ਜਗਤਾ ਸੇਠ


ਜਗਤਾ ਸੇਠ ਪਟਨੇ ਦਾ ਇਕ ਬਹੁਤ ਵੱਡਾ ਵਿਉਪਾਰੀ ਸੀ। ਉਸਦਾ ਵਿਉਪਾਰ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਵਿਚ ਚਲਦਾ ਸੀ।

ਸੈਂਕੜੇ ਲੋਕ ਉਸਦੇ ਨੌਕਰ ਸਨ ਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ।

ਪਰ ਇਕ ਗੱਲ ਦੀ ਘਾਟ ਸੀ ਉਸਦੇ ਘਰ ਕੋਈ ਪੁੱਤਰ ਨਹੀਂ ਸੀ। ਉਸਨੇ ਕਈ ਪੀਰਾਂ ਫ਼ਕੀਰਾਂ ਦੀਆਂ ਮੰਨਤਾਂ ਮੰਨੀਆਂ, ਹਜ਼ਾਰਾਂ ਰੁਪਏ ਧਨ ਦਾਨ ਵਿਚ ਵੰਡ ਛੱਡੇ, ਪਰ ਉਸਦੀ ਮਨੋ ਕਾਮਨਾ ਪੂਰੀ ਨਾ ਹੋਈ।

ਗੁਰੂ ਤੇਗ ਬਹਾਦਰ ਜੀ ਜਦ ਪਟਨੇ ਪੁਜੇ ਤਾਂ ਉਸਨੂੰ ਪਤਾ ਲੱਗਾ ਕਿ ਪੰਜਾਬ ਵਿਚੋਂ ਇਕ ਉੱਚ ਕੋਟੀ ਦੇ ਸੰਤ ਆਏ ਹਨ।

ਉਹ ਹਰ ਰੋਜ਼ ਗੁਰੂ ਜੀ ਦੀ ਸੰਗਤ ਵਿਚ ਆਉਣ ਲੱਗ ਗਿਆ। ਕੀਰਤਨ ਸੁਣਦਾ ਅਤੇ ਗੁਰੂ ਜੀ ਦੇ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ।

ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਵਲ ਲਗ ਗਿਆ। ਪਰ ਫਿਰ ਵੀ ਮਨ ਵਿਚ ਕਈ ਵਾਰ ਆਉਂਦਾ ਜੇ ਪ੍ਰਭੂ ਇਕ ਪੁੱਤਰ ਦੇ ਦਿੰਦਾ ਤਾਂ ਮੈਂ ਦੁਨਿਆਵੀ ਜਾਲ ਵਿਚੋਂ ਮੁਕਤ ਹੋ ਜਾਂਦਾ।

ਇਕ ਦਿਨ ਸਤਸੰਗਤ ਵਿਚ ਬੈਠਾ ਸੀ। ਪਰ ਹਿਰਦੇ ਵਿਚੋਂ ਇਕ ਚੀਸ ਨਿਕਲੀ। ਸੱਚੇ ਗੁਰੂ ਸਭ ਕੁਝ ਜਾਣਦੇ ਹਨ ਕਦੀ ਮੇਰੀ ਵੀ ਸੁਣਨਗੇ।

ਸਤਸੰਗਤ ਬਹੁਤ ਸਮਾਂ ਚਲਦੀ ਰਹੀ। ਸਮਾਪਤੀ ਤੇ ਸਾਰੀ ਸੰਗਤ ਗੁਰੂ ਦਾ ਲੰਗਰ ਸੇਵਨ ਕਰਨ ਬਾਅਦ ਘਰੋ ਘਰੀ ਚਲੇ ਗਈ।

ਪਰ ਜਗਤਾ ਸੇਠ ਅੱਜ ਲੰਗਰ ਛੱਕਣ ਵੀ ਨਹੀਂ ਸੀ ਗਿਆ, ਬੈਠਾ ਰਿਹਾ।

ਗੁਰੂ ਜੀ ਨੇ ਜਦ ਵੇਖਿਆ ਜਗਤਾ ਬੈਠਾ ਹੋਇਆ ਹੈ, ਕਹਿਣ ਲੱਗੇ, 'ਜਗਤਾ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਂਦਾ ਹੈ, ਅੱਜ ਸਾਡਾ ਵੀ ਚਿੱਤ ਹੈ, ਕੁਝ ਘਰ ਵਾਸਤੇ ਲਈ ਜਾ'।

ਜਗਤੇ ਦਾ ਚਿੱਤ ਖਿੜ ਗਿਆ, ਮਨ ਖ਼ੁਸ਼ੀ ਨਾਲ ਭਰ ਗਿਆ। ਸੋਚਣ ਲੱਗਾ ਅੱਜ ਗੁਰੂ ਜੀ ਨੇ ਕੁਝ ਦੇਣ ਲਈ ਕਿਹਾ ਹੈ, ਪਰ ਮੈਂ ਮੰਗਦਾ ਕੁਝ ਨਹੀਂ।

ਗੁਰੂ ਸਾਹਿਬ ਨੇ ਕਿਹਾ, ਜਗਤੇ ਮੇਰੇ ਕੋਲ ਆ। ਜਗਤੇ ਲਾਗੇ ਚਲਾ ਗਿਆ। ਗੁਰੂ ਜੀ ਪਾਸ ਉਸ ਵੇਲੇ ਤਿੰਨ ਸੇਬ ਪਏ ਸਨ।

