ਨਵਾਬ ਭਰਾ ਰਹੀਮ ਭਖਸ਼ ਅਤੇ ਕਰੀਮ ਬਖਸ਼


ਪਟਨੇ ਵਿਚ ਦੋ ਭਰਾ ਰਹੀਮ ਬਖਸ਼ ਅਤੇ ਕਰੀਮ ਬਖਸ਼ ਰਹਿੰਦੇ ਸਨ। ਇਹ ਵੱਡੇ ਜ਼ਿਮੀਂਦਾਰ ਸਨ ਅਤੇ ਕਈ ਪਿੰਡਾਂ ਦੇ ਮਾਲਕ ਸਨ।

ਸਰਕਾਰ ਵਲੋਂ ਇਨ੍ਹਾਂ ਨੂੰ ਨਵਾਬੀ ਦਾ ਖਿਤਾਬ ਮਿਲਿਆ ਹੋਇਆ ਸੀ। ਇਨ੍ਹਾਂ ਦੀ ਜ਼ਮੀਨ ਵਿਚ ਕਈ ਬਾਗ ਵੀ ਸਨ।

ਇਕ ਵਾਰ ਗੁਰੂ ਤੇਗ ਬਹਾਦਰ ਜੀ ਸਿੱਖੀ ਦਾ ਪ੍ਰਚਾਰ ਕਰਦੇ ਉਨ੍ਹਾਂ ਦੇ ਇਕ ਬਾਗ ਵਿਚ ਆ ਠਹਿਰੇ। ਬਾਗ ਅਸਲ ਵਿਚ ਸੁੱਕ ਗਿਆ ਸੀ।

ਗੁਰੂ ਜੀ ਜਦ ਕੁਝ ਦਿਨ ਇਸ ਬਾਗ ਵਿਚ ਠਹਿਰੇ ਅਤੇ ਸਤਸੰਗਤ ਅਤੇ ਕੀਰਤਨ ਦਾ ਪਰਵਾਹ ਚਲਦਾ ਰਿਹਾ ਤਾਂ ਇਹ ਬਾਗ ਹਰਾ ਹੋ ਗਿਆ।

ਦੋਵੇਂ ਭਰਾ ਗੁਰੂ ਜੀ ਦੀ ਸੰਗਤ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਗੁਰੂ ਜੀ ਦੇ ਸਿੱਖ ਬਣ ਗਏ।

ਜਦ ਸ੍ਰੀ ਦਸਮੇਸ਼ ਜੀ ਨੇ ਅਵਤਾਰ ਧਾਰਿਆ ਤਾਂ ਇਹ ਦੋਵੇਂ ਭਰਾ ਬਹੁਤ ਸੁਗਾਤਾਂ ਲੈ ਕੇ ਆਏ।

ਬਾਲਕ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਉਹ ਬਹੁਤ ਖੁਸ਼ ਹੁੰਦੇ ਸਨ ਅਤੇ ਹਰ ਰੋਜ਼ ਸਿਜਦਾ ਕਰਨ ਆਉਂਦੇ ਅਤੇ ਕੁਝ ਨਾ ਕੁਝ ਭੇਟਾ ਜ਼ਰੂਰ ਕਰਦੇ।

ਗੁਰੂ ਘਰ ਦੇ ਪਿਆਰ ਵਜੋਂ ਉਨ੍ਹਾਂ ਨੇ ਉਹ ਬਾਗ ਜਿਹੜਾ ਕਿ ਗੁਰੂ ਸਾਹਿਬ ਦੇ ਚਰਨ ਪੈਣ ਨਾਲ ਹਰਾ ਹੋ ਗਿਆ ਸੀ ਅਤੇ ਹੋਰ ਕਾਫ਼ੀ ਜ਼ਮੀਨ ਗੁਰੂ ਦੇ ਲੰਗਰ ਦੇ ਨਾਂ ਲਾ ਦਿੱਤੀ।

ਇਹ ਬਾਗ ਤੇ ਜ਼ਮੀਨ ਹੁਣ ਤਕ ਗੁਰਦੁਆਰੇ ਦੇ ਨਾਂ ਚਲੀ ਆਉਂਦੀ ਹੈ।

ਜਦ ਬਾਲਾ ਪ੍ਰੀਤਮ ਪੰਜਾਬ ਵਲ ਚਲ ਪਏ ਤਾਂ ਇਹ ਦੇਵੇਂ ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਬੇਨਤੀ ਕੀਤੀ ਮਾਲਕ ਹੁਣ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ।

ਬਾਲਾ ਪ੍ਰੀਤਮ ਨੇ ਕਿਹਾ ਕਿ ਰੋਜ਼ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ। ਪਾਠ ਦਾ ਭੋਗ ਪੈਣ ਤੇ ਸਾਡੇ ਦਰਸ਼ਨ ਹੋਇਆ ਕਰਨਗੇ।

ਬਾਲਾ ਪ੍ਰੀਤਮ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ।

Disclaimer Privacy Policy Contact us About us