ਹਾਂਡੀ ਸਾਹਿਬ


ਪਹਿਲਾ ਪੜਾਅ ਦਾਨਾਪੁਰ ਸੀ। ਪਟਨੇ ਦੀ ਸਾਰੀ ਸੰਗਤ ਇਥੋਂ ਤਕ ਨਾਲ ਆਈ ਸੀ।

ਬਾਲਾ ਪ੍ਰੀਤਮ ਪਾਲਕੀ ਵਿਚ ਸਵਾਰ ਸਨ, ਮਾਤਾ ਨਾਨਕੀ ਅਤੇ ਮਾਤਾ ਗੁਜਰੀ ਡੋਲਿਆਂ ਵਿਚ ਬੈਠੇ ਸਨ।

ਜਗਤੇ ਸੇਠ ਦੇ ਕਰਿੰਦਿਆਂ ਨੇ ਇਥੇ ਰਹਿਣ ਦਾ ਪ੍ਰਬੰਧ ਕੀਤਾ ਸੀ। ਸੰਗਤ ਵੀ ਉਸ ਸਮੇਂ ਵਾਪਿਸ ਜਾਣਾ ਨਹੀਂ ਸੀ ਚਾਹੁੰਦੀ, ਇਸ ਲਈ ਸਾਰੀ ਸੰਗਤ ਦੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ ਗਿਆ।

ਦਾਨਾਪੁਰ ਵਿਚ ਇਕ ਮਾਈ ਰਹਿੰਦੀ ਸੀ। ਇਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜਦ ਇਸ ਕਸਬੇ ਵਿਚ ਆਏ ਸਨ ਤਾਂ ਇਸ ਮਾਈ ਨੇ ਇਕ ਹਾਂਡੀ ਵਿਚ ਖਿਚੜੀ ਰਿੰਨ੍ਹ ਕੇ ਗੁਰੂ ਸਾਹਿਬ ਨੂੰ ਖੁਆਈ ਸੀ।

ਮਾਈ ਨੇ ਹਾਲੇ ਤਕ ਉਹ ਹਾਂਡੀ ਬੜੇ ਪਿਆਰ ਨਾਲ ਸਾਂਭ ਕੇ ਰੱਖੀ ਸੀ। ਜਦ ਉਸ ਮਾਈ ਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਇਥੇ ਆਏ ਹੋਏ ਹਨ ਤਾਂ ਉਹ ਮਾਈ ਗੁਰੂ ਪਰਿਵਾਰ ਨੂੰ ਆ ਮਿਲੀ।

ਹੱਥ ਜੋੜ ਕੇ ਬੇਨਤੀ ਕੀਤੀ ਕਿ ਅੱਜ ਦਾ ਲੰਗਰ ਉਨ੍ਹਾਂ ਪਾਸ ਛੱਕਣ। ਉਸਦਾ ਪ੍ਰੇਮ ਵੇਖ ਕੇ ਸਾਰੇ ਉਸਦਾ ਲੰਗਰ ਛੱਕਣਾ ਮੰਨ ਗਏ।

ਪਰ ਸਾਹਿਬਜ਼ਾਦੇ ਨੇ ਕਿਹਾ, 'ਮਾਤਾ ਜੀ! ਬਾਕੀ ਸਭ ਦਾਲ ਰੋਟੀ ਛੱਕਣਗੇ, ਪਰ ਮੈਂ ਉਸ ਹਾਂਡੀ ਵਿਚ ਰਿੰਨ੍ਹੀ ਖਿਚੜੀ ਖਾਵਾਂਗਾ, ਜਿਸ ਹਾਂਡੀ ਦੀ ਖਿਚੜੀ ਸਤਿਗੁਰੂ ਆਪ ਖਾ ਕੇ ਗਏ ਸਨ'।

ਮਾਈ ਇਹ ਸੁਣ ਕੇ ਬਹੁਤ ਖੁਸ਼ ਹੋਈ। ਉਸ ਨੇ ਸੰਗਤ ਨੂੰ ਦਾਲ ਫੁਲਕਾ ਛਕਾਇਆ ਤੇ ਗੁਰੂ ਜੀ ਵਾਸਤੇ ਖਿਚੜੀ ਤਿਆਰ ਕਰਕੇ ਲਿਆਈ।

ਅਗਲੇ ਦਿਨ ਪਟਨੇ ਵਾਲੀ ਸੰਗਤ ਇਕ ਪਿਆਰ ਵਿਛੋੜੇ ਦੀ ਸੱਲ ਲੈ ਕੇ ਵਾਪਿਸ ਚਲੇ ਗਈ ਅਤੇ ਗੁਰੂ ਪਰਿਵਾਰ ਲਖਨੌਰ ਵਲ ਚਲ ਪਿਆ।

ਮਾਈ ਜੀ ਦੀ ਹਾਂਡੀ ਕਰਕੇ ਬਾਅਦ ਵਿਚ ਜਿਹੜੀ ਸੰਗਤ ਮਾਈ ਜੀ ਦੇ ਘਰ ਜੁੜਦੀ ਸੀ ਉਸਦਾ ਨਾਂ ਹਾਂਡੀ ਸੰਗਤ ਪੈ ਗਿਆ।

ਅੱਜ ਜਿਹੜਾ ਇਥੇ ਗੁਰਦੁਆਰਾ ਹੈ, ਉਸ ਦਾ ਨਾਂ ਹਾਂਡੀ ਸਾਹਿਬ ਹੈ।

Disclaimer Privacy Policy Contact us About us