ਪਟਨੇ ਤੋਂ ਰਵਾਨਗੀ


ਪਿਤਾ ਜੀ ਦੇ ਪੰਜਾਬ ਚਲੇ ਜਾਣ ਤੇ ਬਾਲਾ ਪ੍ਰੀਤਮ ਵੀ ਹਰ ਵੇਲੇ ਪੰਜਾਬ ਜਾਣ ਦੀ ਤਾਂਘ ਕਰਨ ਲੱਗੇ।

ਉਹ ਚਾਹੁੰਦੇ ਸਨ ਛੇਤੀ ਤੋਂ ਛੇਤੀ ਪੰਜਾਬ ਜਾਇਆ ਜਾਏ। ਪਿਤਾ ਜੀ ਨੂੰ ਮਿਲਣ ਦੀ ਲੋਚਾ ਅਤੇ ਤੀਬਰਤਾ ਵਧਦੀ ਜਾਂਦੀ।

ਕੁਝ ਸਮਾਂ ਬਾਅਦ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਦਾ ਸੁਨੇਹਾ ਪੁਜ ਗਿਆ ਕਿ ਸਾਰਾ ਪਰਿਵਾਰ ਉਥੇ ਆ ਜਾਵੇ।

ਬਾਲਾ ਪ੍ਰੀਤਮ ਜੀ ਅਤੇ ਸਾਰਾ ਪਰਿਵਾਰ ਇਹ ਖ਼ਬਰ ਸੁਣ ਕੇ ਬਹੁਤ ਖੁਸ਼ ਹੋਏ, ਪਰ ਸਾਰਾ ਪਟਨਾ ਉਦਾਸ ਹੋ ਗਿਆ।

ਜਦ ਇਹ ਖ਼ਬਰ ਪਟਨੇ ਵਿਚ ਪੁਜੀ ਤਾਂ ਬਾਲਾ ਪ੍ਰੀਤਮ ਦੇ ਪਿਆਰਿਆਂ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਇੰਝ ਅਨੁਭਵ ਕਰਨ ਲੱਗੇ ਜਿਵੇਂ ਉਹ ਆਪਣਾ ਸਭ ਕੁਝ ਗਵਾ ਰਹੇ ਸਨ।

ਗੁਰੂ ਕੀ ਹਵੇਲੀ ਸਾਰੇ ਮਿੱਤਰ ਪਿਆਰਿਆਂ ਨਾਲ ਭਰ ਗਈ। ਬਾਲਾ ਪ੍ਰੀਤਮ ਦੇ ਹਾਣੀ ਮੁੰਡੇ ਜਿਹੜੇ ਉਨ੍ਹਾਂ ਨਾਲ ਰਲ ਕੇ ਖੇਡਦੇ ਸਨ, ਛੋਲੇ ਪੂਰੀਆਂ ਅਤੇ ਕੜਾਹ ਛਕਦੇ ਸਨ, ਇਸ ਵਿਛੋੜੇ ਤੋਂ ਜ਼ਿਆਦਾ ਹੀ ਗਮਗੀਨ ਹੋ ਗਏ ਸਨ।

ਉਹ ਬਾਰ ਬਾਰ ਇਹ ਕਹਿੰਦੇ ਸਨ, 'ਹੁਣ ਸਾਡਾ ਲੀਡਰ ਕੌਣ ਹੋਵੇਗਾ, ਜਿਹੜਾ ਸਾਨੂੰ ਟੋਲੀਆਂ ਬਣਾ ਕੇ ਫ਼ੌਜੀ ਲੜਾਈ ਦਾ ਅਭਿਆਸ ਕਰਾਵੇਗਾ?'

ਬਾਲਾ ਪ੍ਰੀਤਮ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਜਦ ਉਹ ਕੋਈ ਖੇਡ ਮੈਨੂੰ ਯਾਦ ਕਰਕੇ ਖੇਡਿਆ ਕਰਨਗੇ, ਤਾਂ ਮੈਂ ਉਨ੍ਹਾਂ ਦੇ ਵਿਚ ਹੋਵਾਂਗਾ।

ਰਾਜਾ ਫ਼ਤਹਿ ਚੰਦ ਅਤੇ ਉਸ ਦੀ ਰਾਣੀ ਵੀ ਬਹੁਤ ਉਦਾਸ ਸਨ।

ਜਦ ਬਾਲਾ ਪ੍ਰੀਤਮ ਨੇ ਉਨ੍ਹਾਂ ਨੂੰ ਧੀਰਜ ਦਿੱਤਾ ਅਤੇ ਕਿਹਾ, 'ਮੈਂ ਸਦਾ ਤੁਹਾਡੇ ਅੰਗ ਸੰਗ ਹੋਵਾਂਗਾ। ਜਦ ਤਕ ਮੇਰੇ ਸਾਥੀਆਂ ਨੂੰ ਤੁਸੀਂ ਛੋਲੇ ਪੂਰੀਆਂ ਛਕਾਉਗੇ, ਮੈਂ ਵੀ ਵਿਚ ਹੋਵਾਂਗਾ'।

ਬਾਲਾ ਪ੍ਰੀਤਮ ਨੇ ਰਾਜਾ ਅਤੇ ਰਾਣੀ ਨੂੰ ਆਪਣੇ ਵਲੋਂ ਇਕ ਤਲਵਾਰ, ਇਕ ਕਟਾਰ ਅਤੇ ਪੁਸ਼ਾਕਾ ਭੇਟ ਕੀਤਾ ਅਤੇ ਕਿਹਾ,

