ਸਖਣੀ ਗੋਦ ਦੀ ਰੌਣਕ


ਰਾਜਾ ਫ਼ਤਹਿ ਚੰਦ ਤੇ ਉਸ ਦੀ ਰਾਣੀ ਪ੍ਰਮਾਤਮਾ ਦੇ ਬੜੇ ਭਗਤ ਸਨ। ਪ੍ਰਮਾਤਮਾ ਨੇ ਉਨ੍ਹਾਂ ਨੂੰ ਦੁਨੀਆਂ ਦੇ ਸਾਰੇ ਸੁੱਖ ਦਿਤੇ ਸਨ, ਕੇਵਲ ਇਕੋ ਇਕ ਥੁੜ੍ਹ ਸੀ ਸੰਤਾਨ ਦੀ।

ਉਨ੍ਹਾਂ ਦੇ ਘਰ ਕੋਈ ਬਾਲ ਨਹੀਂ ਸੀ। ਦੋਵੇਂ ਪਤੀ ਪਤਨੀ ਇਸ ਗੱਲੋਂ ਝੁਰਦੇ ਰਹਿੰਦੇ।

ਉਨ੍ਹਾਂ ਨੇ ਪੰਡਤ ਸ਼ਿਵ ਦੱਤ ਜੀ ਪਾਸ ਬੇਨਤੀ ਕੀਤੀ, 'ਪੰਡਤ ਜੀ! ਸਾਨੂੰ ਕੋਈ ਉਪਾਅ ਦਸੋ ਜਿਸ ਨਾਲ ਅਸੀਂ ਔਲਾਦ ਦਾ ਮੂੰਹ ਵੇਖ ਸਕੀਏ'।

ਪੰਡਤ ਜੀ ਨੇ ਆਪਣੇ ਯੋਗ ਬਲ ਨਾਲ ਵੇਖ ਲਿਆ ਕਿ ਉਨ੍ਹਾਂ ਦੀ ਕਿਸਮਤ ਵਿਚ ਔਲਾਦ ਦਾ ਮੁੱਖ ਵੇਖਣਾ ਨਹੀਂ ਲਿਖਿਆ।

ਪਰ ਇਹ ਦੱਸਣ ਨਾਲ ਰਾਜਾ ਰਾਣੀ ਨੂੰ ਘੋਰ ਨਿਰਾਸਤਾ ਹੁੰਦੀ ਇਸ ਲਈ ਉਨ੍ਹਾਂ ਨੇ ਪਤੀ ਪਤਨੀ ਨੂੰ ਪਰਮਾਤਮਾ ਅੱਗੇ ਅਰਦਾਸ ਕਰਨ ਲਈ ਆਖਿਆ ਤੇ ਕ੍ਰਿਸ਼ਨ ਜੀ ਦੀ ਬਾਲ ਮੂਰਤੀ ਨੂੰ ਰੋਜ਼ ਪੂਰੀਆਂ ਤੇ ਘੁੰਗਣੀਆਂ ਦਾ ਭੋਗ ਲੁਆਉਣ ਲਈ ਕਿਹਾ।

ਦੂਜੇ ਦਿਨ ਪੰਡਤ ਜੀ ਨੇ ਬਾਲ ਗੋਬਿੰਦ ਨੂੰ ਰਾਣੀ ਦੀ ਸੰਤਾਨ ਲਈ ਤੜਫਣੀ ਦੀ ਗੱਲ ਦੱਸੀ ਤੇ ਉਨ੍ਹਾਂ ਨੂੰ ਰਾਣੀ ਦੇ ਮਹਿਲ ਵਿਚ ਜਾ ਕੇ ਉਸ ਨੂੰ ਦਰਸ਼ਨ ਦੇਣ ਲਈ ਪ੍ਰੇਰਿਆ।

ਬਾਲ ਗੋਬਿੰਦ ਜੀ ਆਪਣੇ ਸੰਗੀਆਂ ਨੂੰ ਲੈ ਕੇ ਮਹਿਲ ਵਿਚ ਜਾ ਪਹੁੰਚੇ। ਰਾਣੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਅੱਖਾਂ ਮੀਟ ਕੇ ਬੈਠੀ ਸੀ।

ਬਾਲ ਗੋਬਿੰਦ ਜੀ ਛੋਪਲੀ ਛੋਪਲੀ ਪੈਰ ਰਖਦੇ ਉਸ ਦੇ ਕੋਲ ਚਲੇ ਗਏ ਤੇ ਮਲਕੜੇ ਜਿਹੇ ਰਾਣੀ ਦੀ ਗੋਦ ਵਿਚ ਜਾ ਬੈਠੇ।

ਰਾਣੀ ਨੇ ਤ੍ਰਬਕ ਕੇ ਨੈਣ ਖੋਲ੍ਹੇ ਤੇ ਕੀ ਵੇਖਦੀ ਹੈ ਕਿ ਇਕ ਅਤੀ ਸੁੰਦਰ ਬਾਲਕ, ਉਸ ਦੀਆਂ ਕਲਪਨਾਵਾਂ ਨਾਲੋਂ ਵੀ ਵਧ ਕੇ ਸੁੰਦਰ, ਉਸ ਦੀ ਝੋਲੀ ਵਿਚ ਬੈਠਾ ਹੈ ਤੇ ਕੋਮਲ ਤੱਕਣੀ ਨਾਲ ਉਸ ਦਾ ਮੂੰਹ ਨਿਹਾਰ ਰਿਹਾ ਹੈ।

'ਉਹ ਪੁੱਤਰ ਜੀ! ਉਹ ਪੁੱਤਰ ਜੀ!' ਉਸ ਦੇ ਮੂੰਹੋਂ ਨਿਕਲ ਪਿਆ, 'ਤੁਸੀਂ ਆ ਗਏ?'

