆ ਗਿਆ।

Disclaimer Privacy Policy Contact us About us