'ਜਦ ਵੀ ਮੇਰੀ ਯਾਦ ਆਏ ਇਨ੍ਹਾਂ ਵਸਤਾਂ ਨੂੰ ਤੱਕ ਲਿਆ ਕਰਨਾ, ਇਨ੍ਹਾਂ ਵਿਚ ਮੈਂ ਨਜ਼ਰ ਆਵਾਂਗਾ। ਤੁਸੀ ਸਦਾ ਬਾਣੀ ਦਾ ਪਾਠ ਕਰਨਾ ਅਤੇ ਪ੍ਰਭੂ ਵਿਚ ਚਿੱਤ ਜੋੜਨਾ, ਤੁਹਾਡੀਆਂ ਸਭ ਉਦਾਸੀਆਂ ਦੂਰ ਹੋ ਜਾਣਗੀਆਂ'।

ਪੰਡਿਤ ਸ਼ਿਵ ਦਤ ਵੀ ਰਵਾਨਗੀ ਦੀ ਖ਼ਬਰ ਸੁਣ ਕੇ ਪਹੁੰਚ ਗਿਆ ਸੀ। ਉਹ ਵੀ ਚੁਪ ਚਾਪ ਖਲੋਤਾ ਸੀ।

ਗੁਰੂ ਸਾਹਿਬ ਨੇ ਉਸ ਨੂੰ ਵੀ ਧੀਰਜ ਦਿੱਤਾ ਅਤੇ ਕਿਹਾ,

'ਤੁਸੀਂ ਆਪਣੀ ਤੱਪਸਿਆ ਨਾਲ ਸੱਚੇ ਪ੍ਰਭੂ ਦੇ ਨੇੜੇ ਪਹੁੰਚ ਗਏ ਹੋ, ਮੈਂ ਤੁਹਾਨੂੰ ਰੋਜ਼ ਸਵੇਰੇ ਦਰਸ਼ਨ ਦਿਆ ਕਰਾਂਗਾ। ਤੁਹਾਡਾ ਕਲਿਆਣ ਹੋ ਗਿਆ ਹੈ ਅਤੇ ਦੋ ਜਹਾਨਾਂ ਵਿਚ ਤੁਸੀ ਸੁਰਖਰੂ ਹੋ ਗਏ ਹੋ'।

ਜਗਤੇ ਸੇਠ ਨੇ ਰਵਾਨਗੀ ਦੀਆਂ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਸਨ। ਬੜੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਉਹ ਸਜਾ ਕੇ ਲਿਆਇਆ ਸੀ।

ਰਾਹ ਵਿਚ ਵੀ ਸਾਰੇ ਰੁਕਣ ਵਾਲੇ ਥਾਵਾਂ ਤੇ ਉਸਨੇ ਆਪਣੇ ਆਦਮੀ ਭੇਜ ਦਿੱਤੇ ਸੀ ਤਾਂਕਿ ਗੁਰੂ ਪਰਿਵਾਰ ਨੂੰ ਸਫ਼ਰ ਵਿਚ ਕੋਈ ਔਕੜ ਨਾ ਆਵੇ।

ਸਾਰਿਆਂ ਨੂੰ ਦਾਤਾਂ ਵੰਡਦਿਆਂ ਵੇਖ ਕੇ ਉਸ ਨੇ ਵੀ ਨਿਮਰਤਾ ਸਹਿਬ ਦਰਸ਼ਨਾਂ ਦੀ ਦਾਤ ਮੰਗੀ, ਗੁਰੂ ਜੀ ਨੇ ਫੁਰਮਾਇਆ,

'ਸੇਠ ਜਗਤੇ ਸਾਡੀ ਰਵਾਨਗੀ ਦਾ ਪ੍ਰਬੰਧ ਕਰਕੇ ਤੂੰ ਕੇਵਲ ਸਾਨੂੰ ਹੀ ਨਹੀਂ ਸਾਰੇ ਜਗਤ ਨੂੰ ਜਿੱਤ ਲਿਆ ਹੈ। ਹਰ ਰੋਜ਼ ਸਵੇਰੇ ਸੰਗਤ ਵਿਚ ਜਾਵੀਂ, ਉਥੇ ਸਾਡੇ ਦਰਸ਼ਨ ਹੋਣਗੇ'।

ਬਾਲਾ ਪ੍ਰੀਤਮ ਅਤੇ ਹੋਰ ਸਾਰਾ ਪਰਿਵਾਰ ਪਾਲਕੀਆਂ, ਡੋਲਿਆਂ ਅਤੇ ਗੱਡੀਆਂ ਵਿਚ ਸਵਾਰ ਹੋ ਗਿਆ, ਗੱਡੀਆਂ ਚਲ ਪਈਆਂ ਪਰ ਪਟਨਾ ਨਿਵਾਸੀ ਕੋਈ ਵਾਪਿਸ ਨਹੀਂ ਹੋਇਆ।

ਅਗਲੇ ਪੜਾਅ ਤਕ ਛੱਡਣ ਲਈ ਸਾਰੇ ਨਾਲ ਨਾਲ ਤੁਰ ਪਏ।

Disclaimer Privacy Policy Contact us About us