ਤੇ ਉਸ ਨੇ ਬਾਲ ਗੋਬਿੰਦ ਨੂੰ ਛਾਤੀ ਨਾਲ ਘੁਟ ਲਿਆ ਜਿਵੇਂ ਡਰਦੀ ਹੋਵੇ ਕਿ ਉਹ ਕਿਤੇ ਸੁਪਨਾ ਨਾ ਵੇਖਦੀ ਹੋਵੇ ਤੇ ਇਹ ਸੁੱਖ ਸੁਪਨਾ ਕਿਤੇ ਟੁੱਟ ਨਾ ਜਾਏ।

ਬਾਲ ਗੋਬਿੰਦ ਨੇ ਵੀ ਆਪਣੀਆਂ ਨਿੱਕੀਆਂ ਨਿੱਕੀਆਂ ਬਾਂਹਵੜੀਆਂ ਨਾਲ ਰਾਣੀ ਨੂੰ ਗਲਵਕੜੀ ਪਾ ਲਈ ਤੇ ਆਪਣਾ ਨਾਜ਼ਕ ਸਿਰ ਰਾਣੀ ਮਾਂ ਦੇ ਮੋਢੇ ਨਾਲ ਜੋੜ ਲਿਆ।

ਦੋਵੇਂ ਮਾਂ ਪੁੱਤਰ ਕਿੰਨਾ ਚਿਰ ਇਸ ਪਿਆਰ ਗਲਵੱਕੜੀ ਦੇ ਇਲਾਹੀ ਸੁਆਦ ਵਿਚ ਡੁੱਬੇ ਰਹੇ, ਸੁਆਦੋ ਸੁਆਦ ਹੁੰਦੇ ਰਹੇ।

ਫੇਰ ਬਾਲ ਗੋਬਿੰਦ ਜੀ ਨੇ ਹੌਲੀ ਜਿਹੀ ਆਪਣਾ ਸਿਰ ਚੁਕਿਆ ਤੇ ਮਾਖਿਓ ਮਿੱਠੀ ਆਵਾਜ਼ ਵਿਚ ਕਿਹਾ, 'ਮਾਂ ਜੀ! ਸਾਡੀਆਂ ਪੂਰੀਆਂ, ਘੁੰਗਣੀਆਂ?'

ਰਾਣੀ ਚੌਂਕੀ ਤੇ ਕਿਹਾ, 'ਆਹ ਪੁੱਤਰ ਜੀ! ਮੈਂ ਤਾਂ ਭੁਲ ਈ ਗਈ ਸਾਂ'।

ਤੇ ਉਹ ਉਠ ਕੇ ਅੰਦਰ ਗਈ ਤੇ ਇਕ ਵੱਡੀ ਸਾਰੀ ਥਾਲੀ ਵਿਚ ਪੂਰੀਆਂ ਘੁੰਗਣੀਆਂ, ਚਾਵਲ, ਕੜਾਹ, ਦੁੱਧ ਤੇ ਹੋਰ ਕਈ ਕੁਝ ਪਰੋਸ ਕੇ ਲੈ ਆਈ ਤੇ ਗੋਬਿੰਦ ਜੀ ਦੇ ਅੱਗੇ ਲਿਆ ਧਰਿਆ।

ਬਾਲ ਗੋਬਿੰਦ ਜੀ ਨੇ ਆਪਣੇ ਸੰਗੀਆਂ ਨੂੰ ਵੀ ਬੁਲਾ ਲਿਆ ਤੇ ਸਾਰੇ ਰਲ ਕੇ ਛਕਣ ਲਗੇ।

ਰਾਣੀ ਖ਼ੁਸ਼ ਸੀ। ਉਸ ਦੀ ਸੱਖਣੀ ਗੋਦ ਭਰ ਗਈ ਸੀ। ਰਾਜਾ ਖ਼ੁਸ਼ ਸੀ। ਉਸ ਦੀ ਸਂਤਾਨ ਦੀ ਸਿੱਕ ਤ੍ਰਿਪਤ ਹੋ ਗਈ ਸੀ।

ਅਗਲੇ ਦਿਨ ਉਹ ਫੇਰ ਮਹਿਲ ਵਿਚ ਖੇਡ ਰਹੇ ਸਨ। ਰਾਣੀ ਦਾ ਹਿਰਦਾ ਮਾਤ ਸਨੇਹ ਨਾਲ ਭਰ ਗਿਆ। ਤੇ ਇਹ ਹੁਣ ਨਿੱਤ ਦਾ ਨੇਮ ਬਣ ਗਿਆ।

Disclaimer Privacy Policy Contact us About us