ਉਨ੍ਹਾਂ ਫੁਰਮਾਇਆ, 'ਜਗਤੇ ਇਹ ਤਿੰਨ ਸੇਬ ਅੱਜ ਗੁਰੂ ਦੇ ਲੰਗਰ ਵਿਚ ਬਚੇ ਪਏ ਹਨ, ਇਨ੍ਹਾਂ ਨੂੰ ਸਾਡਾ ਪ੍ਰਸ਼ਾਦ ਸਮਝ ਕੇ ਲੈ ਜਾਉ'।

ਜਗਤਾ ਸੇਠ ਬਹੁਤ ਪ੍ਰਸੰਨ ਹੋਇਆ। ਤਿੰਨਾਂ ਦੇ ਅੰਦਰੂਨੀ ਭਾਵ ਨੂੰ ਉਹ ਸਮਝ ਗਿਆ ਸੀ। ਉਹ ਸੇਬਾਂ ਨੂੰ ਬੜੇ ਸਤਿਕਾਰ ਨਾਲ ਪਰਨੇ ਵਿਚ ਬੰਨ੍ਹ ਕੇ ਘਰ ਲੈ ਗਿਆ।

ਪੁੱਤਰ ਦੀ ਆਸ ਵਿਚ ਉਸਾ ਤਿੰਨ ਵਿਆਹ ਕਰਵਾਏ ਹੋਏ ਸਨ। ਤਿੰਨੇ ਪਤਨੀਆਂ ਜਗਤੇ ਨੂੰ ਪ੍ਰਸੰਨ ਚਿੱਤ ਵੇਖ ਕੇ ਬਹੁਤ ਖ਼ੁਸ਼ ਹੋਈਆਂ।

ਤਿੰਨੇ ਹਾਲੇ ਜਗਤੇ ਨੂੰ ਪ੍ਰਸੰਨਤਾ ਦਾ ਕਾਰਨ ਪੁੱਛਣ ਹੀ ਵਾਲੀਆਂ ਸਨ ਕਿ ਜਗਤੇ ਨੇ ਪਰਨੇ ਵਿਚੋਂ ਖੋਲ੍ਹ ਕੇ ਤਿੰਨ ਸੇਬ ਉਨ੍ਹਾਂ ਨੂੰ ਵਿਖਾਏ ਅਤੇ ਕਹਿਣ ਲੱਗਾ,

'ਇਹ ਤਿੰਨ ਸੇਬ ਗੁਰੂ ਜੀ ਨੇ ਦਿੱਤੇ ਹਨ। ਤੁਸੀਂ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦਾ ਧਿਆਨ ਧਰ ਕੇ ਇਕ ਇਕ ਸੇਬ ਖਾ ਲਵੋ। ਮੇਰਾ ਪੱਕਾ ਨਿਸਚਾ ਹੈ ਕਿ ਸਤਿਗੁਰੂ ਜ਼ਰੂਰ ਮਿਹਰ ਕਰਨਗੇ'।

ਸਮਾਂ ਪਾ ਕੇ ਜਗਤੇ ਦੀਆਂ ਤਿੰਨਾਂ ਪਤਨੀਆਂ ਦੀ ਗੋਦ ਵਿਚ ਇਕ ਇਕ ਪੁੱਤਰ ਨੇ ਜਨਮ ਲਿਆ।

ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਆਸਾਮ ਵਲ ਗਏ ਹੋਏ ਸਨ। ਇਸ ਲਈ ਜਗਤਾ ਸੇਠ ਤਿੰਨਾਂ ਪਤਨੀਆਂ ਅਤੇ ਪੁੱਤਰਾਂ ਨੂੰ ਲੈ ਕੇ ਮਾਤਾ ਗੁਜਰੀ ਜੀ ਨੂੰ ਮੱਥਾ ਟਿਕਾਉਣ ਲਿਆਇਆ।

ਉਸ ਤੋਂ ਬਾਅਦ ਉਹ ਗੁਰੂ ਘਰ ਦਾ ਹੋਰ ਵੀ ਸ਼ਰਧਾਲੂ ਬਣ ਗਿਆ।

ਬਾਲਾ ਪ੍ਰੀਤਮ ਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਸਦਾ ਦੇਸ਼ ਦੇ ਬਾਕੀ ਭਾਗਾਂ ਤੋਂ ਵਧੀਆ ਵਧੀਆ ਖਿਡੌਣੇ ਅਤੇ ਤੋਹਫ਼ੇ ਲਿਆ ਕੇ ਦਿਆ ਕਰਦਾ ਸੀ।

ਇਕ ਵਾਰ ਉਸ ਨੇ ਬਾਲਾ ਪ੍ਰੀਤਮ ਨੂੰ ਪੁਛਿਆ ਕਿ ਮੈਂ ਬਾਹਰ ਜਾ ਰਿਹਾ ਹਾਂ, ਤੁਹਾਡੇ ਲਈ ਕਿਹੜੀ ਸੁਗਾਤ ਲੈ ਕੇ ਆਵਾਂ?

ਗੁਰੂ ਜੀ ਨੇ ਕਿਹਾ ਕਿ ਇਕ ਸੁੰਦਰ ਕਟਾਰ ਅਤੇ ਤੀਰ ਕਮਾਨ ਲਿਆਂਦਾ ਜਾਵੇ।

ਜਗਤੇ ਸੇਠ ਨੇ ਇਕ ਬਹੁਤ ਵਧੀਆ ਕਟਾਰ ਅਤੇ ਤੀਰ ਕਮਾਨ ਗੁਰੂ ਜੀ ਨੂੰ ਭੇਂਟ ਕੀਤੇ।

Disclaimer Privacy Policy Contact us About us